ਪੰਜਾਬ ਪੁਲਸ ਦਾ ASI ਗ੍ਰਿਫ਼ਤਾਰ, ਜਾਣੋ ਕੀ ਹੈ ਪੂਰਾ ਮਾਮਲਾ

08/03/2022 4:41:54 PM

ਫਰੀਦਕੋਟ (ਰਾਜਨ, ਜਗਤਾਰ) : ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ ਜੇਲ੍ਹਾਂ ਨੂੰ ਨਸ਼ਾ ਮੁਕਤ ਬਣਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਜਿਸ ਲਈ ਸਰਕਾਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੀਆਂ ਜੇਲ੍ਹਾਂ 'ਚ ਬੰਦ ਕੈਦੀਆਂ ਦਾ ਡੌਪ ਟੈਸਟ ਵੀ ਕਰਵਾ ਰਹੀ ਹੈ ਪਰ ਹਾਲ ਹੀ 'ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਜਿਸ ਵਿੱਚ ਪੰਜਾਬ ਪੁਲਸ ਦਾ ਏ.ਐੱਸ.ਆਈ. ਹੀ ਜੇਲ੍ਹ ਅੰਦਰ ਹਵਾਲਾਤੀਆਂ ਨੂੰ ਨਸ਼ਾ ਮੁਹੱਈਆ ਕਰਵਾ ਰਿਹਾ ਸੀ। ਦੱਸ ਦੇਈਏ ਕਿ ਸਥਾਨਕ ਮਾਡਰਨ ਜੇਲ੍ਹ ਦੇ ਕੈਦੀ ਅਤੇ ਹਵਾਲਾਤੀ ਨੂੰ ਪੇਸ਼ੀ ਭੁਗਤਾਉਣ ਉਪਰੰਤ ਸੁਲਫ਼ਾ ਫੜਾਉਣ ਵਾਲੇ ਮੋਗਾ ਜ਼ਿਲ੍ਹੇ ਦੇ ਇੱਕ ਏ.ਐੱਸ.ਆਈ ਰਾਜ ਸਿੰਘ ਨੂੰ ਪੁਲਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦਕਿ ਇਸ ਮਾਮਲੇ ਵਿੱਚ ਏ.ਐੱਸ.ਆਈ. ਸਮੇਤ 3 ’ਤੇ ਮੁਕੱਦਮਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਸੰਤ ਸੀਚੇਵਾਲ ਨੇ ਰਾਜ ਸਭਾ 'ਚ ਚੁੱਕਿਆ ਮੀਂਹ ਪ੍ਰਭਾਵਿਤ ਪਿੰਡਾਂ ਦਾ ਮੁੱਦਾ, ਸਪੀਕਰ ਨੇ ਕੀਤੀ ਸ਼ਲਾਘਾ

ਜਾਣਕਾਰੀ ਮੁਤਾਬਕ ਸਹਾਇਕ ਸੁਪਰਡੈਂਟ ਭਿਵਮ ਤੇਜ ਸਿੰਗਲਾ ਨੇ  ਥਾਣਾ ਸਿਟੀ ਪੁਲਸ ਨੂੰ ਜਾਣੂੰ ਕਰਵਾਇਆ ਸੀ ਕਿ ਜਦੋਂ ਸਹਾਇਕ ਥਾਣੇਦਾਰ ਸੁਖਦੇਵ ਸਿੰਘ ਦੀ ਅਗਵਾਈ ਹੇਠਲੀ ਪੁਲਸ ਪਾਰਟੀ ਜੇਲ੍ਹ ਦੇ ਹਵਾਲਾਤੀ ਵਿਕਰਮ ਸਿੰਘ ਉਰਫ਼ ਬਚੀ ਅਤੇ ਕੈਦੀ ਰਾਵਲ ਸਿੰਘ ਦੋਨੋਂ ਵਾਸੀ ਮੋਗਾ ਨੂੰ ਮੋਗਾ ਆਦਲਤ ਵਿੱਚ ਪੇਸ਼ੀ ਭੁਗਤਾ ਕੇ ਵਾਪਿਸ ਫ਼ਰੀਦਕੋਟ ਜੇਲ੍ਹ ਲਿਆਈ ਤਾਂ ਜੇਲ੍ਹ ਦੀ ਡਿਓੜੀ ਵਿੱਚ ਜਾਮਾਂ ਤਲਾਸ਼ੀ ਸਮੇਂ ਹਵਾਲਾਤੀ ਵਿਕਰਮ ਸਿੰਘ ਕੋਲੋਂ 50 ਗ੍ਰਾਮ ਸੁਲਫ਼ਾ ਬਰਾਮਦ ਹੋਇਆ। ਹਵਾਲਾਤੀ ਕੋਲੋਂ ਪੁੱਛਣ ’ਤੇ ਉਸਨੇ ਦੱਸਿਆ ਕਿ ਪੇਸ਼ੀ ਤੋਂ ਵਾਪਿਸੀ ਸਮੇਂ ਇਹ ਪੈਕਟ ਬੱਸ ਵਿੱਚ ਕੈਦੀ ਰਾਵਲ ਸਿੰਘ ਨੇ ਉਸਨੂੰ ਫੜਾਇਆ ਸੀ। ਸਹਾਇਕ ਸੁਪਰਡੈਂਟ ਮੁਤਾਬਕ ਜਦ ਕੈਦੀ ਰਾਵਲ ਤੋਂ ਇਸ ਸਬੰਧੀ ਪੁੱਛਗਿੱਛ ਕੀਤੀ ਤਾਂ ਉਸਨੇ ਮੰਨਿਆਂ ਕਿ ਇਹ ਨਸ਼ੀਲਾ ਪਾਊਡਰ ਉਸਦੇ ਜਾਣਕਾਰ ਤੋਂ ਫੜ੍ਹ ਕੇ ਏ.ਐੱਸ.ਆਈ ਮੋਗਾ ਰਾਜ ਸਿੰਘ ਨੰਬਰ 775 ਨੇ ਉਸਨੂੰ ਫੜਾਇਆ ਸੀ। ਇਸਦੀ ਪੁਸ਼ਟੀ ਕਰਦਿਆਂ ਡੀ.ਐੱਸ.ਪੀ ਜਸਮੀਤ ਸਿੰਘ ਨੇ ਦੱਸਿਆ ਕਿ ਏ.ਐੱਸ.ਆਈ ਰਾਜ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਵਧੇਰੇ ਪੁੱਛਗਿੱਛ ਕਰਨ ਲਈ ਇਸਦਾ ਪੁਲਸ ਰਿਮਾਂਡ ਲਿਆ ਜਾਵੇਗਾ।

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 

Simran Bhutto

This news is Content Editor Simran Bhutto