ਟੋਲ ਪਲਾਜ਼ਾ ''ਤੇ ਕਿਸਾਨਾਂ ਨੇ ਫਿਰ ਘੇਰਿਆ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਕਾਫ਼ਲਾ

11/04/2020 5:15:07 PM

ਗੜ੍ਹਦੀਵਾਲਾ (ਜਤਿੰਦਰ) : ਅੱਜ ਟੋਲ ਪਲਾਜ਼ਾ ਮਾਨਗੜ੍ਹ ਵਿਖੇ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਉਸ ਸਮੇਂ ਕਿਸਾਨਾਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ, ਜਦੋਂ ਉਹ ਪਠਾਨਕੋਟ ਤੋਂ ਆਪਣੇ ਕਾਫਲੇ ਸਮੇਤ ਹੁਸ਼ਿਆਰਪੁਰ ਨੂੰ ਜਾ ਰਹੇ ਸਨ। ਇਸ ਦੌਰਾਨ ਟੋਲ ਪਲਾਜ਼ਾ ਮਾਨਗੜ੍ਹ ਵਿਖੇ ਉਨ੍ਹਾਂ ਦਾ ਕਾਫਲਾ ਪਹੁੰਚਣ ਦੇ ਮੌਕੇ 'ਤੇ ਕਿਸਾਨ ਆਗੂ ਗੁਰਪ੍ਰੀਤ ਸਿੰਘ ਹੀਰਾਹਾਰ, ਮਨਜੀਤ ਸਿੰਘ ਮੱਲੇਵਾਲ੍ਹ ਅਤੇ ਅਵਤਾਰ ਸਿੰਘ ਮਾਨਗੜ੍ਹ ਦੀ ਅਗਵਾਈ ਹੇਠ ਕਿਸਾਨਾਂ ਵਲੋਂ ਹੱਥਾਂ ਵਿਚ ਕਾਲੀਆਂ ਝੰਡੀਆਂ ਫੜ ਕੇ ਕੇਂਦਰ ਸਰਕਾਰ ਅਤੇ ਭਾਜਪਾ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ।

ਇਹ ਵੀ ਪੜ੍ਹੋ :  ਕਿਸਾਨੀ ਮਸਲੇ 'ਤੇ ਕੈਪਟਨ ਦੀ 'ਸੱਜੀ ਤੇ ਖੱਬੀ' ਬਾਂਹ ਬਣੇ ਢੀਂਡਸਾ ਤੇ ਖਹਿਰਾ (ਤਸਵੀਰਾਂ)

ਇਸ ਮੌਕੇ ਗੜ੍ਹਦੀਵਾਲਾ ਥਾਣਾ ਗੜ੍ਹਦੀਵਾਲਾ ਦੇ ਐੱਸ. ਐੱਚ. ਓ. ਬਲਵਿੰਦਰ ਪਾਲ ਅਤੇ ਐਡੀਸ਼ਨਲ ਐੱਸ. ਐੱਚ. ਓ. ਪਰਵਿੰਦਰ ਸਿੰਘ ਧੂਤ ਵਲੋਂ ਪੁਲਸ ਫੋਰਸ ਸਮੇਤ ਮੌਕੇ ਦੀ ਨਿਜ਼ਾਕਤ ਨੂੰ ਸਮਝਦਿਆਂ ਬੜੀ ਸੂਝ-ਬੂਝ ਨਾਲ ਅਸ਼ਵਨੀ ਸ਼ਰਮਾ ਦੇ ਕਾਫਲੇ ਨੂੰ ਲੰਘਾਉਣ ਲਈ ਸਥਿਤੀ ਨੂੰ ਸੰਭਾਲਿਆ ਗਿਆ। ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਮੋਦੀ ਸਰਕਾਰ ਵਲੋਂ ਖੇਤੀ ਸਬੰਧੀ ਬਣਾਏ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦੀ ਬਜਾਏ ਕਿਸਾਨਾਂ ਨੂੰ ਦਬਾਉਣ ਦੀ ਨੀਤੀ ਅਪਣਾਈ ਜਾ ਰਹੀ ਹੈ, ਜਿਸ ਕਾਰਨ ਕਿਸਾਨਾਂ ਅੰਦਰ ਕੇਂਦਰ ਸਰਕਾਰ ਖਿਲਾਫ਼ ਦਿਨੋਂ-ਦਿਨ ਰੋਹ ਵੱਧਦਾ ਜਾ ਰਿਹਾ ਹੈ।

ਇਹ ਵੀ ਪੜ੍ਹੋ :  ਦਿੱਲੀ ਪੁਲਸ ਨਾਲ ਖਹਿਬੜਨ ਤੋਂ ਬਾਅਦ ਨਵਜੋਤ ਸਿੱਧੂ ਦਾ ਪਹਿਲਾ ਵੱਡਾ ਬਿਆਨ

ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਤਿੰਨ ਆਰਡੀਨੈਂਸ ਜਾਰੀ ਕਰਕੇ ਕਿਸਾਨ ਵਿਰੋਧੀ ਹੋਣ ਦਾ ਸਬੂਤ ਪੇਸ਼ ਕਰ ਦਿੱਤਾ ਹੈ, ਜਿਸ ਕਾਰਨ ਅੱਜ ਕਿਸਾਨਾਂ ਨੂੰ ਮਜਬੂਰਨ ਆਪਣੇ ਕੰਮ ਧੰਦੇ ਛੱਡ ਕੇ ਸੜਕਾਂ 'ਤੇ ਉੱਤਰਨ ਲਈ ਮਜਬੂਰ ਹੋਣਾ ਪਿਆ ਹੈ। ਕੇਂਦਰ ਸਰਕਾਰ ਵੱਲੋਂ ਆਰਡੀਨੈਂਸ ਜਾਰੀ ਕਰਕੇ ਕਿਸਾਨੀ ਨੂੰ ਹੋਰ ਵੀ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕੇਗਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜਿਨਾਂ ਚਿਰ ਕੇਂਦਰ ਸਰਕਾਰ ਤਿੰਨੇ ਕਾਲੇ ਕਾਨੂੰਨ ਵਾਪਸ ਨਹੀ ਲੈਂਦੀ ਉਦੋਂ ਤੱਕ ਸਾਡਾ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਮਨਦੀਪ ਸਿੰਘ ਭਾਨਾ, ਅਵਤਾਰ ਸਿੰਘ, ਸਤਪਾਲ ਸਿੰਘ ਹੀਰਾਹਾਰ, ਨੰਬਰਦਾਰ ਸੁਖਵੀਰ ਸਿੰਘ ਭਾਨਾ, ਸੁੱਚਾ ਸਿੰਘ, ਤਰਸੇਮ ਸਿੰਘ ਅਰਗੋਵਾਲ, ਮਝੈਲ ਸਿੰਘ, ਹਰਜਿੰਦਰ ਸਿੰਘ, ਬਲਵੀਰ ਸਿੰਘ, ਸੁਖਦੇਵ ਸਿੰਘ ,ਗਗਨਪ੍ਰੀਤ ਸਿੰਘ, ਦਵਿੰਦਰ ਸਿੰਘ, ਰਤਨ ਸਿੰਘ, ਜਸਵਿੰਦਰ ਸਿੰਘ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ :  ਜੰਤਰ-ਮੰਤਰ 'ਤੇ ਗਰਜੇ ਸੁਖਪਾਲ ਖਹਿਰਾ, ਭਾਜਪਾ ਸਣੇ ਅਕਾਲੀ ਦਲ ਤੇ 'ਆਪ' 'ਤੇ ਮੜ੍ਹੇ ਵੱਡੇ ਦੋਸ਼

Gurminder Singh

This news is Content Editor Gurminder Singh