ਜ਼ਿਲਾ ਪ੍ਰਧਾਨ ਦੇ ਘਰ ''ਤੇ ਕੀਤਾ ਹਮਲਾ, 3 ਜ਼ਖਮੀ

04/03/2018 4:52:26 AM

ਤਰਨਤਾਰਨ,  (ਰਮਨ, ਰਾਜੂ)-  ਥਾਣਾ ਸਦਰ ਦੀ ਪੁਲਸ ਨੇ ਰੰਜਿਸ਼ ਨੂੰ ਲੈ ਕੇ ਭਾਜਪਾ ਦੇ ਐੱਸ. ਸੀ. ਸੈੱਲ ਦੇ ਜ਼ਿਲਾ ਪ੍ਰਧਾਨ ਘਰ ਹੋਏ ਹਮਲੇ ਸਬੰਧੀ 6 ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਵਾਪਰੀ ਘਟਨਾ 'ਚ ਜ਼ਖਮੀ ਹੋਏ ਪਰਿਵਾਰਕ ਮੈਂਬਰਾਂ ਦੇ ਹਸਪਤਾਲ ਦਾਖਲ ਹੋਣ ਦੀ ਸੂਚਨਾ ਮਿਲਦੇ ਹੀ ਸਦਮੇ ਨਾਲ ਬਜ਼ੁਰਗ ਮਾਤਾ ਨੇ ਦਮ ਤੋੜ ਦਿੱਤਾ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ ਦੇ ਮੁਖੀ ਇੰਸਪੈਕਟਰ ਕਮਲਮੀਤ ਸਿੰਘ ਤੋਂ ਇਲਾਵਾ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਚੰਦਰ ਅਗਰਵਾਲ ਅਤੇ ਭਾਜਪਾ ਦੇ ਸੀਨੀਅਰ ਮੈਂਬਰ ਮੌਕੇ 'ਤੇ ਪੁੱਜ ਗਏ।
ਜਾਣਕਾਰੀ ਅਨੁਸਾਰ ਪਿੰਡ ਬਾਗੜੀਆਂ ਦੇ ਨਿਵਾਸੀ ਗੁਰਬਚਨ ਸਿੰਘ ਜੋ ਭਾਜਪਾ ਐੱਸ. ਸੀ. ਸੈੱਲ ਦਾ ਜ਼ਿਲਾ ਪ੍ਰਧਾਨ ਹੈ ਦੇ ਘਰ ਬੀਤੇ ਕੱਲ ਸ਼ਾਮ ਅਮਰਜੀਤ ਸਿੰਘ ਪੁੱਤਰ ਦੀਵਾਨ ਸਿੰਘ ਵਾਸੀ ਬਾਗੜੀਆਂ, ਹਰਦੀਪ ਸਿੰਘ ਪੁੱਤਰ ਜਲਵੰਤ ਸਿੰਘ, ਸੰਗਰਾਮ ਸਿੰਘ ਪੁੱਤਰ ਅਮਰਜੀਤ ਸਿੰਘ ਤਿੰਨੇ ਵਾਸੀ ਪਿੰਡ ਬਾਗੜੀਆਂ ਤੋ ਇਲਾਵਾ ਤਿੰਨ ਅਣਪਛਾਤੇ ਵਿਅਕਤੀਆਂ ਜੋ ਇਨੋਵਾ ਗੱਡੀ 'ਤੇ ਸਵਾਰ ਹੋ ਕੇ ਆਏ ਸਨ ਵੱਲੋਂ ਮਾਰੂ ਹਥਿਆਰਾਂ ਨਾਲ ਹਮਲਾ ਕਰ ਦਿੱਤਾ।
ਜਿਸ ਦੌਰਾਨ ਗੁਰਬਚਨ ਸਿੰਘ ਦੀ ਪਤਨੀ ਰਾਜ ਕੌਰ, ਉਸ ਦੀ 15 ਸਾਲਾ ਬੇਟੀ ਜਗਜੀਤ ਕੌਰ ਅਤੇ ਉਸ ਦੇ ਭਤੀਜੇ ਰਜਿੰਦਰ ਸਿੰਘ ਨੂੰ ਜ਼ਖਮੀ ਕਰ ਦਿੱਤਾ ਜੋ ਸਰਕਾਰੀ ਹਸਪਤਾਲ 'ਚ ਜ਼ੇਰੇ ਇਲਾਜ ਹਨ, ਜਦੋਂ ਗੁਰਬਚਨ ਸਿੰਘ ਦੀ ਮਾਤਾ ਮਹਿੰਦਰ ਕੌਰ (60) ਨੂੰ ਇਸ ਸਬੰਧੀ ਪਤਾ ਲੱਗਾ ਕਿ ਜ਼ਖਮੀਆਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ ਤਾਂ ਸਦਮੇ ਨਾਲ ਉਸ ਦੀ ਮੌਤ ਹੋ ਗਈ। ਗੁਰਬਚਨ ਸਿੰਘ ਨੇ ਦੋਸ਼ ਲਾਇਆ ਕਿ ਦੋਸ਼ੀਆਂ ਨਾਲ ਉਸ ਦਾ ਕੋਈ ਝਗੜਾ ਨਹੀਂ ਹੈ ਜਦ ਕਿ ਦੋਸ਼ੀ ਬਿਨਾਂ ਵਜ੍ਹਾ ਸ਼ੱਕ ਕਰਦੇ ਸਨ ਕਿ ਉਹ ਉਨ੍ਹਾਂ ਦੇ ਜ਼ਮੀਨੀ ਝਗੜੇ ਵਿਚ ਦਖਲਅੰਦਾਜ਼ੀ ਕਰਦਾ ਹੈ। ਗੁਰਬਚਨ ਸਿੰਘ ਨੇ ਦੱਸਿਆ ਕਿ ਦੋਸ਼ੀ ਝਗੜਾ ਕਰਨ ਤੋ ਬਾਅਦ ਆਪਣੀ ਇਨੋਵਾ ਗੱਡੀ ਉਥੇ ਛੱਡ ਕੇ ਫਰਾਰ ਹੋ ਗਏ ਜੋ ਥਾਣਾ ਸਦਰ ਦੀ ਪੁਲਸ ਨੇ ਆਪਣੇ ਕਬਜ਼ੇ ਵਿਚ ਲੈ ਲਈ ਹੈ। ਇਸ ਸਬੰਧੀ ਥਾਣਾ ਸਦਰ ਦੇ ਮੁਖੀ ਇੰਸਪੈਕਟਰ ਕਮਲਮੀਤ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਨੂੰ ਵੀ ਝਗੜੇ ਦੌਰਾਨ ਸੱਟਾਂ ਲੱਗੀਆਂ ਹਨ ਜੋ ਸਰਕਾਰੀ ਹਸਪਤਾਲ ਵਿਚ ਜ਼ੇਰੇ ਇਲਾਜ ਹਨ।
ਉਧਰ, ਹਸਪਤਾਲ ਵਿਚ ਜ਼ੇਰੇ ਇਲਾਜ ਦੋਸ਼ੀ ਅਮਰਜੀਤ ਸਿੰਘ ਅਤੇ ਹਰਦੀਪ ਸਿੰਘ ਨੇ ਦੱਸਿਆ ਕਿ ਉਹ ਗੁਰਬਚਨ ਸਿੰਘ ਦੇ ਘਰ ਗੱਲਬਾਤ ਕਰਨ ਲਈ ਗਏ ਸਨ ਪਰ ਉਨ੍ਹਾਂ ਉੱਪਰ ਮਾਰੂ ਹਥਿਆਰਾਂ ਨਾਲ ਹਮਲਾ ਕਰ ਕੇ ਉਨ੍ਹਾਂ ਦੀ ਇਨੋਵਾ ਗੱਡੀ ਦੀ ਭੰਨ-ਤੋੜ ਕੀਤੀ। ਉਨ੍ਹਾਂ ਦੱਸਿਆ ਕਿ ਬਜ਼ੁਰਗ ਮਾਤਾ ਦੀ ਮੌਤ ਝਗੜੇ ਦੀ ਵਜ੍ਹਾ ਕਾਰਨ ਨਹੀਂ  ਬਲਕਿ ਹਾਰਟ ਅਟੈਕ ਨਾਲ ਹੋਈ ਹੈ।