ਪਿਸਤੌਲ ਦੀ ਨੋਕ ''ਤੇ ਇੰਸ਼ੋਰੈਂਸ ਕੰਪਨੀ ਦੇ ਮੈਨੇਜਰ ਕੋਲੋਂ 25 ਹਜ਼ਾਰ ਖੋਹੇ

10/17/2017 12:48:40 AM

ਬਟਾਲਾ,   (ਬੇਰੀ, ਸੈਂਡੀ)- ਅੱਜ ਦਿਨ-ਦਿਹਾੜੇ ਬਟਾਲਾ ਨੇੜੇ ਮੜੀਆਂਵਾਲ ਬਾਈਪਾਸ ਵਿਖੇ ਪਿਸਤੌਲ ਦੀ ਨੋਕ 'ਤੇ 25 ਹਜ਼ਾਰ ਰੁਪਏ ਲੁਟੇਰਿਆਂ ਵੱਲੋਂ ਮੈਨੇਜਰ ਕੋਲੋਂ ਖੋਹ ਕੇ ਫਰਾਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਇਸ ਸੰਬੰਧ 'ਚ ਜਾਣਕਾਰੀ ਦਿੰਦਿਆਂ ਲੁੱਟ ਦਾ ਸ਼ਿਕਾਰ ਹੋਏ ਬਜਾਜ ਐਲਾਂਇੰਜ਼ ਇੰਸ਼ੋਰੈਂਸ ਕੰਪਨੀ ਬਟਾਲਾ ਦੇ ਮੈਨੇਜਰ ਸੁਮੇਸ਼ ਵਿਗ ਪੁੱਤਰ ਸਤੀਸ਼ ਵਿਗ ਵਾਸੀ ਅਰਬਨ ਅਸਟੇਟ ਬਟਾਲਾ ਆਪਣੇ ਮੋਟਰਸਾਈਕਲ ਨੰ. ਪੀ. ਬੀ.-18 ਟੀ-0957 'ਤੇ ਸਵਾਰ ਹੋ ਕੇ ਅੰਮ੍ਰਿਤਸਰ ਤੋਂ ਬਟਾਲਾ ਆ ਰਿਹਾ ਸੀ। ਜਦੋਂ ਬਟਾਲਾ ਸਥਿਤ ਬੋਦੇ ਦੀ ਖੂਹੀ ( ਨੇੜੇ ਮੜੀਆਂਵਾਲ ਬਾਈਪਾਸ) ਕੋਲ ਪਹੁੰਚਿਆ ਤਾਂ ਪਿਛੋਂ ਆਏ ਤਿੰਨ ਅਣਪਛਾਤੇ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਉਸਦੇ ਮੋਟਰਸਾਈਕਲ ਨੂੰ ਟੱਕਰ ਮਾਰ ਕੇ ਉਸਨੂੰ ਸੁੱਟ ਦਿੱਤਾ ਤੇ ਪਹਿਲਾਂ ਉਸ ਨਾਲ ਧੱਕਾ ਮੁੱਕੀ ਕੀਤੀ ਅਤੇ ਬਾਅਦ ਵਿਚ ਪਿਸਤੌਲ ਦੀ ਨੋਕ 'ਤੇ ਉਸ ਕੋਲੋਂ 25 ਹਜ਼ਾਰ ਰੁਪਏ ਦੀ ਨਕਦੀ ਖੋਹ ਲਈ ਅਤੇ ਫਰਾਰ ਹੋ ਗਏ। ਮੈਨੇਜਰ ਨੇ ਅੱਗੇ ਦੱਸਿਆ ਕਿ ਇਸ ਸੰਬੰਧ 'ਚ ਥਾਣਾ ਸਿਵਲ ਲਾਈਨ ਦੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। 
ਘਟਨਾ ਦੀ ਸੂਚਨਾ ਮਿਲਦੇ ਹੀ ਡੀ. ਐੱਸ. ਪੀ. ਸਿਟੀ ਸੁੱਚਾ ਸਿੰਘ, ਏ. ਐੱਸ. ਆਈ. ਸੁਖਜਿੰਦਰ ਸਿੰਘ ਅਤੇ ਏ. ਐੱਸ. ਆਈ. ਗੁਰਮੀਤ ਸਿੰਘ ਨੇ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈਣ ਉਪਰੰਤ ਥਾਣਾ ਸਿਵਲ ਲਾਈਨ 'ਚ ਅਣਪਛਾਤੇ ਲੁਟੇਰਿਆਂ ਦੇ ਵਿਰੁੱਧ ਕੇਸ ਦਰਜ ਕਰ ਦਿੱਤਾ ਗਿਆ ਹੈ।