ਆਟਾ-ਦਾਲ ਸਕੀਮ ਦਾ ਲਾਭ ਲੈਣ ਵਾਲਿਆਂ ਦੀ ਹੋਵੇਗੀ ਰੀ-ਵੈਰੀਫਿਕੇਸ਼ਨ, ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਨੂੰ ਮਿਲੇਗਾ ਸਕੀਮ ਦਾ ਲਾਭ

06/24/2017 12:00:35 PM

ਜਲੰਧਰ (ਪੁਨੀਤ)— ਆਟਾ-ਦਾਲ ਸਕੀਮ ਦਾ ਲਾਭ ਲੈਣ ਵਾਲਿਆਂ ਦੀ ਰੀ-ਵੈਰੀਫਿਕੇਸ਼ਨ ਦੇ ਹੁਕਮ ਸਰਕਾਰ ਨੇ ਦਿੱਤੇ ਹਨ, ਜਿਸ ਦੇ ਲਈ ਫੂਡ ਤੇ ਸਿਵਲ ਸਪਲਾਈ ਵਿਭਾਗ ਵਲੋਂ ਸੂਬੇ ਦੇ ਡਿਪਟੀ ਕਮਿਸ਼ਨਰਾਂ ਨੂੰ ਚਿੱਠੀ ਨੰਬਰ ਖ-ਵ (666)-2017/1530 ਮਿਤੀ 21 ਜੂਨ ਰਾਹੀਂ ਰੀ-ਵੈਰੀਫਿਕੇਸ਼ਨ ਕਰਨ ਲਈ ਕਿਹਾ ਗਿਆ ਹੈ। ਫੂਡ ਤੇ ਸਿਵਲ ਸਪਲਾਈ ਵਿਭਾਗ ਦੇ ਡਾਇਰੈਕਟਰ ਵਲੋਂ ਜਾਰੀ ਕੀਤੀ ਗਈ ਚਿੱਠੀ ਵਿਚ ਕਿਹਾ ਗਿਆ ਹੈ ਕਿ ਨੈਸ਼ਨਲ ਫੂਡ ਸਕਿਓਰਿਟੀ ਐਕਟ 2013/ਨਵੀਂ ਆਟਾ-ਦਾਲ ਸਕੀਮ ਦੇ ਤਹਿਤ ਮੌਜੂਦਾ ਸਮੇਂ ਲਾਭ ਲੈ ਰਹੇ ਪਰਿਵਾਰਾਂ ਦੀਆਂ ਸੂਚੀਆਂ ਵਿਭਾਗ ਦੀਆਂ ਵੈੱਬਸਾਈਟ 'ਤੇ ਮੁਹੱਈਆ ਹਨ, ਜਿਨ੍ਹਾਂ ਦੀ ਰੀ-ਵੈਰੀਫਿਕੇਸ਼ਨ ਕਰਕੇ ਵਿਭਾਗ ਨੂੰ ਭੇਜੀਆਂ ਜਾਣਗੀਆਂ। ਇਸਦੇ ਇਲਾਵਾ ਇਸ ਯੋਜਨਾ ਲਈ ਯੋਗ ਹੋਰ ਪਰਿਵਾਰਾਂ ਦਾ ਰਿਕਾਰਡ ਵੀ ਤਿਆਰ ਕਰਕੇ ਵਿਭਾਗ ਨੂੰ ਭੇਜਿਆ ਜਾਵੇ ਤਾਂ ਕਿ ਇਸਦਾ ਲਾਭ ਲੋੜਵੰਦਾਂ ਨੂੰ ਆਸਾਨੀ ਨਾਲ ਮਿਲ ਸਕੇ।
ਇਸ ਵਿਚ ਦੱਸਿਆ ਕਿ ਵਿਭਾਗ ਵਲੋਂ ਛਪਵਾਏ ਜਾ ਰਹੇ ਫਾਰਮ ਰਾਹੀਂ ਉਕਤ ਵੈਰੀਫਿਕੇਸ਼ਨ ਕੀਤੀ ਜਾਵੇ। ਇਸ ਚਿੱਠੀ ਵਿਚ ਦੱਸਿਆ ਗਿਆ ਹੈ ਕਿ ਵਿਭਾਗ ਵਲੋਂ 2 ਮਈ ਨੂੰ ਜਾਰੀ ਕੀਤੀ ਗਈ ਚਿੱਠੀ ਵਾਲੀਆਂ ਸਾਰੀਆਂ ਹਦਾਇਤਾਂ ਨੂੰ ਰੱਦ ਕੀਤਾ ਜਾਂਦਾ ਹੈ। ਅਧਿਕਾਰੀਆਂ ਨੂੰ ਭੇਜੀ ਗਈ ਚਿੱਠੀ ਵਿਚ ਕਿਹਾ ਗਿਆ ਹੈ ਕਿ ਅਪ੍ਰੈਲ ਤੋਂ ਸਤੰਬਰ 2017 ਤੱਕ ਦੀ ਕਣਕ ਦੀ ਵੰਡ ਸੰਬੰਧੀ ਵੈੱਬਸਾਈਟ 'ਤੇ ਮੁਹੱਈਆ ਸੂਚੀਆਂ ਨੂੰ ਵੈਰੀਫਿਕੇਸ਼ਨ ਲਈ ਆਧਾਰ ਮੰਨਿਆ ਜਾਵੇ। ਇਸ ਵਿਚ ਇਹ ਵੀ ਕਿਹਾ ਗਿਆ ਕਿਸਾਨਾਂ ਤੇ ਜ਼ਮੀਨਹੀਣੇ ਪਰਿਵਾਰਾਂ ਨੂੰ ਜਾਂ ਤੰਗੀ ਕਾਰਨ ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਬਿਨਾਂ ਸ਼ਰਤ ਇਸ ਸਕੀਮ ਦਾ ਲਾਭ ਮਿਲੇਗਾ। ਇਹੀ ਹੀ ਨਹੀਂ, ਇਸ ਸਕੀਮ ਦੇ ਤਹਿਤ ਚੁਣੇ ਜਾਣ ਵਾਲੇ ਪਰਿਵਾਰਾਂ ਦੀਆਂ ਸੂਚੀਆਂ ਨੂੰ ਪਿੰਡ/ਵਾਰਡ ਵਿਚ ਜਨਤਕ ਥਾਂ 'ਤੇ ਲਗਾਇਆ ਜਾਵੇ ਤੇ ਇਸ ਸੰਬੰਧ ਵਿਚ ਲੋਕਾਂ ਕੋਲੋਂ ਇਤਰਾਜ਼ ਵੀ ਲਏ ਜਾਣ।