ਭੜਕੇ ਕਿਸਾਨਾਂ ਕਿਹਾ- ਨਹੀਂ ਬਣਨ ਦੇਵਾਂਗੇ ਬਾਈਪਾਸ

Tuesday, Aug 01, 2017 - 12:32 AM (IST)

ਬੰਗਾ, (ਭਟੋਆ/ਚਮਨ ਲਾਲ/ਰਾਕੇਸ਼/ਮੂੰਗਾ/ਪੂਜਾ)- ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੂੰ ਅੱਜ ਉਸ ਸਮੇਂ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦਾ ਸਾਹਮਣਾ ਕਰਨਾ ਪਿਆ, ਜਦੋਂ ਉਹ ਇਥੇ ਬੰਗਾ ਬਾਈਪਾਸ ਦੇ ਮੁੱਦੇ 'ਤੇ ਕਿਸਾਨਾਂ ਨਾਲ ਗੱਲਬਾਤ ਕਰਨ ਆਏ ਸਨ।
ਇਸ ਦੌਰਾਨ ਜਦੋਂ ਚੰਦੂਮਾਜਰਾ ਕਿਸਾਨਾਂ ਨੂੰ ਬਾਈਪਾਸ ਬਣਨ ਦੇ ਫਾਈਦੇ ਗਿਣਾਉਣ ਲੱਗੇ ਤਾਂ ਕਿਸਾਨ ਭੜਕ ਉੱਠੇ ਤੇ ਉਨ੍ਹਾਂ ਚੰਦੂਮਾਜਰਾ ਨੂੰ ਉਥੇ ਹੀ ਰੋਕ ਕੇ ਖੁੱਲ੍ਹ ਕੇ ਕਿਹਾ ਕਿ ਉਹ ਕਿਸੇ ਵੀ ਹਾਲਤ 'ਚ ਬੰਗਾ ਦਾ ਬਾਈਪਾਸ ਬਣਨ ਨਹੀਂ ਦੇਣਗੇ, ਜੇਕਰ ਬਣੇਗਾ ਤਾਂ ਸ਼ਹਿਰ 'ਚ ਪੁਲ ਹੀ ਬਣੇਗਾ। ਇਸ ਦੇ ਨਾਲ ਹੋਰ ਵੀ ਕਈ ਕਿਸਾਨਾਂ ਦੀਆਂ ਤਿੱਖੀਆਂ ਗੱਲਾਂ ਦਾ ਚੰਦੂਮਾਜਰਾ ਨੂੰ ਸਾਹਮਣਾ ਕਰਨਾ ਪਿਆ, ਜਦੋਂਕਿ ਚੰਦੂਮਾਜਰਾ ਵਿਰੁੱਧ ਆਪਣੀ ਭੜਾਸ ਕੱਢਦੇ ਹੋਏ ਕਿਸਾਨਾਂ ਨੇ ਅਕਾਲੀ ਦਲ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ ਤੇ ਕੁਝ ਸਮੇਂ ਲਈ ਮੇਨ ਰੋਡ 'ਤੇ ਪ੍ਰਦਰਸ਼ਨ ਕੀਤਾ।
ਇਸ ਮੌਕੇ ਪ੍ਰੋ. ਚੰਦੂਮਾਜਰਾ ਨੇ ਕਿਸਾਨਾਂ ਨੂੰ ਕਿਹਾ ਕਿ ਅਜੇ ਬੰਗਾ ਬਾਈਪਾਸ ਦੇ ਮਾਮਲੇ 'ਚ ਕੁਝ ਵੀ ਪੱਕਾ ਨਹੀਂ ਹੋਇਆ ਪਰ ਜੋ ਵੀ ਹੋਵੇਗਾ, ਆਮ ਜਨਤਾ ਦੀ ਸਹਿਮਤੀ ਨਾਲ ਹੀ ਹੋਵੇਗਾ। ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਉਹ ਆਪਣੀ ਇਕ ਕਮੇਟੀ ਬਣਾਉਣ। ਬਾਅਦ 'ਚ ਪਿੰਡਾਂ ਤੇ ਸ਼ਹਿਰ ਦੇ ਦੁਕਾਨਦਾਰਾਂ ਦੀਆਂ ਦੋਵੇਂ ਕਮੇਟੀਆਂ ਬੈਠ ਕੇ ਸਹਿਮਤੀ ਬਣਾ ਲੈਣ।
ਇਸ ਮੌਕੇ ਕਿਸਾਨਾਂ ਨੇ ਚੰਦੂਮਾਜਰਾ ਨੂੰ ਇਕ ਮੰਗ ਪੱਤਰ ਵੀ ਦਿੱਤਾ, ਜਿਸ ਵਿਚ ਉਨ੍ਹਾਂ ਮੰਗ ਕੀਤੀ ਕਿ ਕਿਸਾਨਾਂ ਨੂੰ ਉਜਾੜ ਕੇ ਬੰਗਾ ਬਾਈਪਾਸ ਨਾ ਬਣਾਇਆ ਜਾਵੇ, ਸਗੋਂ ਇਸ ਪ੍ਰਾਜੈਕਟ 'ਚ ਪਹਿਲਾ ਪਾਸ ਕੀਤਾ ਹੋਇਆ ਫਲਾਈਓਵਰ ਹੀ ਬਣਾਇਆ ਜਾਵੇ।
ਇਸ ਸਮੇਂ ਰਾਮ ਲੁਭਾਇਆ ਖਟਕੜ, ਸੁਖਵਿੰਦਰ ਸਿੰਘ ਸਰਪੰਚ, ਮੱਖਣ ਸਿੰਘ ਤਾਹਰਪੁਰੀ, ਜਸਵਰਿੰਦਰ ਸਿੰਘ ਕਲੇਰਾਂ, ਜਗਜੀਤ ਸਿੰਘ ਖਾਲਸਾ, ਮਲਕੀਤ ਸਿੰਘ ਲੰਬੜਦਾਰ, ਵਿਵੇਕ ਬੇਦੀ, ਇਕਬਾਲ ਸਿੰਘ,ਗੁਰਨਾਮ ਸਿੰਘ, ਗੁਰਿੰਦਰ ਸਿੰਘ, ਸੁਖਵਿੰਦਰ ਸਿੰਘ ਬਾਹੜੋਵਾਲ, ਗੁਰਨੇਕ ਸਿੰਘ ਆਦਿ ਹਾਜ਼ਰ ਸਨ।


Related News