ਅੰਮ੍ਰਿਤਸਰ ''ਚ ਹੁਣ ਤਕ ਦੀ ਸਭ ਤੋਂ ਹਾਈਟੈੱਕ ਚੋਰੀ, ਚੱਕਰਾਂ ''ਚ ਪਈ ਪੁਲਸ

08/12/2019 7:22:42 PM

ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ ਵਿਚ ਏ. ਟੀ. ਐੱਮ. ਲੁੱਟ ਦੀ ਇਕ ਵਾਰਦਾਤ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ।  ਦਰਅਸਲ ਇਸ ਲੁੱਟ ਵਿਚ ਨਾ ਤਾਂ ਏ. ਟੀ. ਐੱਮ. ਕਾਰਡ ਦੀ ਵਰਤੋਂ ਕੀਤੀ ਗਈ ਅਤੇ ਨਾ ਹੀ ਏ. ਟੀ. ਐੱਮ. ਨੂੰ ਤੋੜਿਆ ਗਿਆ। ਸਗੋਂ ਇਹ ਸਭ ਕੀਤੇ ਬਿਨਾਂ ਏ. ਟੀ. ਐੱਮ. ਨੂੰ ਸਕਿਓਰਿਟੀ ਕੋਡ ਰਾਹੀਂ ਖੋਲ੍ਹ ਕੇ ਬੜੇ ਆਰਾਮ ਨਾਲ ਉਸ ਵਿਚੋਂ 9 ਲੱਖ, 39 ਹਜ਼ਾਰ, 200 ਰੁਪਏ ਕੱਢ ਲਏ ਗਏ। ਏ. ਟੀ. ਐੱਮ. ਪੰਜਾਬ ਐਂਡ ਸਿੰਧ ਬੈਂਕ ਦਾ ਸੀ। ਦਰਅਸਲ ਹਰ ਏ. ਟੀ. ਐੱਮ. ਦਾ ਇਕ ਕੋਡ ਹੁੰਦਾ ਹੈ, ਜੋ ਸਿਰਫ ਇਸ ਵਿਚ ਪੈਸਾ ਪਾਉਣ ਵਾਲਿਆਂ ਕੋਲ ਹੁੰਦਾ ਹੈ, ਯਾਨੀ ਕਿ ਉਸ ਏ. ਟੀ. ਐੱਮ. ਕੋਡ ਨੂੰ ਹੈਕ ਕਰਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਹੁਣ ਇਹ ਸਭ ਕੁਝ ਕਿਵੇਂ ਹੋਇਆ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਬੈਂਕ ਮੈਨੇਜਰ ਪਵਨ ਕੁਮਾਰ ਨੇ ਕਿਹਾ ਲੁਟੇਰਿਆਂ ਕੋਲ ਪਾਸ ਕੋਡ ਸੀ ਜਿਸ ਦੇ ਚੱਲਦੇ ਉਨ੍ਹਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਵਾਰਦਾਤ ਦਾ ਪਤਾ ਉਦੋਂ ਲੱਗਾ ਜਦੋਂ ਸਫਾਈ ਕਰਮਚਾਰੀ ਸਫਾਈ ਕਰਨ ਆਇਆ ਤਾਂ ਉਸ ਨੇ ਏ. ਟੀ. ਐੱਮ. ਖੁੱਲ੍ਹਾ ਦੇਖ ਕੇ ਬੈਂਕ ਨੂੰ ਸੂਚਿਤ ਕੀਤਾ। 

ਮਾਮਲਾ ਬਹੁਤ ਗੰਭੀਰ ਹੈ ਕਿਉਂਕਿ ਜੇਕਰ ਏ. ਟੀ. ਐੱਮ. ਕੋਡ ਹੈਕ ਹੋ ਸਕਦਾ ਹੈ ਤਾਂ ਏ. ਟੀ ਐੱਮ. ਵਿਚ ਪੈਸੇ ਰੱਖਣਾ ਬੈਂਕਾਂ ਲਈ ਮੁਸ਼ਕਿਲ ਹੋ ਜਾਵੇਗਾ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਸ ਮੌਕੇ 'ਤੇ ਪਹੁੰਚ ਗਈ ਪਰ ਖੁਦ 'ਚ ਇਸ ਹਾਈਟੈਕ ਚੋਰੀ ਦੀ ਵਾਰਦਾਤ ਵਿਚ ਉਲਝ ਕੇ ਰਹਿ ਗਈ। ਪੁਲਸ ਸੀ. ਸੀ. ਟੀ. ਵੀ. ਖੰਗਾਲਨ ਦਾ ਕੰਮ ਕਰ ਰਹੀ ਹੈ ਪਰ ਸ਼ਾਤਿਰ ਚੋਰਾਂ ਨੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਸੀ. ਸੀ. ਟੀ. ਵੀ. ਵੀ ਬੰਦ ਕਰ ਦਿੱਤੇ। ਇਸ ਹਾਈਟੈੱਕ ਚੋਰੀ ਨੇ ਬੈਂਕ ਤੇ ਪੁਲਸ ਦੀ ਨੀਂਦ ਉਡਾ ਦਿੱਤੀ ਹੈ ਤੇ ਸ਼ਹਿਰ ਵਿਚ ਇਸ ਵਾਰਦਾਤ ਨਾਲ ਹਾਹਾਕਾਰ ਮਚ ਗਈ ਹੈ।

Gurminder Singh

This news is Content Editor Gurminder Singh