ਸਦਰ ਥਾਣਾ ਜਲਾਲਾਬਾਦ ਦੀ ਪੁਲਸ ਇਕ ਵਾਰ ਫਿਰ ਵਿਵਾਦਾਂ ਦੇ ਘੇਰੇ 'ਚ, ASI 'ਤੇ ਲੱਗੇ ਰਿਸ਼ਵਤ ਮੰਗਣ ਦੇ ਦੋਸ਼

02/27/2018 4:13:44 PM

ਮੰਡੀ ਲਾਧੂਕਾ (ਸੰਧੂ) - ਸਦਰ ਥਾਣਾ ਜਲਾਲਾਬਾਦ ਦੀ ਪੁਲਸ ਆਏ ਦਿਨ ਹੀ ਇਲਾਜ਼ਾਮਾਂ 'ਚ ਘਿਰੀ ਨਜ਼ਰ ਆਉਂਦੀ ਹੈ। ਇਕ ਅਜਿਹਾ ਹੀ ਮਾਮਲਾ ਪਿੰਡ ਪ੍ਰਭਾਤ ਸਿੰਘ ਵਾਲਾ ਦਾ ਸਾਹਮਣੇ ਆਇਆ ਹੈ, ਜਿਸ 'ਚ ਜ਼ਮੀਨ ਦੇ ਤਿੰਨ ਹਿੱਸੇਦਾਰ ਹਨ ਪਰ ਇਕ ਹਿੱਸੇਦਾਰ ਦੂਸਰੇ ਦੋ ਹਿੱਸੇਦਾਰਾਂ ਦੀ ਸਹਿਮਤੀ ਤੋਂ ਬਿਨ੍ਹਾਂ ਹੀ ਜ਼ਮੀਨ 'ਚ ਖੜ੍ਹੇ ਸਾਂਝੇ ਸਫੈਦਿਆਂ ਨੂੰ ਕੱਟ ਰਿਹਾ ਹੈ ਅਤੇ ਧਮਕੀਆਂ ਦੇ ਰਿਹਾ ਹੈ ਕਿ ਜੋ ਵੀ ਸਾਨੂੰ ਰੋਕਣ ਆਇਆ ਉਸਨੂੰ ਜਾਨੋਂ ਮਾਰ ਦਿਆਂਗੇ। 
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰੀਤੋ ਬਾਈ ਪੁੱਤਰੀ ਮੰਗੂ ਸਿੰਘ ਪਤਨੀ ਮੱਲ ਸਿੰਘ ਨੇ ਦੱਸਿਆ ਕਿ ਪਿੰਡ ਪ੍ਰਭਾਤ ਸਿੰਘ ਵਾਲਾ 'ਚ ਉਸਦੇ ਪਿਤਾ ਦੀ ਜ਼ਮੀਨ ਹੈ ਜਿਸ ਦੀ ਮੌਤ ਤੋਂ ਬਾਅਦ ਅਸੀਂ 3 ਕਨੂੰਨੀ ਵਾਰਸ ਹਾਂ ਅਤੇ ਕਾਨੂੰਨੀ ਤੌਰ 'ਤੇ ਇਸ ਜ਼ਮੀਨ 'ਚ ਖੜ੍ਹੇ ਸਫੈਦਿਆ ਦੇ ਵੀ 3 ਮਾਲਕ ਹਾਂ ਪਰ ਸ਼ਿੰਗਾਰਾ ਸਿੰਘ ਜੋਕਿ ਸਾਡੀ ਸਹਿਮਤੀ ਤੋਂ ਬਿਨ੍ਹਾਂ ਹੀ ਸਾਡੇ ਸਫੈਦੇ ਕੱਟ ਕੇ ਵੇਚ ਰਿਹਾ ਹੈ, ਜਦੋਂ ਅਸੀਂ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਸਾਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ। ਇਸ ਤੋਂ ਬਾਅਦ ਅਸੀਂ ਥਾਣਾ ਸਦਰ ਜਲਾਲਾਬਾਦ 'ਚ ਮਿਤੀ 24 ਫ਼ਰਵਰੀ ਨੂੰ ਇਕ ਦਰਖ਼ਾਸਤ ਦਿੱਤੀ ਸੀ, ਜਿਸਦੀ ਪੜਤਾਲ ਸਹਾਇਕ ਥਾਣੇਦਾਰ ਲਾਲਜੀਤ ਸਿੰਘ ਨੂੰ ਸੌਂਪ ਦਿੱਤੀ ਗਈ ਪਰ ਉਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਜਦੋਂ ਅਸੀਂ ਕਾਰਵਾਈ ਸਬੰਧੀ ਉਸ ਨੂੰ ਮਿਲੇ ਤਾਂ ਉਸਨੇ ਉਲਟਾ ਸਾਨੂੰ ਹੀ ਗਲਤ ਦੱਸਿਆ ਪਰ ਅਸੀਂ ਕਿਹਾ ਕਿ ਮਾਮਲੇ ਦੀ ਪੜਤਾਲ ਕੀਤੀ ਜਾਵੇ ਉਸ ਤੋਂ ਬਾਅਦ ਜੋ ਬਣਦੀ ਕਾਰਵਾਈ ਹੋਈ ਉਹ ਕਰ ਦੇਣਾ ਤਾਂ ਉਸਨੇ ਮੇਰੇ ਪਾਸੋਂ 10 ਹਜ਼ਾਰ ਰੁਪਏ ਦੀ ਮੰਗ ਕੀਤੀ ਕਿ ਜੇਕਰ ਕਾਰਵਾਈ ਕਰਵਾਉਣੀ ਹੈ ਤਾਂ ਫੀਸ ਲੱਗੇਗੀ ਪਰ ਮੈਂ ਉਸਨੂੰ ਦੱਸਿਆ ਕਿ ਮੈਂ ਗਰੀਬ ਔਰਤ ਹਾਂ ਅਤੇ ਮੈਂ ਇੰਨੇ ਪੈਸੇ ਨਹੀ ਦੇ ਸਕਦੀ। ਉਸਨੇ ਇਨੀ ਗੱਲ ਸੁਣਦਿਆ ਹੀ ਮੇਰੇ ਨਾਲ ਦੁਰਵਿਵਹਾਰ ਕੀਤਾ ਅਤੇ ਕਾਰਵਾਈ ਕਰਨ ਤੋਂ ਸਾਫ਼ ਨਾਂਹ ਕਰ ਦਿੱਤੀ। ਇਸਦੇ ਸੰਬੰਧ 'ਚ ਅਸੀਂ ਥਾਣਾ ਮੁਖੀ ਨੂੰ ਵੀ ਮਿਲੇ ਪਰ ਉਸਨੇ ਵੀ ਸਾਡੀ ਕੋਈ ਗੱਲ ਨਾ ਸੁਣੀ, ਜਦੋਂ ਇਸ ਸਬੰਧੀ ਸਹਾਇਕ ਥਾਣੇਦਾਰ ਲਾਲਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਸਨੇ ਆਪਣੇ ਤੇ ਲੱਗੇ ਦੋਸ਼ਾ ਨੂੰ ਨਕਾਰਿਦਿਆਂ ਕਿਹਾ ਕਿ ਮੈਂ ਕੋਈ ਪੈਸੇ ਨਹੀਂ ਮੰਗੇ। ਮੈ ਉਨ੍ਹਾਂ ਨੂੰ ਬੁਲਾਇਆ ਸੀ ਕਿ ਰਿਕਾਰਡ ਲੈ ਕੇ ਆਓ ਪਰ ਉਹ ਨਹੀਂ ਆਏ। ਜਦੋਂ ਥਾਣਾ ਮੁਖੀ ਪ੍ਰੇਮ ਨਾਥ ਨਾਲ ਸਪੰਰਕ ਕੀਤਾ ਅਤੇ ਉਨ੍ਹਾਂ ਨੂੰ ਦੱਸਿਆ ਕਿ ਸਹਾਇਕ ਥਾਣੇਦਾਰ ਲਾਲਜੀਤ ਸਿੰਘ ਵੱਲੋਂ ਰਿਸ਼ਵਤ ਮੰਗਣ ਦੇ ਦੋਸ਼ ਲੱਗੇ ਹਨ ਤਾਂ ਥਾਣਾ ਮੁਖੀ ਨੇ ਕੋਈ ਪੁਖਤਾ ਜਵਾਬ ਨਹੀਂ ਦਿੱਤਾ।