ਬੋਲੀਕਾਰ ''ਤੇ ਕੌਂਸਲਰ ਨੇ ਸਾਥੀਆਂ ਸਮੇਤ ਕੀਤਾ ਹਮਲਾ

03/14/2018 8:20:15 AM

ਸ੍ਰੀ ਮੁਕਤਸਰ ਸਾਹਿਬ (ਪਵਨ) - ਸ੍ਰੀ ਮੁਕਤਸਰ ਸਾਹਿਬ ਨਗਰ ਕੌਂਸਲ ਦੀ ਹੱਡਾ-ਰੋੜੀ ਦੀ ਬੋਲੀ ਨੂੰ ਲੈ ਕੇ ਵਿਵਾਦ ਗਰਮਾਉਂਦਾ ਜਾ ਰਿਹਾ ਹੈ। ਪਹਿਲਾਂ ਹੀ ਇਹ ਬੋਲੀ ਚਾਰ ਵਾਰ ਰੱਦ ਹੋ ਚੁੱਕੀ ਹੈ ਪਰ ਮੰਗਲਵਾਰ ਨੂੰ ਬੋਲੀ ਦੇਣ ਜਾ ਰਹੇ ਇਕ ਬੋਲੀਕਾਰ 'ਤੇ ਕੁਝ ਲੋਕਾਂ ਨੇ ਹਮਲਾ ਕਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ, ਜਿਸ ਨੂੰ ਜ਼ਿਲਾ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੋਂ ਡਾਕਟਰਾਂ ਨੇ ਨਾਜ਼ੁਕ ਹਾਲਤ ਕਰ ਕੇ ਉਸ ਨੂੰ ਫਰੀਦਕੋਟ ਦੇ ਮੈਡੀਕਲ ਹਸਪਤਾਲ ਰੈਫਰ ਦਿੱਤਾ। ਉੱਧਰ, ਪੁਲਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਫੈਕਟਰੀ ਰੋਡ ਸਥਿਤ ਬਾਬਾ ਸੰਮਨ ਦਾਸ ਬਸਤੀ ਨਿਵਾਸੀ ਮਹਿਮਾ ਸਿੰਘ (45) ਨੇ ਦੱਸਿਆ ਕਿ ਮੰਗਲਵਾਰ ਨੂੰ ਹੱਡਾ-ਰੋੜੀ ਦੀ ਬੋਲੀ ਨਗਰ ਕੌਂਸਲ ਵਿਚ ਹੋਣੀ ਸੀ। ਉਸ ਨੇ ਇਹ ਬੋਲੀ ਦੇਣੀ ਸੀ ਅਤੇ ਕਰੀਬ 4 ਦਿਨ ਪਹਿਲਾਂ ਵੀ ਰਾਕੇਸ਼ ਚੌਧਰੀ ਅਤੇ ਉਸ ਦੇ ਇਕ ਸਾਥੀ ਨੇ ਉਸ ਨੂੰ ਘਰ ਵਿਚ ਆ ਕੇ ਧਮਕੀ ਦਿੱਤੀ ਸੀ ਕਿ ਜੇਕਰ ਉਹ ਬੋਲੀ ਦੇਵੇਗਾ ਤਾਂ ਚੰਗਾ ਨਹੀਂ ਹੋਵੇਗਾ।
ਉਸ ਨੇ ਦੱਸਿਆ ਕਿ ਮੰਗਲਵਾਰ ਨੂੰ ਉਹ ਬੋਲੀ 'ਤੇ ਜਾਣ ਲਈ ਕਰੀਬ ਸਵਾ 10 ਵਜੇ ਘਰੋਂ ਨਿਕਲਿਆ ਸੀ। ਆਪਣੇ ਘਰੋਂ ਉਹ ਕੁਝ ਦੂਰੀ 'ਤੇ ਹੀ ਗਿਆ ਸੀ ਕਿ ਕੌਂਸਲਰ ਰਾਕੇਸ਼ ਚੌਧਰੀ, ਉਸ ਦਾ ਭਰਾ ਰਮੇਸ਼ ਅਤੇ ਸੰਨੀ ਸਮੇਤ 8 ਅਣਪਛਾਤੇ ਵਿਅਕਤੀਆਂ ਨੇ ਮੇਰੇ (ਮਹਿਮਾ ਸਿੰਘ) 'ਤੇ ਹਮਲਾ ਕਰ ਦਿੱਤਾ। ਇਨ੍ਹਾਂ 'ਚੋਂ ਇਕ ਦੇ ਹੱਥ 'ਚ ਕਿਰਚ ਸੀ, ਜੋ ਕਿ ਉਸ ਦੇ ਪੇਟ ਵਿਚ ਵੱਜੀ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਇਸ ਦੌਰਾਨ ਉਸ ਦੇ ਵੱਲੋਂ ਰੌਲਾ ਪਾਉਣ 'ਤੇ ਉਸ ਦੇ ਚਚੇਰੇ ਭਰਾ ਮਿੰਟੂ ਕੁਮਾਰ ਅਤੇ ਪਾਲਾ ਸਿੰਘ ਆਏ, ਜਿਸ ਤੋਂ ਬਾਅਦ ਹਮਲਾਵਾਰ ਮੌਕੇ ਤੋਂ ਭੱਜ ਗਏ। ਉਸ ਦੇ ਭਰਾਵਾਂ ਨੇ ਉਸ ਨੂੰ ਜ਼ਖ਼ਮੀ ਹਾਲਤ 'ਚ ਸਿਵਲ ਹਸਪਤਾਲ ਦਾਖਲ ਕਰਵਾਇਆ। ਸੀਨੀਅਰ ਮੈਡੀਕਲ ਅਧਿਕਾਰੀ ਡਾ. ਸੁਮਨ ਵਧਾਵਨ ਨੇ ਦੱਸਿਆ ਕਿ ਉਨ੍ਹਾਂ ਕੋਲ ਸਰਜਨ ਨਾ ਹੋਣ ਕਾਰਨ ਜ਼ਖਮੀ ਨੂੰ ਮੁੱਢਲੀ ਸਹਾਇਤਾ ਦੇਣ ਦੇ ਬਾਅਦ ਹਾਲਤ ਗੰਭੀਰ ਹੋਣ ਕਾਰਨ ਫਰੀਦਕੋਟ ਰੈਫ਼ਰ ਕਰ ਦਿੱਤਾ।
ਕੌਂਸਲ ਪ੍ਰਧਾਨ ਨਾਜਾਇਜ਼ ਪਰਚੇ 'ਚ ਫਸਾਉਣਾ ਚਾਹੁੰਦੇ ਹਨ :  ਰਾਕੇਸ਼ ਚੌਧਰੀ
ਉੱਧਰ, ਕੌਂਸਲਰ ਰਾਕੇਸ਼ ਚੌਧਰੀ ਨੇ ਇਸ ਪੂਰੇ ਮਾਮਲੇ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ ਅਤੇ ਕਿਹਾ ਕਿ ਪ੍ਰਧਾਨ ਹਰਪਾਲ ਸਿੰਘ ਬੇਦੀ ਉਨ੍ਹਾਂ ਨੂੰ ਨਾਜਾਇਜ਼ ਪਰਚੇ 'ਚ ਫਸਾਉਣਾ ਚਾਹੁੰਦੇ ਹਨ, ਜਿਸ ਕਰ ਕੇ ਅਜਿਹੀ ਚਾਲ ਚੱਲੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿਸ ਸਮੇਂ ਇਹ ਘਟਨਾ ਦੱਸੀ ਜਾ ਰਹੀ ਹੈ, ਉਹ ਤਾਂ ਆਪਣੇ ਘਰ ਵਿਚ ਹੀ ਸੀ।
ਜਦਕਿ ਪ੍ਰਧਾਨ ਹਰਪਾਲ ਸਿੰਘ ਬੇਦੀ ਦਾ ਕਹਿਣਾ ਹੈ ਕਿ ਉਸ ਦਾ ਇਸ 'ਚ ਕੀ ਲਾਭ ਹੈ। ਇਹ ਲੋਕ ਬਿਨਾਂ ਬੋਲੀ ਦਿੱਤੇ ਹੀ ਹੁਣ ਤੱਕ ਹੱਡਾ-ਰੋੜੀ ਦਾ ਲਾਭ ਲੈ ਰਹੇ ਹਨ, ਜੋ ਵੀ ਬੋਲੀ ਦੇਣ ਆਉਂਦਾ ਹੈ, ਉਸ ਨੂੰ ਧਮਕਾਇਆ ਜਾਂਦਾ ਹੈ ਜਾਂ ਬੋਲੀ ਹੋਣ ਨਹੀਂ ਦਿੱਤੀ ਜਾਂਦੀ।
ਇਸ ਸਬੰਧੀ ਸਿਟੀ ਥਾਣੇ ਦੇ ਮੁਖੀ ਤੇਜਿੰਦਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲ ਚੁੱਕੀ ਹੈ ਅਤੇ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਜਾਂਚ ਤੋਂ ਬਾਅਦ, ਜੋ ਵੀ ਮਾਮਲਾ ਸਾਹਮਣੇ ਆਵੇਗਾ, ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ।