ਪੰਜਾਬ, ਹਰਿਆਣਾ ਤੇ ਹਿਮਾਚਲ ''ਚ 3 ਏ. ਟੀ. ਐੱਮ. ਲੁੱਟਣ ਵਾਲੇ 2 ਗੈਂਗਸਟਰ ਗ੍ਰਿਫਤਾਰ

11/11/2017 12:14:43 AM

ਕਪੂਰਥਲਾ  (ਭੂਸ਼ਣ) - ਪੰਜਾਬ ਤੇ ਹਿਮਾਚਲ 'ਚ ਏ. ਟੀ. ਐੱਮ. ਲੁੱਟਣ ਦੀਆਂ 23 ਵਾਰਦਾਤਾਂ ਨੂੰ ਅੰਜਾਮ ਦੇ ਕੇ ਕਰੀਬ 82 ਲੱਖ ਰੁਪਏ ਦੀ ਰਕਮ ਲੁੱਟਣ ਵਾਲੇ ਗ੍ਰਿਫਤਾਰ ਪੰਜਾਂ ਮੁਲਜ਼ਮਾਂ ਦੇ ਇਲਾਵਾ ਅੱਜ 2 ਵੱਡੇ ਗੈਂਗਸਟਰਾਂ ਨੂੰ ਗ੍ਰਿਫਤਾਰ ਕਰਕੇ ਕਪੂਰਥਲਾ ਪੁਲਸ ਨੇ ਸੂਬੇ ਦੇ ਨਾਲ-ਨਾਲ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ 'ਚ ਏ. ਟੀ. ਐੱਮ. ਲੁੱਟਣ ਦੀਆਂ 3 ਹੋਰ ਵਾਰਦਾਤਾਂ ਦਾ ਖੁਲਾਸਾ ਕੀਤਾ ਹੈ, ਜਿਸ 'ਚ ਜਵਾਲਾ ਜੀ (ਹਿਮਾਚਲ ਪ੍ਰਦੇਸ਼) ਦੇ ਏ. ਟੀ. ਐੱਮ. ਤੋਂ 32 ਲੱਖ, ਪਠਾਨਕੋਟ ਟੋਲ ਪਲਾਜ਼ਾ ਦੇ ਨਜਦੀਕ ਏ. ਟੀ. ਐੱਮ. ਤੋਂ 5 ਲੱਖ ਤੇ ਹਰਿਆਣਾ ਦੇ ਅੰਬਾਲਾ ਨਜ਼ਦੀਕ ਲਖਨਪਾਲ ਬੈਰੀਅਰ ਏ. ਟੀ. ਐੱਮ. ਤੋਂ ਸਵਾ 3 ਲੱਖ ਰੁਪਏ ਦੀ ਨਕਦੀ ਲੁੱਟੀ। ਗ੍ਰਿਫਤਾਰ ਦੋਵਾਂ ਮੁਲਜ਼ਮਾਂ ਤੋਂ ਪੁੱਛਗਿਛ ਦੇ ਦੌਰਾਨ ਕਈ ਸਨਸਨੀਖੇਜ਼ ਖੁਲਾਸੇ ਹੋਣ ਦੀ ਸੰਭਾਵਨਾ ਹੈ।
 ਇਸ ਸਬੰਧੀ ਜ਼ਿਲਾ ਪੁਲਸ ਲਾਈਨ 'ਚ ਬੁਲਾਏ ਪੱਤਰਕਾਰ ਸੰੰਮੇਲਨ ਨੂੰ ਸੰਬੋਧਨ ਕਰਦੇ ਹੋਏ ਐੱਸ. ਐੱਸ. ਪੀ. ਸੰਦੀਪ ਸ਼ਰਮਾ ਨੇ ਦੱਸਿਆ ਕਿ 6 ਅਕਤੂਬਰ ਦੀ ਦੇਰ ਰਾਤ ਪਿੰਡ ਭਵਾਨੀਪੁਰ 'ਚ ਏ. ਟੀ. ਐੱਮ. ਤੋੜਨ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਨੂੰ ਲੈ ਕੇ ਥਾਣਾ ਫੱਤੂਢੀਂਗਾ ਦੀ ਪੁਲਸ ਨੇ ਮਾਮਲਾ ਦਰਜ ਕਰਕੇ ਉਕਤ ਪੂਰੇ ਮਾਮਲੇ ਨੂੰ ਹੱਲ ਕਰਦੇ ਹੋਏ 5 ਲੁਟੇਰਿਆਂ ਚਰਨਜੀਤ ਸਿੰਘ ਉਰਫ ਨੰਦੂ ਪੁੱਤਰ ਅਜੀਤ ਸਿੰਘ ਨਿਵਾਸੀ ਮੱਖੂ, ਦਲਜੀਤ ਸਿੰਘ ਉਰਫ ਸੋਨੂ ਪੁੱਤਰ ਸੁਖਦੇਵ ਸਿੰਘ ਉਰਫ ਬਾਡੀ ਨਿਵਾਸੀ ਪਿੰਡ ਹਰੀਕੇ ਪੱਤਣ ਜ਼ਿਲਾ ਤਰਨਤਾਰਨ, ਬਲਵਿੰਦਰ ਸਿੰਘ ਉਰਫ ਬਿੰਦਾ ਪੁੱਤਰ ਬਲਬੀਰ ਸਿੰਘ ਵਾਸੀ ਹਰੀਕੇ ਜ਼ਿਲਾ ਤਰਨਤਾਰਨ, ਸੂਰਜ ਸਿੰਘ ਉਰਫ ਬਲਵਿੰਦਰ ਸਿੰਘ ਵਾਸੀ ਪਿੰਡ ਚੁਕੀਆਂ ਥਾਣਾ ਮੱਖੂ ਜ਼ਿਲਾ ਫਿਰੋਜ਼ਪੁਰ ਅਤੇ ਦਿਲਬਾਗ ਸਿੰਘ ਉਰਫ ਬਾਗਾ ਪੁੱਤਰ ਗੁਰਮੇਜ ਸਿੰਘ ਵਾਸੀ ਹਰੀਕੇ ਜ਼ਿਲਾ ਤਰਨਤਾਰਨ ਨੂੰ ਕਾਬੂ ਕਰਕੇ ਕੁੱਲ 23 ਵਾਰਦਾਤਾਂ ਦਾ ਖੁਲਾਸਾ ਕਰਦੇ ਹੋਏ 82 ਲੱਖ ਰੁਪਏ ਦੀ ਰਕਮ ਲੁੱਟਣ ਦੀਆਂ ਵਾਰਦਾਤਾਂ ਨੂੰ ਹੱਲ ਕਰਨ 'ਚ ਕਾਮਯਾਬੀ ਹਾਸਲ ਕੀਤੀ ਸੀ।
 ਇਨ੍ਹਾਂ ਮਾਮਲਿਆਂ 'ਚ ਫੜੇ ਗਏ ਮੁਲਜ਼ਮਾਂ ਨੇ ਪੁਲਸ ਰਿਮਾਂਡ ਦੇ ਦੌਰਾਨ ਅੰਮ੍ਰਿਤਸਰ ਵਾਸੀ 2 ਗੈਂਗਸਟਰਾਂ ਜਗਤ ਨਰਾਇਣ ਉਰਫ ਕਾਕਾ ਪੁੱਤਰ ਮੋਤੀ ਲਾਲ ਨਿਵਾਸੀ ਬਾਜ਼ਾਰ ਹੰਸਲੀਵਾਲੀ ਗਲੀ ਅੰਮ੍ਰਿਤਸਰ ਅਤੇ ਮਨਪ੍ਰੀਤ ਸਿੰਘ ਉਰਫ ਲੱਕੀ ਪੁੱਤਰ ਸ਼ਾਮ ਲਾਲ ਨਿਵਾਸੀ ਚੌਕ ਬਾਬਾ ਸਾਹਿਬ ਸਿੰਘ ਹਵੇਲੀ ਕਾਹਨ ਸਿੰਘ ਅੰਮ੍ਰਿਤਸਰ ਦੇ ਨਾਵਾਂ ਦਾ ਖੁਲਾਸਾ ਕੀਤਾ ਸੀ।  ਜਾਂਚ ਦੇ ਬਾਅਦ ਦੋਵਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਲਈ ਵੱਖ-ਵੱਖ ਪੁਲਸ ਟੀਮਾਂ ਦਾ ਗਠਨ ਕੀਤਾ ਗਿਆ ਸੀ, ਇਸ ਦੌਰਾਨ ਬੀਤੀ ਰਾਤ ਥਾਣਾ ਫੱਤੂਢੀਂਗਾ ਦੇ ਐੱਸ. ਐੱਚ. ਓ. ਇੰਸਪੈਕਟਰ ਪਰਮਿੰਦਰ ਸਿੰਘ ਬਾਜਵਾ ਨੂੰ ਸੂਚਨਾ ਮਿਲੀ ਕਿ ਦੋਵੇਂ ਗੈਂਗਸਟਰ ਜਗਤ ਨਰਾਇਣ ਉਰਫ ਕਾਕਾ ਅਤੇ ਮਨਪ੍ਰੀਤ ਸਿੰਘ ਉਰਫ ਲੱਕੀ ਇਸ ਸਮੇਂ ਕਪੂਰਥਲਾ ਤਰਨਤਾਰਨ ਸੀਮਾ ਤੇ ਬਿਆਸ ਨਦੀ ਦੇ ਪੁਲ ਦੇ ਕੋਲੋਂ ਨਿਕਲ ਰਹੇ ਹਨ। ਜਿਸ 'ਤੇ ਫੱਤੂਢੀਂਗਾ ਪੁਲਸ ਨੇ ਨਾਕਾਬੰਦੀ ਕਰਕੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ।   ਪੁੱਛਗਿਛ ਦੌਰਾਨ ਦੋਵੇਂ ਗੈਂਗਸਟਰਾਂ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਪਿਛਲੇ ਦਿਨੀਂ ਅੰਬਾਲਾ ਦੇ ਨਜਦੀਕ ਲਖਨਪਾਲ ਬੈਰੀਅਰ,ਪਠਾਨਕੋਟ ਟੋਲ ਪਲਾਜਾ ਦੇ ਨਜਦੀਕ ਤੇ ਜਵਾਲਾ ਜੀ ਏ.ਟੀ.ਐੱਮ. ਤੋੜਨ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਕੇ ਲੱਖਾਂ ਰੁਪਏ ਦੀ ਨਕਦੀ ਲੁੱਟੀ ਸੀ।
ਐੱਸ. ਐੱਸ. ਪੀ. ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਨੂੰ ਅਦਾਲਤ ਨੇ 13 ਨਵੰਬਰ ਤੱਕ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਹੈ। ਗ੍ਰਿਫਤਾਰ ਮੁਲਜ਼ਮਾਂ ਤੋਂ ਪੁੱਛਗਿਛ ਜਾਰੀ ਹੈ।  ਇਸ ਪੱਤਰਕਾਰ ਸੰੰਮੇਲਨ 'ਚ ਡੀ. ਐੱਸ. ਪੀ. ਸੁਲਤਾਨਪੁਰ ਲੋਧੀ ਵਰਿਆਮ ਸਿੰਘ ਤੇ ਐੱਸ. ਐੱਚ. ਓ. ਫੱਤੂਢੀਂਗਾ ਇੰਸਪੈਕਟਰ ਪਰਮਿੰਦਰ ਸਿੰਘ ਬਾਜਵਾ ਵੀ ਮੌਜੂਦ ਸਨ ।