ਕੇਂਦਰੀ ਜੇਲ੍ਹ ’ਚ ASI ਪਹੁੰਚਾ ਰਿਹਾ ਸੀ ਕੈਦੀਆਂ ਨੂੰ ਨਸ਼ਾ: ਗ੍ਰਿਫ਼ਤਾਰ

06/16/2021 1:27:26 AM

ਪਟਿਆਲਾ(ਬਲਜਿੰਦਰ)- ਕੇਂਦਰੀ ਜੇਲ੍ਹ ਪਟਿਆਲਾ ਇਕ ਮਹੀਨੇ ’ਚ ਦੂਜੀ ਵਾਰ ਜੇਲ੍ਹ ਦਾ ਆਪਣਾ ਹੀ ਮੁਲਾਜ਼ਮ ਅੰਦਰ ਨਸ਼ਾ ਪਹੁੰਚਾਉਣ ਦਾ ਦੋਸ਼ੀ ਪਾਇਆ ਗਿਆ। ਇਸ ਵਾਰ ਏ. ਐੱਸ. ਆਈ. ਰਣਜੀਤ ਸਿੰਘ ਨੇ ਕੁਝ ਪੈਸਿਆਂ ਦੀ ਖਾਤਰ ਅੰਦਰ ਨਸ਼ੀਲਾ ਪਾਊਡਰ ਸਪਲਾਈ ਕੀਤਾ ਜਿਸ ਨੂੰ ਜੇਲ੍ਹ ਪ੍ਰਸ਼ਾਸਨ ਨੇ ਗ੍ਰਿਫ਼ਤਾਰ ਕਰ ਲਿਆ। ਇਸ ਮਾਮਲੇ ’ਚ ਥਾਣਾ ਤ੍ਰਿਪੜੀ ਦੀ ਪੁਲਸ ਨੇ ਸਹਾਇਕ ਜੇਲ੍ਹ ਸੁਪਰਡੈਂਟ ਜਗਜੀਤ ਸਿੰਘ ਦੀ ਸ਼ਿਕਾਇਤ ’ਤੇ ਹਵਾਲਾਤੀ ਸ਼ਿੰਦਾ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਚੋਰਾ ਰੋਡ ਸਨੌਰ, ਕੈਦੀ ਸੁਖਜਿੰਦਰ ਸਿੰਘ ਪੁੱਤਰ ਰਘੁਵੀਰ ਸਿੰਘ ਵਾਸੀ ਬਸਤੀ ਸੋਢੀਆ ਦਾਖਲੀ ਜਾਗੋ ਸਿੰਘ ਵਾਲਾ ਥਾਣਾ ਮਖੂ ਅਤੇ ਏ. ਐੱਸ. ਆਈ. ਰਣਜੀਤ ਸਿੰਘ ਖ਼ਿਲਾਫ਼ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕੀਤਾ ਹੈ।

ਇਹ ਵੀ ਪੜ੍ਹੋ- ਸਕੂਲਾਂ-ਕਾਲਜਾਂ ’ਚ ਟੀਕਾਕਰਨ ਦੇ ਹੁਕਮ ਜਾਰੀ, ਮਹੀਨੇ ਦੀ ਇਸ ਤਾਰੀਖ਼ ਤੋਂ ਲੱਗਣਗੇ ਟੀਕੇ
ਜੇਲ੍ਹ ਪ੍ਰਸ਼ਾਸਨ ਮੁਤਾਬਕ ਜੇਲ੍ਹ ਪ੍ਰਸ਼ਾਸਨ ਨੇ ਸ਼ਿੰਦਾ ਸਿੰਘ ਦੀ ਜਿਸਮਾਨੀ ਤਲਾਸ਼ੀ ਕਰਨ ’ਤੇ ਉਸ ਤੋਂ 5 ਗ੍ਰਾਮ ਲਿਫਾਫੇ ਦੇ ਨਸ਼ੇ ਵਾਲਾ ਪਾਊਡਰ ਬਰਾਮਦ ਹੋਇਆ। ਸ਼ਿੰਦਾ ਸਿੰਘ ਨੇ ਦੱਸਿਆ ਕਿ ਇਹ ਨਸ਼ੇ ਵਾਲਾ ਪਾਊਡਰ ਏ. ਐੱਸ. ਆਈ. ਰਣਜੀਤ ਸਿੰਘ ਜੋ ਕਿ ਸਕਿਓਰਿਟੀ ਜ਼ੋਨ ਨੰਬਰ 2 ਵਿਖੇ ਡਿਊਟੀ ’ਤੇ ਮੌਜੂਦ ਹੈ, ਤੋਂ ਲੈ ਕੇ ਆਇਆ ਹੈ। ਜਦੋਂ ਏ. ਐੱਸ. ਆਈ. ਰਣਜੀਤ ਸਿੰਘ ਨੂੰ ਹਿਰਾਸਤ ’ਚ ਲੈ ਕੇ ਜਾਂਚ ਸ਼ੁਰੂ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਰਣਜੀਤ ਸਿੰਘ ਇਹ ਪਾਊਡਰ ਸੁਖਜਿੰਦਰ ਸਿੰਘ ਦੇ ਕਹਿਣ ’ਤੇ ਲੈ ਕੇ ਆਇਆ ਹੈ।

ਇਹ ਵੀ ਪੜ੍ਹੋ- ਰਵਨੀਤ ਬਿੱਟੂ ਨੂੰ SC ਐਕਟ ਦਾ ਪਰਚਾ ਦਰਜ ਕਰ ਕੇ ਕੀਤਾ ਜਾਵੇ ਗ੍ਰਿਫਤਾਰ : ਚੁੱਘ

ਏ. ਐੱਸ. ਆਈ. ਰਣਜੀਤ ਸਿੰਘ ਨੇ ਦੱਸਿਆ ਕਿ ਜਿਸ ਤੋਂ ਉਹ ਇਹ ਪਾਊਡਰ ਲੈ ਕੇ ਆਇਆ ਹੈ, ਉਸ ਦਾ ਨੰਬਰ ਉਸ ਦੇ ਮੋਬਾਇਲ ਫੋਨ ’ਚ ਹੈ ਅਤੇ ਇਹ ਮੋਬਾਇਲ ਪੁਲਸ ਲਾਈਨ ਵਿਖੇ ਲਾਕਰ ’ਚ ਪਿਆ ਹੈ। ਜਦੋਂ ਏ. ਐੱਸ. ਆਈ. ਰਣਜੀਤ ਸਿੰਘ ਦੇ ਲਾਕਰ ਦੀ ਤਲਾਸ਼ੀ ਲਈ ਗਈ ਤਾਂ ਲਾਕਰ ’ਚੋਂ 80 ਗ੍ਰਾਮ ਭੁੱਕੀ ਬਰਾਮਦ ਹੋਈ ਅਤੇ ਮੋਬਾਇਲ ਬਰਾਮਦ ਹੋਇਆ। ਰਣਜੀਤ ਸਿੰਘ ਨੇ ਸਾਮਾਨ ਦੇਣ ਦੇ ਬਦਲੇ 3 ਹਜ਼ਾਰ ਰੁਪਏ ਲਏ ਸਨ। ਪੁਲਸ ਨੇ ਹੁਣ ਉਕਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਜਿਸ ਵਿਅਕਤੀ ਤੋਂ ਨਸ਼ੇ ਵਾਲਾ ਪਾਊਡਰ ਲੈ ਕੇ ਆਇਆ ਸੀ, ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

Bharat Thapa

This news is Content Editor Bharat Thapa