ਪੰਜਾਬ ਪੁਲਸ ਦੀ ਵੱਡੀ ਕਾਰਵਾਈ, ਡਿਊਟੀ 'ਚ ਕੋਤਾਹੀ ਵਰਤਣ 'ਤੇ ASI ਤੇ ਹੌਲਦਾਰ ਸਸਪੈਂਡ

02/11/2023 9:17:09 PM

ਮੁੱਲਾਂਪੁਰ ਦਾਖ਼ਾ (ਕਾਲੀਆ) : ਥਾਣਾ ਦਾਖਾ ਦੇ ਏ.ਐੱਸ.ਆਈ. ਚਮਨ ਲਾਲ ਅਤੇ ਹੌਲਦਾਰ ਜਸਵਿੰਦਰ ਸਿੰਘ ਨੂੰ ਡਿਊਟੀ 'ਚ ਕੋਤਾਹੀ ਵਰਤਣ 'ਤੇ ਐੱਸ.ਐੱਸ.ਪੀ. ਹਰਜੀਤ ਸਿੰਘ ਨੇ ਸਸਪੈਂਡ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਏ.ਐੱਸ.ਆਈ. ਚਮਨ ਲਾਲ ਅਤੇ ਹੌਲਦਾਰ ਜਸਵਿੰਦਰ ਸਿੰਘ ਦੀ ਡਿਊਟੀ ਬੱਦੋਵਾਲ ਵਿਖੇ ਨਾਕੇ 'ਤੇ ਲਗਾਈ ਗਈ ਸੀ। ਡੀ.ਐੱਸ.ਪੀ. ਜਸਵਿੰਦਰ ਸਿੰਘ ਖਹਿਰਾ ਵੱਲੋਂ ਅੱਧੀ ਰਾਤੀਂ ਕੀਤੀ ਚੈਕਿੰਗ ਦੌਰਾਨ ਇਹ ਦੋਵੇਂ ਮੁਲਾਜ਼ਮ ਡਿਊਟੀ ਤੋਂ ਗੈਰ ਹਾਜ਼ਰ ਸਨ, ਜਿੰਨਾਂ ਦੀ ਰਿਪੋਰਟ ਉਨ੍ਹਾਂ ਐੱਸ.ਐੱਸ.ਪੀ. ਹਰਜੀਤ ਸਿੰਘ ਕੋਲ ਕੀਤੀ ਤਾਂ ਐੱਸ.ਐੱਸ.ਪੀ. ਨੇ ਸਖਤ ਐਕਸ਼ਨ ਲੈਂਦਿਆਂ ਥਾਣੇਦਾਰ ਚਮਨ ਲਾਲ ਅਤੇ ਹੌਲਦਾਰ ਜਜਸਵਿੰਦਰ ਸਿੰਘ ਨੂੰ ਨੌਕਰੀ ਤੋਂ ਸਸਪੈਂਡ ਕਰ ਦਿੱਤਾ।

ਇਹ ਵੀ ਪੜ੍ਹੋ : ਹਿਮਾਚਲ ਪ੍ਰਦੇਸ਼ ਤੋਂ ਹੈਰੋਇਨ ਲਿਆ ਕੇ ਵੇਚਦੇ ਸਨ ਪਤੀ-ਪਤਨੀ , ਡਰਗ ਮਨੀ ਸਣੇ ਚੜ੍ਹੇ ਪੁਲਸ ਅੜਿੱਕੇ

ਇੱਥੇ ਦੱਸਣਯੋਗ ਹੈ ਕਿ ਐੱਸ.ਐੱਸ.ਪੀ. ਦਿਹਾਤੀ ਵੱਲੋਂ ਲਾਅ ਐਂਡ ਆਰਡਰ ਬਰਕਰਾਰ ਰੱਖਣ ਲਈ ਵਿਸ਼ੇਸ਼ ਨਾਕੇਬੰਦੀ ਕਰਵਾਈ ਜਾ ਰਹੀ ਹੈ ਤਾਂ ਜੋ ਸਮਾਜ ਵਿਰੋਧੀ ਅਨਸਰਾਂ ਉਪਰ ਬਾਜ਼ ਅੱਖ ਰੱਖ ਕੇ ਅਮਨ ਸ਼ਾਂਤੀ ਬਹਾਲ ਰੱਖੀ ਜਾ ਸਕੇ। ਇਸੇ ਮਕਸਦ ਨੂੰ ਲੈ ਕੇ ਡੀ.ਐੱਸ.ਪੀ. ਖਹਿਰਾ ਵੱਲੋਂ ਅਚਨਚੇਤ ਅੱਧੀ ਰਾਤ ਨੂੰ ਨਾਕਿਆਂ ਨੂੰ ਚੈੱਕ ਕੀਤਾ ਜਾਂਦਾ ਹੈ ਤਾਂ ਜੋ ਪੁਲਸ ਮੁਲਾਜ਼ਮ ਆਪਣੀ ਡਿਊਟੀ ਜ਼ਿੰਮੇਵਾਰੀ ਨਾਲ ਨਿਭਾਉਣ। ਇਸੇ ਸੰਦਰਭ ਵਿਚ ਥਾਣਾ ਦਾਖ਼ਾ ਦੇ ਦੋ ਮੁਲਾਜ਼ਮ ਡਿਊਟੀ 'ਚ ਕੁਤਾਹੀ ਕਰਨ ਦੇ ਦੋਸ਼ 'ਚ ਸਸਪੈਂਡ ਹੋ ਗਏ।

ਇਸ ਮੌਕੇ ਐੱਸ.ਐੱਸ.ਪੀ. ਹਰਜੀਤ ਸਿੰਘ ਅਤੇ ਡੀ.ਐੱਸ.ਪੀ. ਖਹਿਰਾ ਨੇ ਦੱਸਿਆ ਕਿ ਪੁਲਸ ਪ੍ਰਸ਼ਾਸਨ ਹਮੇਸ਼ਾ ਜਨਤਾ ਦੀ 24 ਘੰਟੇ ਸੇਵਾ ਕਰਦਾ ਆ ਰਿਹਾ ਹੈ ਤਾਂ ਜੋ ਆਪਸੀ ਭਾਈਚਾਰਕ ਸਾਂਝ, ਸਦਭਾਵਨਾ ਅਤੇ ਅਮਨ ਸ਼ਾਂਤੀ ਬਰਕਰਾਰ ਰਹੇ । ਉਨ੍ਹਾਂ ਕਿਹਾ ਕਿ ਡਿਊਟੀ 'ਚ ਕੁਤਾਹੀ ਵਰਤਣ ਵਾਲੇ ਕਿਸੇ ਵੀ ਮੁਲਾਜ਼ਮ ਨੂੰ ਬਖ਼ਸ਼ਿਆ ਨਹੀਂ ਜਾਵੇਗਾ । ਇਸ ਲਈ ਪੁਲਸ ਮੁਲਾਜ਼ਮ ਇਮਾਨਦਾਰੀ ਅਤੇ ਤਨਦੇਹੀ ਨਾਲ ਡਿਊਟੀ ਦੇਣ ਤਾਂ ਜੋ ਜਨਤਾ 'ਚ ਬਣਿਆ ਪੁਲਸ ਦਾ ਸਤਿਕਾਰ ਅਤੇ ਵਿਸ਼ਵਾਸ਼ ਹਮੇਸ਼ਾ ਬਰਕਰਾਰ ਰਹੇ।

Mandeep Singh

This news is Content Editor Mandeep Singh