ਝਾੜੂ ''ਚੋਂ ਤੀਲੇ ਨਹੀਂ ਖਿਲਰੇ, ਸਗੋਂ ਕਲਿੱਪ ਹੀ ਨਿਕਲ ਗਿਆ : ਬੈਂਸ

01/21/2019 7:07:21 PM

ਲੁਧਿਆਣਾ : ਅਰਵਿੰਦ ਕੇਜਰੀਵਾਲ ਵਲੋਂ ਬਰਨਾਲਾ ਵਿਖੇ ਰੈਲੀ ਦੌਰਾਨ ਝਾੜੂ 'ਚੋਂ ਕੁਝ ਤੀਲਿਆਂ ਦੇ ਜਾਣ ਨਾਲ ਕੋਈ ਫਰਕ ਨਾ ਪੈਣ 'ਤੇ ਦਿੱਤੇ ਬਿਆਨ ਦਾ ਸਿਮਰਜੀਤ ਬੈਂਸ ਨੇ ਤਿੱਖਾ ਪ੍ਰਤੀਕਰਮ ਦਿੱਤਾ ਹੈ। ਬੈਂਸ ਨੇ ਕਿਹਾ ਹੈ ਕਿ ਝਾੜੂ ਵਿਚ ਦੋ-ਤਿੰਨ ਤੀਲੇ ਨਹੀਂ ਨਿਕਲੇ ਸਗੋਂ ਝਾੜੂ ਨੂੰ ਸਾਂਭਣ ਵਾਲਾ ਸਾਰਾ ਮੁੱਢ ਹੀ ਖਿੱਲਰ ਚੁੱਕਾ ਹੈ ਤੇ ਕੇਜਰੀਵਾਲ ਕੋਲ ਪੰਜਾਬ ਦਾ ਬਚਿਆ-ਖੁਚਿਆ ਸਮਾਨ ਹੈ ਜਦਕਿ ਝਾੜੂ ਨੂੰ ਇਕੱਠਾ ਰੱਖਣ ਵਾਲਾ ਕਲਿੱਪ ਹੀ ਨਿਕਲ ਚੁੱਕਾ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਕਹਿੰਦੇ ਹਨ ਪਾਰਟੀ 'ਚੋਂ ਕੁਝ ਆਗੂਆਂ ਦੇ ਜਾਣ ਨਾਲ ਕੋਈ ਫਰਕ ਨਹੀਂ ਪਵੇਗਾ ਪਰ ਇਹ ਤਾਂ ਲੋਕ ਸਭਾ ਚੋਣਾਂ ਦੇ ਨਤੀਜੇ ਹੀ ਦੱਸਣਗੇ ਕੀ ਇਸ ਦਾ ਕੀ ਫਰਕ ਪੈਂਦਾ ਹੈ। 
ਬੈਂਸ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦਾ ਕੋਈ ਸਟੈਂਡ ਨਹੀਂ ਹੈ। ਹਰਿਆਣੇ ਵਿਚ ਜਾ ਕੇ ਕੇਜਰੀਵਾਲ ਪੰਜਾਬ ਦੇ ਖਿਲਾਫ ਬੋਲਣਾ ਸ਼ੁਰੂ ਕਰ ਦਿੰਦਾ ਹੈ। ਬਰਨਾਲਾ ਰੈਲੀ ਵਿਚ ਕੇਜਰੀਵਾਲ ਵਲੋਂ ਦਲਿਤਾ ਦੇ ਹੱਕ ਦੀ ਗੱਲ ਕੀਤੀ ਗਈ ਜਦਕਿ ਸੱਚਾਈ ਤਾਂ ਇਹ ਹੈ ਕਿ ਜੇਕਰ ਕੇਜਰੀਵਾਲ ਦਲਿਤ ਹਿਤੈਸ਼ੀ ਹੁੰਦਾ ਤਾਂ ਦਿੱਲੀ ਦਾ ਉਪ ਮੁੱਖ ਮੰਤਰੀ ਕਿਸੇ ਦਲਿਤ ਨੂੰ ਲਗਾਇਆ ਜਾਂਦਾ।
ਬੈਂਸ ਨੇ ਕਿਹਾ ਕਿ ਪੰਜਾਬ ਵਿਚ ਆ ਕੇ ਕੇਜਰੀਵਾਲ ਨੂੰ ਦਲਿਤ ਪ੍ਰੇਮ ਯਾਦ ਆ ਜਾਂਦਾ ਹੈ। ਵਿਧਾਨ ਸਭਾ ਚੋਣਾਂ ਦੌਰਾਨ ਵੀ ਕੇਜਰੀਵਾਲ ਨੇ ਪੰਜਾਬ ਵਿਚ ਉਪ ਮੁੱਖ ਮੰਤਰੀ ਦਾ ਅਹੁਦਾ ਦਲਿਤ ਨੂੰ ਦੇਣ ਦੀ ਗੱਲ ਆਖੀ ਸੀ ਪਰ ਦਿੱਲੀ ਵਿਚ ਦਲਿਤ ਉਪ ਮੁੱਖ ਮੰਤਰੀ ਅਜੇ ਤਕ ਕਿਉਂ ਨਹੀਂ ਲਗਾਇਆ ਗਿਆ। ਬੈਂਸ ਨੇ ਕਿਹਾ ਕਿ ਕੇਜਰੀਵਾਲ ਦਲਿਤ ਪੱਤਾ ਖੇਡਣ ਦੇ ਚੱਕਰ ਵਿਚ ਹੈ ਪਰ ਪੰਜਾਬ ਦੇ ਦਲਿਤ ਸੂਝਵਾਨ ਹਨ ਤੇ ਕੇਜਰੀਵਾਲ ਦੀਆਂ ਗੱਲਾਂ ਵਿਚ ਨਹੀਂ ਆਉਣਗੇ।

Gurminder Singh

This news is Content Editor Gurminder Singh