ਅਰਵਿੰਦ ਖੰਨਾ ਦੇ ਹਲਕਾ ਸੰਗਰੂਰ ਤੋਂ ਚੋਣ ਲੜਨ ਨਾਲ ਪੈ ਸਕਦਾ ਹੈ ਕਈ ਸੀਟਾਂ ’ਤੇ ਪ੍ਰਭਾਵ

09/14/2021 6:07:06 PM

ਸੰਗਰੂਰ (ਵਿਵੇਕ ਸਿੰਧਵਾਨੀ) : ਦੇਸ਼ ਦੇ ਉੱਘੇ ਉਦਯੋਗਪਤੀ ਅਤੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਵਲੋਂ ਹਲਕਾ ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ’ਤੇ ਚੋਣ ਲੜਨ ਦੀਆਂ ਸੰਭਾਵਨਾਵਾਂ ਤੇਜ਼ ਹੋ ਗਈਆਂ ਹਨ। ਜਿਸ ਨੂੰ ਵੇਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਨੇ ਹਲਕਾ ਸੰਗਰੂਰ ਤੋਂ ਸਾਬਕਾ ਮੁੱਖ ਸੰਸਦੀ ਸਕੱਤਰ ਪ੍ਰਕਾਸ਼ ਚੰਦ ਗਰਗ ਨੂੰ ਧੂਰੀ ਵਿਖੇ ਭੇਜ ਦਿੱਤਾ ਹੈ ਅਤੇ ਸੰਗਰੂਰ ਸੀਟ ਅਰਵਿੰਦ ਖੰਨਾ ਲਈ ਖਾਲ੍ਹੀ ਛੱਡ ਦਿੱਤੀ ਹੈ। ਇੱਥੇ ਜ਼ਿਕਰਯੋਗ ਹੈ ਕਿ ਅਰਵਿੰਦ ਖੰਨਾ ਇਕ ਵਾਰ ਹਲਕਾ ਸੰਗਰੂਰ ਅਤੇ ਇਕ ਵਾਰ ਹਲਕਾ ਧੂਰੀ ਤੋਂ ਕਾਂਗਰਸ ਦੀ ਟਿਕਟ ’ਤੇ ਵਿਧਾਇਕ ਰਹਿ ਚੁੱਕੇ ਹਨ ਅਤੇ ਕਾਂਗਰਸ ਦੀ ਟਿਕਟ ’ਤੇ ਚੋਣ ਲੜ ਚੁੱਕੇ ਹਨ ਅਤੇ ਬਹੁਤ ਘੱਟ ਮਾਰਜਨ ਤੇ ਚੋਣ ਜਿੱਤਣ ਤੋਂ ਖੁੰਝ ਗਏ ਸਨ। ਕਿਸੇ ਵੇਲੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੇ ਖਾਸਮ-ਖਾਸ ਰਹੇ ਅਰਵਿੰਦ ਖੰਨਾ ਜੇਕਰ ਸੰਗਰੂਰ ਤੋਂ ਚੋਣ ਲੜਦੇ ਹਨ ਤਾਂ ਇਸ ਦਾ ਅਸਰ ਦੂਜੀਆਂ ਸੀਟਾਂ ’ਤੇ ਵੀ ਵੇਖਣ ਨੂੰ ਮਿਲੇਗਾ। ਅਰਵਿੰਦ ਖੰਨਾ ਦੀ ਟੀਮ ਨੇ ਸੰਗਰੂਰ ਵਿਖੇ ਆ ਕੇ ਮੋਰਚਾ ਸੰਭਾਲਿਆ ਹੈ ਅਤੇ ਅੰਦਰਖਾਤੇ ਆਪਣੇ ਗਤੀਵਿਧੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ।

ਇਹ ਵੀ ਪੜ੍ਹੋ : ਵੱਡੀ ਖ਼ਬਰ : 2022 ਦੀਆਂ ਵਿਧਾਨ ਸਭਾ ਚੋਣਾਂ ਲਈ ਅਕਾਲੀ ਦਲ ਵਲੋਂ 64 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ

ਖੰਨਾ ਦੇ ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਲੜਨ ਦੀਆਂ ਕਿਆਸਰਾਈਆਂ ਦੇ ਨਾਲ ਕਾਂਗਰਸ ਪਾਰਟੀ ਵੀ ਹਲਕਾ ਸੰਗਰੂਰ ਤੋਂ ਕਿਸੇ ਕਿਸਮ ਦੀ ਤਿਲਕਣਬਾਜ਼ੀ ਨਹੀਂ ਛੱਡਣਾ ਚਾਹੁੰਦੀ। ਕਾਂਗਰਸ ਪਾਰਟੀ ਵੱਲੋਂ ਮੌਜੂਦਾ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਦਾ ਹੀ ਚੋਣ ਲੜਨਾ ਯਕੀਨੀ ਮੰਨਿਆ ਜਾ ਰਿਹਾ ਹੈ। ਇਸ ਦੇ ਮੱਦੇਨਜ਼ਰ ਬੀਤੇ ਦਿਨੀਂ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਨੇ ਸਾਬਕਾ ਵਿਧਾਇਕ ਸੁਰਿੰਦਰਪਾਲ ਸਿੰਘ ਸਿਬੀਆ ਦੇ ਘਰ ਜਾ ਕੇ ਮੀਟਿੰਗ ਕੀਤੀ ਅਤੇ ਸਿੰਗਲਾ ਵੱਲੋਂ ਹੋਰ ਵੀ ਕਾਂਗਰਸੀ ਆਗੂ ਜੋ ਘਰ ਵਿਚ ਬੈਠੇ ਹਨ ਉਨ੍ਹਾਂ ਨੂੰ ਮਨਾਉਣ ਦੇ ਯਤਨ ਸ਼ੁਰੂ ਕਰ ਦਿੱਤੇ ਗਏ ਹਨ।

ਇਹ ਵੀ ਪੜ੍ਹੋ : ਕਾਂਗਰਸ ’ਚ ਫਿਰ ਵੱਡਾ ਧਮਾਕਾ, ਬੀਬੀਆਂ ਦੇ ਫ੍ਰੀ ਬੱਸ ਸਫ਼ਰ ਨੂੰ ਲੈ ਕੇ ਪਰਗਟ ਨੇ ਘੇਰੀ ਕੈਪਟਨ ਸਰਕਾਰ

ਆਮ ਆਦਮੀ ਪਾਰਟੀ ਵੱਲੋਂ ਵੀ ਯੂਥ ਆਈਕੌਨ ਅਤੇ ਭਾਈ ਗੁਰਦਾਸ ਗਰੁੱਪ ਦੇ ਚੇਅਰਮੈਨ ਡਾ. ਗੁਨਿੰਦਰਜੀਤ ਸਿੰਘ ਮਿੰਕੂ ਜਵੰਧਾ ਵੱਲੋਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਆਪਣੀਆਂ ਗਤੀਵਿਧੀਆਂ ਸ਼ੁਰੂ ਕੀਤੀਆਂ ਹੋਈਆਂ ਹਨ ਅਤੇ ਉਹ ਪਿੰਡਾਂ ਅਤੇ ਸ਼ਹਿਰਾਂ ਵਿਚ ਸਿੱਧੇ ਵੋਟਰਾਂ ਨਾਲ ਰਾਬਤਾ ਕਾਇਮ ਕਰ ਰਹੇ ਹਨ। ਡਾ. ਮਿੰਕੂ ਜਵੰਧਾ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਵੇਖਿਆ ਜਾ ਰਿਹਾ ਹੈ। ਭਵਿੱਖ ਵਿਚ ਕਿਹੜੀ ਪਾਰਟੀ ਕਿਸ ਨੂੰ ਆਪਣੇ ਉਮੀਦਵਾਰ ਵਜੋਂ ਉਤਾਰਦੀ ਹੈ ਇਹ ਤਾਂ ਅਜੇ ਸਮਾਂ ਹੀ ਦੱਸੇਗਾ ਪਰ ਹਾਲੇ ਤਕ ਜੋ ਹਾਲਾਤ ਸਾਹਮਣੇ ਆਏ ਹਨ ਉਨ੍ਹਾਂ ਅਨੁਸਾਰ ਅਕਾਲੀ ਦਲ ਵੱਲੋਂ ਅਰਵਿੰਦ ਖੰਨਾ, ਕਾਂਗਰਸ ਪਾਰਟੀ ਵੱਲੋਂ ਵਿਜੇਇੰਦਰ ਸਿੰਗਲਾ ਅਤੇ ਆਮ ਆਦਮੀ ਪਾਰਟੀ ਵੱਲੋਂ ਡਾ. ਗੁਨਿੰਦਰਜੀਤ ਸਿੰਘ ਮਿੰਕੂ ਜਵੰਧਾ ਉਮੀਦਵਾਰ ਹੋ ਸਕਦੇ ਹਨ ਅਤੇ ਜੇ ਇਹੀ ਸਮੀਕਰਨ ਰਹੇ ਤਾਂ ਹਲਕਾ ਸੰਗਰੂਰ ਤੋਂ ਤਕੜਾ ਮੁਕਾਬਲਾ ਵੇਖਣ ਨੂੰ ਮਿਲੇਗਾ।

ਇਹ ਵੀ ਪੜ੍ਹੋ : ਆਪਣਿਆਂ ’ਚ ਘਿਰੇ ਕੈਪਟਨ, ਸੁਰਜੀਤ ਧੀਮਾਨ ਤੇ ਪਰਗਟ ਸਿੰਘ ਤੋਂ ਬਾਅਦ ਹੁਣ ਸ਼ਮਸ਼ੇਰ ਦੂਲੋਂ ਨੇ ਖੋਲ੍ਹਿਆ ਮੋਰਚਾ

Gurminder Singh

This news is Content Editor Gurminder Singh