ਨਹੀਂ ਰੁਕ ਰਹੀਆਂ ਏ. ਟੀ. ਐੱਮ. ਫਰਾਡ ਦੀਆਂ ਵਾਰਦਾਤਾਂ

02/22/2018 10:34:43 AM

ਲੁਧਿਆਣਾ (ਪੰਕਜ) : ਏ. ਟੀ. ਐੱਮ. ਕਾਰਡ ਬਦਲ ਕੇ ਜਾਂ ਧੋਖੇ ਨਾਲ ਉਸ ਦਾ ਕਲੋਨ ਤਿਆਰ ਕਰ ਕੇ ਨੌਸਰਬਾਜ਼ਾਂ ਵਲੋਂ ਲੋਕਾਂ ਦੇ ਖੂਨ-ਪਸੀਨੇ ਦੀ ਕਮਾਈ ਕਢਵਾਉਣ ਦੀਆਂ ਘਟਨਾਵਾਂ ਰੁਕਦੀਆਂ ਦਿਖਾਈ ਨਹੀਂ ਦਿੰਦੀਆਂ। ਤਾਜ਼ਾ 2 ਮਾਮਲਿਆਂ 'ਚ ਸ਼ਾਤਿਰਾਂ ਵਲੋਂ ਵੱਖ-ਵੱਖ ਸਮਿਆਂ 'ਤੇ 75 ਹਜ਼ਾਰ ਦੀ ਨਕਦੀ ਕਢਵਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਮਾਡਲ ਟਾਊਨ ਨਿਵਾਸੀ ਸਤਿੰਦਰਪਾਲ ਸਿੰਘ ਪੁੱਤਰ ਮਨੋਹਰ ਲਾਲ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਇਕ ਕੰਪਨੀ 'ਚ ਕੰਮ ਕਰਦਾ ਹੈ। ਉਸ ਦਾ ਪੀ. ਐੱਨ. ਬੀ. (ਬਿਲਗਾ) ਜਲੰਧਰ 'ਚ ਖਾਤਾ ਹੈ। 31 ਜੁਲਾਈ 2017 ਨੂੰ ਉਸ ਦੇ ਡੈਬਿਟ ਕਾਰਡ ਤੋਂ ਕਿਸੇ ਨੇ 25 ਹਜ਼ਾਰ ਦੀ ਨਕਦੀ ਕੱਢਵਾ ਲਈ। ਉਧਰ ਦੂਜੇ ਮਾਮਲੇ 'ਚ ਅਵਨੀਤ ਕੌਰ ਪੁੱਤਰੀ ਮਨਵਿੰਦਰ ਸਿੰਘ ਦੇ ਫਿਲੌਰ ਸਥਿਤ ਪੀ. ਐੱਨ. ਬੀ. ਖਾਤੇ 'ਚੋਂ ਦੋਸ਼ੀ ਵਲੋਂ 15 ਹਜ਼ਾਰ, 10 ਹਜ਼ਾਰ, 15 ਹਜ਼ਾਰ ਅਤੇ ਫਿਰ ਤੋਂ 10 ਹਜ਼ਾਰ ਦੀ ਰਕਮ ਕਢਵਾਈ ਗਈ। ਮਾਡਲ ਟਾਊਨ ਪੁਲਸ ਨੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 
ਜਾਗਰੂਕ ਰਹਿਣ ਲੋਕ 
ਦਰਅਸਲ, ਨੌਸਰਬਾਜ਼ ਦੋ ਤਰੀਕਿਆਂ ਨਾਲ ਉਪਭੋਗਤਾ ਦੇ ਖਾਤੇ ਤੋਂ ਨਕਦੀ ਕੱਢ ਕੇ ਠੱਗੀ ਮਾਰ ਸਕਦੇ ਹਨ। ਪਹਿਲਾਂ ਉਹ ਏ. ਟੀ. ਐੱਮ. 'ਤੇ ਧੋਖੇ ਨਾਲ ਕਾਰਡ ਬਦਲ ਲੈਂਦੇ ਹਨ ਅਤੇ ਦੂਜਾ ਜਦ ਉਹ ਆਪਣੇ-ਆਪਣੇ ਕਾਰਡ ਤੋਂ ਕਿਸੇ ਇਸ ਤਰ੍ਹਾਂ ਦੀ ਜਗ੍ਹਾ ਭੁਗਤਾਨ ਕਰਦੇ ਹਨ, ਜਿੱਥੇ ਕਾਰਡ ਸਵੈਪ ਕਰਨ ਵਾਲਾ ਬਹਾਨਾ ਬਣਾ ਕੇ ਕਾਰਡ ਚੰਦ ਪਲਾਂ ਲਈ ਅੱਖਾਂ ਤੋਂ ਦੂਰ ਲੈ ਕੇ ਜਾਂਦਾ ਹੈ, ਜਿਸ ਦੇ ਲਈ ਉਹ ਮਸ਼ੀਨ ਖਰਾਬ ਹੋਣ ਦਾ ਬਹਾਨਾ ਜ਼ਿਆਦਾ ਬਣਾਉਂਦਾ ਹੈ। ਜਿਵੇਂ ਹੀ ਉਪਭੋਗਤਾ ਦੀ ਨਜ਼ਰ ਹੱਟਦੀ ਹੈ, ਉਹ ਕਾਰਡ ਨੂੰ ਇਸ ਤਰ੍ਹਾਂ ਦੀ ਮਸ਼ੀਨ 'ਚ ਸਵੈਪ ਕਰਦੇ ਹਨ, ਜਿਸ ਨਾਲ ਕਾਰਡ ਦਾ ਕਲੋਨ ਆਸਾਨੀ ਨਾਲ ਤਿਆਰ ਹੋ ਜਾਵੇ।