ਭੋਗਪੁਰ 'ਚ ਵਾਪਰਿਆ ਦਰਦਨਾਕ ਹਾਦਸਾ, ਪੁਲਸ ਮੁਲਾਜ਼ਮ ਦੀ ਮੌਕੇ 'ਤੇ ਹੀ ਮੌਤ

05/17/2021 9:51:18 AM

ਭੋਗਪੁਰ (ਸੂਰੀ, ਰਾਣਾ ਭੋਗਪੁਰੀਆ) : ਜਲੰਧਰ-ਜੰਮੂ ਕੌਮੀ ਸ਼ਾਹ ਮਾਰਗ ’ਤੇ ਸ਼ਹਿਰ ਵਿਚਲੇ ਆਦਮਪੁਰ ਟੀ-ਪੁਆਇੰਟ ਚੌਂਕ ਵਿਚ ਟਰਾਲੇ ਦੀ ਟੱਕਰ ਤੋਂ ਬਾਅਦ ਮੋਟਰਸਾਈਕਲ ਸਵਾਰ ਪੁਲਸ ਮੁਲਾਜ਼ਮ ਦੀ ਮੌਤ ਹੋ ਗਈ, ਜਦੋਂ ਕਿ ਉਸ ਦਾ ਸਾਥੀ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਹਾਦਸੇ ਵਾਲੀ ਥਾਂ ਤੋਂ ਇਕੱਤਰ ਜਾਣਕਾਰੀ ਅਨੁਸਾਰ ਜਲੰਧਰ ਵੱਲੋਂ ਇਕ ਟਰਾਲਾ ਆ ਰਿਹਾ ਸੀ, ਜਿਸ ਦੇ ਅੱਗੇ ਇਕ ਟਰਾਲੀ ਜਾ ਰਹੀ ਸੀ, ਜੋ ਕਿ ਬਿਲਡਿੰਗ ਦੇ ਸ਼ਟਰਿੰਗ ਮਟੀਰੀਅਲ ਨਾਲ ਲੱਦੀ ਹੋਈ ਸੀ।

ਇਹ ਵੀ ਪੜ੍ਹੋ : ਰਵਨੀਤ ਬਿੱਟੂ ਨੇ ਹੁਣ 'ਨਵਜੋਤ ਸਿੱਧੂ' ਖ਼ਿਲਾਫ਼ ਕਹੀ ਵੱਡੀ ਗੱਲ, ਪਹਿਲਾਂ ਕੈਪਟਨ ਨੂੰ ਦੇ ਚੁੱਕੇ ਨੇ ਨਸੀਹਤ

ਚਾਲਕ ਨੇ ਅਚਾਨਕ ਚੌਂਕ ਵਿਚ ਟਰਾਲੀ ਮੋੜਨ ਦੀ ਕੋਸ਼ਿਸ਼ ਕੀਤੀ ਤਾਂ ਤੇਜ਼ ਰਫਤਾਰ ਟਰਾਲਾ ਟਰਾਲੀ ਨੂੰ ਧੱਕਦਾ ਹੋਇਆ ਨੇੜਲੀਆਂ ਦੁਕਾਨਾਂ ਵੱਲ ਲੈ ਗਿਆ। ਹਾਦਸੇ ਵਾਲੀ ਥਾਂ ਨੇੜੇ ਇਕ ਮੋਟਰਸਾਈਕਲ ਜਲੰਧਰ ਤੋਂ ਟਾਂਡਾ ਵੱਲ ਜਾ ਰਿਹਾ ਸੀ, ਜਿਸ ’ਤੇ ਦੋ ਆਦਮੀ ਸਵਾਰ ਸਨ। ਇਹ ਮੋਟਰਸਾਈਕਲ ਵੀ ਟਰਾਲੇ ਅਤੇ ਟਰਾਲੀ ਦੀ ਲਪੇਟ ਵਿਚ ਆ ਗਿਆ ਅਤੇ ਹਾਦਸੇ ਵਾਲੀ ਥਾਂ ਨੇੜੇ ਖੜ੍ਹੀ ਪੁਲਸ ਮੁਲਾਜ਼ਮਾਂ ਦੀ ਕਾਰ ਵੀ ਬੇਕਾਬੂ ਵਾਹਨਾਂ ਦੀ ਲਪੇਟ ਵਿਚ ਆ ਗਈ। ਹਾਦਸੇ ਸਮੇਂ ਕਾਰ ਵਿਚ ਦੋ ਮੁਲਾਜ਼ਮ ਬੈਠੇ ਹੋਏ ਸਨ, ਜੋ ਕਿ ਵਾਲ-ਵਾਲ ਬਚੇ। ਮੋਟਰਸਾਈਕਲ ਚਾਲਕ, ਜੋ ਕਿ ਪੁਲਸ ਮੁਲਾਜ਼ਮ ਦੱਸਿਆ ਜਾ ਰਿਹਾ ਹੈ ਅਤੇ ਉਸ ਦਾ ਸਾਥੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਹਾਈਵੇਅ ਪੈਟਰੋਲਿੰਗ ਗੱਡੀ ਨੰਬਰ 16 ਦੇ ਮੁਲਾਜ਼ਮਾਂ ਵੱਲੋਂ ਭੋਗਪੁਰ ਦੇ ਇਕ ਨਿੱਜੀ ਹਸਪਤਾਲ ਵਿਚ ਲਿਜਾਇਆ ਗਿਆ।

ਇਹ ਵੀ ਪੜ੍ਹੋ : ਖ਼ਤਰੇ ਵੱਲ ਵੱਧ ਰਿਹਾ 'ਪੰਜਾਬ', ਸੂਬੇ 'ਚ 70 ਫ਼ੀਸਦੀ ਦੇ ਕਰੀਬ ਬੰਦ ਹੋਏ 'ਵੈਕਸੀਨ ਸੈਂਟਰ'

ਇਲਾਜ ਦੌਰਾਨ ਪੁਲਸ ਮੁਲਾਜ਼ਮ ਦੀ ਮੌਤ ਹੋ ਗਈ, ਜਦੋਂ ਕਿ ਉਸ ਦੇ ਦੂਜੇ ਸਾਥੀ ਦਾ ਇਲਾਜ ਚੱਲ ਰਿਹਾ ਹੈ। ਹਾਦਸੇ ਵਿਚ ਮਾਰਿਆ ਗਿਆ ਮੁਲਾਜ਼ਮ ਥਾਣਾ ਟਾਂਡਾ ਦੇ ਪਿੰਡ ਧੂਤ ਖੁਰਦ ਦਾ ਦੱਸਿਆ ਜਾ ਰਿਹਾ ਹੈ। ਹਾਦਸੇ ਕਾਰਨ ਟਰਾਲੀ ਵਿਚ ਲੱਦਿਆ ਸਾਮਾਨ ਸੜਕ ਵਿਚ ਖਿੱਲਰ ਗਿਆ। ਭੋਗਪੁਰ ਪੁਲਸ ਵੱਲੋਂ ਸਹਾਇਕ ਥਾਣਾ ਮੁਖੀ ਰਸ਼ਪਾਲ ਸਿੰਘ ਨੇ ਪੁਲਸ ਪਾਰਟੀ ਨਾਲ ਹਾਦਸੇ ਵਾਲੀ ਥਾਂ ’ਤੇ ਪੁੱਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਭੋਗਪੁਰ ਵਿਚ ਅੱਜ ਵਾਪਰੇ ਸੜਕ ਹਾਦਸੇ ਵਿਚ ਮਾਰੇ ਗਏ ਵਿਅਕਤੀ ਪਛਾਣ ਥਾਣੇਦਾਰ ਸੰਜੀਵ ਕੁਮਾਰ ਵਾਸੀ ਪਿੰਡ ਧੂਤ ਖੁਰਦ ਥਾਣਾ ਟਾਂਡਾ ਵਜੋਂ ਹੋਈ ਹੈ। ਪੁਲਸ ਵੱਲੋਂ ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਲੰਧਰ ਭੇਜ ਦਿੱਤਾ ਗਿਆ ਹੈ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
 

Babita

This news is Content Editor Babita