ਸਿੱਧੂ ਏਸ਼ੀਅਨ ਵਿਕਾਸ ਬੈਂਕ ਦੇ ਭਾਰਤੀ ਮੁਖੀ ਯੋਕੋਆਮਾ ਨੂੰ ਮਿਲੇ

Friday, Jul 06, 2018 - 07:08 AM (IST)

ਚੰਡੀਗੜ੍ਹ (ਰਮਨਜੀਤ) - ਪੰਜਾਬ ਦੇ ਸਥਾਨਕ ਸਰਕਾਰਾਂ, ਸੱਭਿਆਚਾਰਕ ਮਾਮਲਿਆਂ ਤੇ ਸੈਰ ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਉਚ ਅਧਿਕਾਰੀਆਂ ਨਾਲ ਦੋਵੇਂ ਵਿਭਾਗਾਂ ਦੇ ਵੱਕਾਰੀ ਪ੍ਰਾਜੈਕਟਾਂ ਨੂੰ ਨੇਪਰੇ ਚਾੜ੍ਹਨ ਸਬੰਧੀ ਅੱਜ ਨਵੀਂ ਦਿੱਲੀ ਸਥਿਤ ਪੰਜਾਬ ਭਵਨ ਵਿਖੇ ਏਸ਼ੀਅਨ ਵਿਕਾਸ ਬੈਂਕ (ਏ. ਡੀ. ਬੀ.) ਦੇ ਭਾਰਤੀ ਰੈਜੀਡੈਂਟ ਮਿਸ਼ਨ ਦੇ ਕੌਮੀ ਮੁਖੀ ਕੈਨਿਚੀ ਯੋਕੋਆਮਾ ਨਾਲ ਮੁਲਾਕਾਤ ਕੀਤੀ ਗਈ। ਸਥਾਨਕ ਸਰਕਾਰਾਂ ਤੇ ਸੱਭਿਆਚਾਰ ਤੇ ਸੈਰ ਸਪਾਟਾ ਵਿਭਾਗ ਵਲੋਂ ਬਣਾਈਆਂ ਪੇਸ਼ਕਾਰੀਆਂ ਨੂੰ ਦੇਖਣ ਉਪਰੰਤ ਏ. ਡੀ. ਬੀ. ਵਲੋਂ ਪ੍ਰਾਜੈਕਟਾਂ ਲਈ ਵਿੱਤੀ ਸਹਾਇਤਾ ਦੇਣ ਦੀ ਹਾਮੀ ਭਰੀ ਗਈ। ਮੀਟਿੰਗ ਬਾਰੇ ਸਿੱਧੂ ਨੇ ਦੱਸਿਆ ਕਿ ਬੈਂਕ ਵਲੋਂ ਹਾਮੀ ਭਰਨ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵਿਕਾਸਮੁਖੀ ਸੋਚ ਅਨੁਸਾਰ ਉਲੀਕੇ ਗਏ ਪ੍ਰਾਜੈਕਟਾਂ ਨੂੰ ਅਮਲੀਜਾਮਾ ਪਹਿਨਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਅੱਜ ਦੀ ਮੀਟਿੰਗ ਦੇ ਸਾਰਥਕ ਨਤੀਜਿਆਂ ਨਾਲ ਸਥਾਨਕ ਸਰਕਾਰਾਂ ਤੇ ਸੱਭਿਆਚਾਰ ਤੇ ਸੈਰ ਸਪਾਟਾ ਵਿਭਾਗ ਦੀਆਂ ਤਮੰਨਾਵਾਂ ਨੂੰ ਨਵੀਂ ਉਡਾਣ ਮਿਲੇਗੀ। ਬੈਂਕ ਦੇ ਕੌਮੀ ਮੁਖੀ ਵਲੋਂ ਆਉਂਦੇ ਸਮੇਂ ਵਿਚ ਮੁੱਖ ਮੰਤਰੀ ਨਾਲ ਵੀ ਮੀਟਿੰਗ ਕੀਤੀ ਜਾਵੇਗੀ ਜਿਸ ਦੇ ਹੋਰ ਵੀ ਸਾਰਥਕ ਨਤੀਜੇ ਨਿਕਲਣਗੇ। ਸਿੱਧੂ ਨੇ ਦੱਸਿਆ ਕਿ ਸਮਾਰਟ ਸਿਟੀ, ਅਮਰੁਤ ਅਤੇ ਸੀਵਰੇਜ ਟਰੀਟਮੈਂਟ ਪਲਾਂਟਾਂ ਦੀ ਮੁੜ ਬਹਾਲੀ ਲਈ 5598 ਕਰੋੜ ਰੁਪਏ ਦੇ ਪ੍ਰਾਜੈਕਟਾਂ ਨੂੰ ਸਿਧਾਂਤਕ ਪ੍ਰਵਾਨਗੀ ਦੇ ਦਿੱਤੀ ਹੈ ਜਿਸ ਵਿਚ ਏਸ਼ੀਅਨ ਬੈਂਕ, ਭਾਰਤ ਸਰਕਾਰ ਤੇ ਪੰਜਾਬ ਸਰਕਾਰ ਦਾ ਮਿਲ ਕੇ ਹਿੱਸਾ ਹੋਵੇਗਾ।  ਉਨ੍ਹਾਂ ਉਕਤ ਪ੍ਰਾਜੈਕਟਾਂ ਦੇ ਵੇਰਵੇ ਦਿੰਦੇ ਦੱਸਿਆ ਕਿ ਸਮਾਰਟ ਸਿਟੀ ਦਾ ਪ੍ਰਾਜੈਕਟ 2943 ਕਰੋੜ ਰੁਪਏ ਦਾ ਹੈ, ਜਿਸ ਵਿਚ ਏ. ਡੀ. ਬੀ. ਵਲੋਂ 1606 ਕਰੋੜ ਰੁਪਏ ਅਤੇ ਭਾਰਤ ਤੇ ਪੰਜਾਬ ਸਰਕਾਰ ਦਾ ਹਿੱਸਾ 1337 ਕਰੋੜ ਰੁਪਏ ਹੋਵੇਗਾ। ਇਸ ਨਾਲ ਪੰਜਾਬ ਦੇ ਤਿੰਨ ਵੱਡੇ ਸ਼ਹਿਰਾਂ ਲੁਧਿਆਣਾ, ਅੰਮ੍ਰਿਤਸਰ ਤੇ ਜਲੰਧਰ ਦੀ ਮੁਕੰਮਲ ਕਾਇਆਕਲਪ ਕੀਤੀ ਜਾਵੇਗੀ। ਇਸੇ ਤਰ੍ਹਾਂ ਪੰਜਾਬ ਦੇ ਹੋਰਨਾਂ 16 ਸ਼ਹਿਰਾਂ ਲਈ ਅਮਰੁਤ ਪ੍ਰਾਜੈਕਟ ਤਹਿਤ 2426 ਕਰੋੜ ਰੁਪਏ ਦਾ ਪ੍ਰਾਜੈਕਟ ਉਲੀਕਿਆ ਗਿਆ ਹੈ ਜਿਸ ਵਿਚ ਏ.ਡੀ.ਬੀ. ਵਲੋਂ 1387 ਕਰੋੜ ਰੁਪਏ ਅਤੇ ਭਾਰਤ ਤੇ ਪੰਜਾਬ ਸਰਕਾਰ ਵਲੋਂ 1039 ਕਰੋੜ ਰੁਪਏ ਹਿੱਸਾ ਪਾਇਆ ਜਾਵੇਗਾ।


Related News