''ਆਤਮਾ ਕਿਸਾਨ ਬਾਜ਼ਾਰ'' ''ਚ ਲੱਗਣ ਲੱਗੀਆਂ ਰੌਣਕਾਂ

11/13/2018 12:40:58 PM

ਲੁਧਿਆਣਾ (ਸਲੂਜਾ) : 'ਮਿਸ਼ਨ ਤੰਦਰੁਸਤ ਪੰਜਾਬ' ਅਧੀਨ ਸ਼ਹਿਰ ਲੁਧਿਆਣਾ 'ਚ ਆਤਮਾ, ਐੱਨ. ਐੱਮ. ਏ. ਈ. ਟੀ. ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਲਾਇਆ ਜਾ ਰਿਹਾ ਹਫ਼ਤਾਵਰੀ 'ਆਤਮਾ ਕਿਸਾਨ ਬਾਜ਼ਾਰ' ਲੋਕਾਂ ਵਿਚ ਦਿਨੋਂ ਦਿਨ ਪ੍ਰਵਾਨ ਚੜ੍ਹਨ ਲੱਗਾ ਹੈ। ਸਰਦੀਆਂ ਦੇ ਮੌਸਮ ਦੀ ਆਮਦ ਦੇ ਨਾਲ ਹੀ ਇਸ ਬਾਜ਼ਾਰ ਵਿਚ ਪੰਜਾਬੀਆਂ ਅਤੇ ਗੈਰ ਪੰਜਾਬੀਆਂ ਦੀ ਪਹਿਲੀ ਪਸੰਦ ਮੱਕੀ ਦੀ ਰੋਟੀ ਅਤੇ ਸਰ੍ਹੋਂ ਦਾ ਸਾਗ ਅਤੇ ਖ਼ੀਰ ਮਿਲਣ ਲੱਗੇ ਹਨ, ਜਿਸ ਨਾਲ ਇਸ ਮੇਲੇ ਵੱਲ ਲੋਕਾਂ, ਖਾਸ ਕਰ ਕੇ ਸ਼ਹਿਰੀ ਲੋਕਾਂ ਦਾ ਰੁਝਾਨ ਲਗਾਤਾਰ ਵਧਣ ਲੱਗਾ ਹੈ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਜਸਪ੍ਰੀਤ ਸਿੰਘ ਖੇੜਾ, ਪ੍ਰਾਜੈਕਟ ਡਾਇਰੈਕਟਰ (ਆਤਮਾ)-ਕਮ-ਮੈਂਬਰ ਸਕੱਤਰ (ਆਤਮਾ ਗਵਰਨਿੰਗ ਬੋਰਡ), ਲੁਧਿਆਣਾ ਨੇ ਦੱਸਿਆ ਕਿ ਹੁਣ ਇਹ ਬਾਜ਼ਾਰ ਹਰੇਕ ਐਤਵਾਰ 1 ਤੋਂ 6 ਵਜੇ ਤੱਕ ਪਹਿਲਾਂ ਵਾਲੇ ਸਥਾਨ ਮੁੱਖ ਖੇਤੀਬਾੜੀ ਦਫ਼ਤਰ, ਸਾਹਮਣੇ ਰਘੂਨਾਥ ਹਸਪਤਾਲ, ਫਿਰੋਜ਼ਪੁਰ ਸੜਕ, ਲੁਧਿਆਣਾ ਵਿਖੇ ਲੱਗਣਾ ਸ਼ੁਰੂ ਹੋ ਗਿਆ ਹੈ।  ਲਾਏ ਗਏ ਬਾਜ਼ਾਰ ਵਿਚ ਗਲੋਬਲ ਸੈੱਲਫ ਹੈੱਲਪ ਗਰੁੱਪ ਦੀ ਪ੍ਰਧਾਨ ਬੀਬੀ ਗੁਰਦੇਵ ਕੌਰ ਦਿਓਲ ਵਲੋਂ ਪਰੋਸੀ ਗਈ ਮੱਕੀ ਦੀ ਰੋਟੀ, ਸਰ੍ਹੋਂ ਦੇ ਸਾਗ, ਮੱਖਣ ਅਤੇ ਚਾਟੀ ਦੀ ਲੱਸੀ ਦੇ ਸਵਾਦ ਦਾ ਸੁਆਦ ਚੱਖਣ ਲਈ ਕਈ ਅਹਿਮ ਸ਼ਖਸੀਅਤਾਂ ਨੇ ਆ ਕੇ ਸੈੱਲਫ ਹੈੱਲਪ ਗਰੁੱਪ ਦੇ ਇਸ ਉੱਦਮ ਦੀ ਪ੍ਰਸ਼ੰਸਾ ਕੀਤੀ, ਉਥੇ ਨਾਲ ਹੀ ਸੈਲਫ ਹੈਲਪ ਗਰੁੱਪਾਂ ਵਲੋਂ ਤਿਆਰ ਕੀਤੀਆਂ ਗਈਆਂ ਵਸਤੂਆਂ ਦੀ ਵੀ ਪ੍ਰਸ਼ੰਸਾ ਕੀਤੀ ਗਈ।

Babita

This news is Content Editor Babita