ਸੜਕ ਹਾਦਸੇ ''ਚ ਏ. ਐੱਸ. ਆਈ. ਦੀ ਮੌਤ

01/21/2020 1:24:42 AM

ਬਟਾਲਾ,(ਬੇਰੀ)- ਪਿੰਡ ਰੰਗੜ-ਨੰਗਲ ਨੇੜੇ ਇਕ ਘੜੁੱਕੇ ਦੇ ਮੋਟਰਸਾਈਕਲ ਨਾਲ ਟਕਰਾਉਣ ਨਾਲ ਪਤੀ ਦੀ ਮੌਤ ਤੇ ਪਤਨੀ ਦੇ ਜ਼ਖਮੀ ਹੋਣ ਦੀ ਖਬਰ ਹੈ। ਇਸ ਸਬੰਧੀ ਪੁਲਸ ਥਾਣਾ ਰੰਗੜ ਨੰਗਲ ਦੇ ਏ. ਐੱਸ. ਆਈ. ਸੁਖਰਾਜ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਭਾਰਤ ਭੂਸ਼ਨ ਪੁੱਤਰ ਕੇਵਲ ਕ੍ਰਿਸ਼ਨ ਵਾਸੀ ਪਿੰਡ ਵ੍ਹੀਲਾਬੱਜੂ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਪਣੀ ਪਤਨੀ ਰੀਟਾ ਰਾਣੀ ਨਾਲ ਆਪਣੇ ਪਿੰਡ ਤੋਂ ਵਾਪਸ ਬਟਾਲਾ ਵੱਲ ਆ ਰਿਹਾ ਸੀ ਜਦਕਿ ਇਸਦਾ ਲੜਕਾ  ਦੂਜੇ ਮੋਟਰਸਾਈਕਲ 'ਤੇ ਹੀ ਇਨ੍ਹਾਂ ਨਾਲ ਆ ਰਿਹਾ ਸੀ।
ਏ. ਐੱਸ. ਆਈ. ਸੁਖਰਾਜ ਸਿੰਘ ਨੇ ਦੱਸਿਆ ਕਿ ਜਦੋਂ ਉਕਤ ਪਤੀ-ਪਤਨੀ ਪਿੰਡ ਰੰਗੜ ਨੰਗਲ ਕੋਲ ਪਹੁੰਚੇ ਤਾਂ ਸਾਹਮਣਿਓ ਆ ਰਹੇ ਘੜੁੱਕੇ ਨੇ ਭਾਰਤ ਭੂਸ਼ਨ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਦੇ ਸਿੱਟੇ ਵਜੋਂ ਉਕਤ ਪਤੀ-ਪਤਨੀ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਬਟਾਲਾ ਦੇ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ। ਜਿੱਥੇ ਡਾਕਟਰਾਂ ਨੇ ਭਾਰਤ ਭੂਸ਼ਨ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਏ. ਐੱਸ. ਆਈ. ਨੇ ਦੱਸਿਆ ਕਿ ਘੜੁੱਕਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿਚ ਲੈਣ ਉਪਰੰਤ ਅਣਪਛਾਤੇ ਘੜੁੱਕਾ ਚਾਲਕ ਵਿਰੁੱਧ ਬਣਦੀਆਂ ਧਾਰਾਵਾਂ ਹੇਠ ਥਾਣਾ ਰੰਗੜ ਨੰਗਲ ਵਿਖੇ ਕੇਸ ਦਰਜ ਕਰ ਦਿੱਤਾ ਗਿਆ ਹੈ।