ਹਵਾ ਭਰਨ ਦੇ ਦਸ ਰੁਪਏ ਮੰਗਣ ’ਤੇ ਹੋਇਆ ਖੂਨ-ਖਰਾਬਾ, ਤੇਜ਼ਧਾਰ ਹਥਿਆਰਾਂ ਨਾਲ ਵੱਢਿਆ

07/22/2023 5:23:21 PM

ਪਾਤੜਾਂ (ਸੁਖਦੀਪ ਸਿੰਘ ਮਾਨ) : ਸਥਾਨਕ ਸ਼ਹਿਰ ਵਿਚ ਉਸ ਸਮੇਂ ਡਰ ਦਾ ਮਾਹੌਲ ਬਣ ਗਿਆ ਜਦੋਂ ਸਵੇਰੇ-ਸਵੇਰੇ ਦੁਕਾਨਦਾਰ ਵੱਲੋਂ ਟਾਇਰ ਵਿਚ ਹਵਾ ਭਰ ਕੇ ਪੈਸੇ ਮੰਗਣ ਕਾਰਨ ਗੁੱਸੇ ਵਿਚ ਆਏ ਨੌਜਵਾਨ ਨੇ ਆਪਣੇ ਹੋਰ ਸਾਥੀਆਂ ਨੂੰ ਬੁਲਾ ਕੇ ਦੁਕਾਨਦਾਰ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਗੰਭੀਰ ਜ਼ਖਮੀ ਕਰ ਦਿੱਤਾ। ਵਾਰਦਾਤ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ। ਇੱਥੇ ਹਸਪਤਾਲ ਵਿਚ ਜੇਰੇ ਇਲਾਜ ਵਰਮਾ ਟਾਇਰ ਵਰਕਸ ਦੇ ਮਾਲਕ ਜਸਵਿੰਦਰ ਸਿੰਘ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਉਸ ਨੇ ਸਵੇਰੇ ਦੁਕਾਨ ਖੋਲ੍ਹੀ ਹੀ ਸੀ ਕਿ ਇਕ ਵਿਅਕਤੀ ਮੋਟਰਸਾਇਕਲ ਦੇ ਟਾਇਰ ਦੀ ਹਵਾ ਭਰਵਾਉਣ ਲਈ ਆਇਆ। ਉਸ ਕੋਲੋਂ ਹਵਾ ਪਾਉਣ ਪਿੱਛੋਂ ਜਦੋਂ ਦਕੁਾਂਨ ’ਤੇ ਰੱਖੇ ਵਰਕਰ ਨੇ ਪੈਸਿਆਂ ਦੀ ਮੰਗ ਕੀਤੀ ਤਾਂ ਉਕਤ ਵਿਅਕਤੀ ਪੈਸੇ ਦੇਣ ਤੋਂ ਟਾਲ-ਮਟੋਲ ਕਰਨ ਲੱਗ ਪਿਆ। ਉਸਨੂੰ ਦੱਸਿਆ ਗਿਆ ਕਿ ਸਵੇਰ ਦਾ ਟਾਈਮ ਹੈ, ਇਸ ਲਈ ਪੈਸੇ ਦੇ ਦਿਉ ਪਰ ਉਸ ਵੱਲੋਂ ਇਨਕਾਰ ਕਰਨ ’ਤੇ ਥੋੜ੍ਹੀ ਬਹਿਸਬਾਜ਼ੀ ਹੋ ਗਈ।

ਇਸ ਉਪਰੰਤ ਉਸਨੇ ਪੈਸੇ ਤਾਂ ਦੇ ਦਿੱਤੇ ਪਰ ਗਾਲੀ-ਗਲੋਚ ਕਰਨ ਲੱਗ ਪਿਆ, ਜਦੋਂ ਉਸ ਨੂੰ ਰੋਕਿਆ ਤਾਂ ਉਸ ਵੱਲੋਂ ਫੋਨ ਕਰਕੇ ਆਪਣੇ ਸਾਥੀ ਬੁਲਾ ਲਏ। ਕੁਝ ਸਮੇਂ ਬਾਅਦ ਆਏ ਦਰਜਨ ਦੇ ਕਰੀਬ ਉਸ ਦੇ ਸਾਥੀਆਂ ਨੇ ਤਲਵਾਰਾਂ ਨਾਲ ਲੈੱਸ ਹੋ ਕੇ ਮੇਰੇ ’ਤੇ ਹਮਲਾ ਕਰ ਦਿੱਤਾ। ਇਸ ਘਟਨਾ ਦਾ ਪਤਾ ਲੱਗਣ ’ਤੇ ਮੈਨੂ ਛੁਡਵਾਉਣ ਲਈ ਮੇਰੇ ਪਿਤਾ ਪ੍ਰਕਾਸ਼ ਸਿੰਘ, ਭਰਾ ਹਰਵਿੰਦਰ ਸਿੰਘ ਟਿੰਕੂ, ਜਸਵਿੰਦਰ ਸਿੰਘ ਸੋਨੂੰ ਅਤੇ ਸੁਖਵਿੰਦਰ ਸਿੰਘ ਰਾਜੂ ’ਤੇ ਵੀ ਤਲਵਾਰਾਂ ਦੇ ਕਈ ਵਾਰ ਕੀਤੇ ਗਏ ,ਜਿਸ ਨਾਲ ਮੈਂ ਮੇਰਾ ਪਿਤਾ ਅਤੇ ਦੋਵੇਂ ਭਰਾ ਵੀ ਗੰਭੀਰ ਰੂਪ ਵਿਚ ਜਖਮੀ ਹੋ ਗਏ।

ਸਰਕਾਰੀ ਹਸਤਾਲ ਦੇ ਐੱਸ. ਐੱਮ. ਓ ਲਵਕੇਸ਼ ਕੁਮਾਰ ਨੇ ਦੱਸਿਆ ਕਿ ਲਹੂ-ਲੁਹਾਨ ਹੋਏ ਗੰਭੀਰ ਰੂਪ ਵਿਚ ਜ਼ਖਮੀ ਹਾਲਤ ਵਿਚ ਇਲਾਜ ਲਈ ਲਿਆਂਦੇ ਗਏ ਇਨ੍ਹਾਂ ਵਿਅਕਤੀਆਂ ਨੂੰ ਮੁੱਢਲੀ ਸਹਾਇਤਾ ਦੇਣ ਮਗਰੋਂ ਪਟਿਆਲਾ ਦੇ ਸਰਕਾਰੀ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ ਹੈ। ਸ਼ਹਿਰੀ ਪੁਲਸ ਚੌਕੀ ਪਾਤੜਾਂ ਦੇ ਇੰਚਾਰਜ ਬਲਜੀਤ ਸਿੰਘ ਨੇ ਦੱਸਿਆ ਕਿ ਕਥਿਤ ਹਮਲਾਵਾਰਾਂ ਵਿੱਚੋਂ ਦੋ ਦੀ ਪਛਾਣ ਹੋ ਚੁੱਕੀ ਹੈ। ਪਤਾ ਲੱਗਾ ਹੈ ਕਿ ਦੂਜੀ ਧਿਰ ਦੇ ਵੀ ਕੁੱਝ ਵਿਅਕਤੀਆਂ ਦੇ ਸੱਟਾਂ ਲੱਗੀਆਂ ਹਨ। ਪੁਲਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਵਿਚ ਲੱਗੀ ਹੈ। ਦੋਸ਼ੀ ਪਾਏ ਜਾਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।

Gurminder Singh

This news is Content Editor Gurminder Singh