ਵਿਧਾਨ ਸਭਾ ਚੋਣਾਂ ''ਚ ''ਆਪ'' ਦੀਆਂ ਮਹਿਲਾ ਵਰਕਰਾਂ ਦਾ ਹੋਇਆ ਸੀ ਸ਼ੋਸ਼ਣ : ਸੁਖਪਾਲ ਖਹਿਰਾ

09/13/2018 2:13:19 PM

ਤਲਵੰਡੀ ਸਾਬੋ (ਮੁਨੀਸ਼)— ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਅਹੁਦੇ ਤੋਂ ਹਟਾਏ ਗਏ ਆਮ ਆਦਮੀ ਪਾਰਟੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਬੀਤੇ ਦਿਨਾਂ ਤੋਂ ਆਰੰਭੀਆਂ ਵਰਕਰ ਕਨਵੈਨਸ਼ਨਾਂ ਦੀ ਲੜੀ 'ਚ ਬੁੱਧਵਾਰ ਨੂੰ ਤਲਵੰਡੀ ਸਾਬੋ ਵਿਖੇ ਵਰਕਰ ਕਨਵੈਨਸ਼ਨ ਕੀਤੀ। ਕਨਵੈਨਸ਼ਨ 'ਚ ਖਹਿਰਾ ਨੇ ਆਪਣੀ ਹੀ ਪਾਰਟੀ ਦੇ ਆਗੂਆਂ ਤੇ ਜ਼ੋਰਦਾਰ ਹੱਲੇ ਬੋਲਦਿਆਂ ਲੋਕਾਂ ਨੂੰ ਪੰਜਾਬ ਦੇ ਹਿੱਤਾਂ ਲਈ ਉਨ੍ਹਾਂ ਦਾ ਸਾਥ ਦੇਣ ਦੀ ਅਪੀਲ ਕੀਤੀ।

ਸੁਖਪਾਲ ਸਿੰਘ ਖਹਿਰਾ ਨੇ ਦੋਸ਼ ਲਾਏ ਕਿ ਵਿਧਾਨ ਸਭਾ ਚੋਣਾਂ ਮੌਕੇ 'ਆਪ' ਆਗੂਆਂ ਵਲੋਂ ਔਰਤਾਂ ਤੱਕ ਦਾ ਸ਼ੋਸ਼ਣ ਕੀਤਾ ਗਿਆ ਸੀ ਤੇ ਉਹ ਮਾਮਲੇ ਹੁਣ ਸਾਡੇ ਸਾਹਮਣੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ 'ਆਪ' ਵਲੋਂ ਅਪਣਾਏ ਸਵਰਾਜ ਦੇ ਸੰਵਿਧਾਨ ਦੇ ਮਗਰ ਲੱਗ ਕੇ ਪਾਰਟੀ ਨੂੰ ਸੱਤਾ ਦੇਣ ਦਾ ਮਨ ਬਣਾ ਚੁੱਕੇ ਸਨ ਤੇ ਜਨਵਰੀ 2016 ਤੱਕ 'ਆਪ' ਨੂੰ ਵਿਧਾਨ ਸਭਾ ਦੀਆਂ 100 ਸੀਟਾਂ ਆ ਰਹੀਆਂ ਸਨ ਪਰ ਬਾਅਦ 'ਚ ਪਾਰਟੀ ਦੇ ਦਿੱਲੀ ਅਤੇ ਪੰਜਾਬ ਦੇ ਕੁਝ ਆਗੂਆਂ ਦੀਆਂ ਗਲਤੀਆਂ ਕਾਰਨ ਅਤੇ ਖਾਸ ਕਰਕੇ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਨਾ ਐਲਾਨਣ ਕਾਰਨ ਹਾਰ ਦਾ ਮੂੰਹ ਦੇਖਣਾ ਪਿਆ।

ਖਹਿਰਾ ਨੇ ਕਿਹਾ ਕਿ ਉਨ੍ਹਾਂ ਨੇ ਪਹਿਲੀ ਪਾਰਟੀ ਦੇਖੀ ਜਿਸ ਨੇ ਅੱਜ ਤੱਕ ਹਾਰ ਦੇ ਕਾਰਨਾਂ ਬਾਰੇ ਜਾਨਣ ਲਈ ਵੀ ਕਦੇ ਮੀਟਿੰਗ ਬੁਲਾਉਣੀ ਜ਼ਰੂਰੀ ਨਹੀਂ ਸਮਝੀ। ਇਸ ਮੌਕੇ ਤਲਵੰਡੀ ਸਾਬੋ ਦੇ ਵਰਕਰਾਂ ਨੇ ਖਹਿਰਾ ਅਤੇ ਪੁੱਜੇ ਵਿਧਾਇਕਾਂ ਨੂੰ ਸਿਰੋਪਾਓ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਦੀ ਤਸਵੀਰ ਦੇ ਕੇ ਸਨਮਾਨਿਤ ਵੀ ਕੀਤਾ।