19 ਨੂੰ ਪੰਜਾਬ ਆਉਣਗੇ ਕੇਜਰੀਵਾਲ ਤੇ ਸਿਸੋਦੀਆ, ਨਹੀਂ ਕਰਨਗੇ ਖਹਿਰਾ ਧੜੇ ਨਾਲ ਮੁਲਾਕਾਤ

08/19/2018 9:50:04 AM

ਚੰਡੀਗੜ੍ਹ : 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ 19 ਅਗਸਤ ਨੂੰ ਪੰਜਾਬ ਆ ਰਹੇ ਹਨ ਪਰ ਇਸ ਦੌਰਾਨ ਉਹ ਖਹਿਰਾ ਧੜੇ ਦੇ ਕਿਸੇ ਵੀ ਵਿਧਾਇਕ ਨਾਲ ਮੁਲਾਕਾਤ ਨਹੀਂ ਕਰਨਗੇ। ਇਹ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਦਾ। 'ਜਗ ਬਾਣੀ' ਨਾਲ ਕੀਤੇ ਇੰਟਰਵਿਊ ਦੌਰਾਨ ਮਾਨ ਨੇ ਕਿਹਾ ਕਿ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਹਲਕਾ ਮਹਿਲ ਕਲਾ ਤੋਂ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੇ ਪਿਤਾ ਦੇ ਭੋਗ ਵਿਚ ਸ਼ਾਮਲ ਹੋਣ ਲਈ 19 ਅਗਸਤ ਨੂੰ ਬਰਨਾਲਾ ਦੇ ਪਿੰਡ ਪੰਡੋਰੀ ਪਹੁੰਚ ਰਹੇ ਹਨ ਪਰ ਇਸ ਦੌਰਾਨ ਉਹ ਖਹਿਰਾ ਧੜੇ ਤੋਂ ਦੂਰੀ ਬਣਾਈ ਰੱਖਣਗੇ। 

ਇਥੇ ਇਹ ਵੀ ਦੱਸਣਯੋਗ ਹੈ ਕਿ ਕੇਜਰੀਵਾਲ ਡਰੱਗ ਮਾਮਲੇ ਵਿਚ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਕੋਲੋਂ ਮਾਣਹਾਨੀ ਕੇਸ 'ਚ ਮੁਆਫੀ ਮੰਗਣ ਤੋਂ ਬਾਅਦ ਪਹਿਲੀ ਵਾਰ ਪੰਜਾਬ ਆ ਰੇਹ ਹਨ। ਇਸ ਵੇਲੇ ਪੰਜਾਬ ਇਕਾਈ ਵਿਚ ਵੱਡਾ ਕਲੇਸ਼ ਪਿਆ ਹੋਇਆ ਹੈ ਅਤੇ ਬਾਗੀ ਧਿਰ ਦੇ ਆਗੂ ਸੁਖਪਾਲ ਖਹਿਰਾ ਨੇ ਪਾਰਟੀ ਦੀ ਪੰਜਾਬ ਬਾਡੀ ਨੂੰ ਭੰਗ ਕਰਕੇ ਆਪਣੀ ਵੱਖਰੀ ਸਿਆਸੀ ਮਾਮਲਿਆਂ ਬਾਰੇ ਕਮੇਟੀ ਬਣਾ ਲਈ ਹੈ। 

ਸੂਤਰਾਂ ਮੁਤਾਬਕ ਵਿਧਾਇਕ ਪੰਡੋਰੀ ਦੇ ਪਿਤਾ ਦੇ ਭੋਗ ਵਿਚ ਖਹਿਰਾ ਧੜੇ ਦੇ ਵਿਧਾਇਕਾਂ ਦੇ ਪਹੁੰਚਣ ਦੀ ਵੀ ਉਮੀਦ ਹੈ ਪਰ ਕੇਜਰੀਵਾਲ ਵਲੋਂ ਬਾਗੀ ਧਿਰ ਨਾਲ ਕੋਈ ਗੱਲਬਾਤ ਕਰਨ ਦੀ ਸੰਭਾਵਨਾ ਨਹੀਂ ਹੈ। ਇਹ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਭੋਗ ਉਪਰੰਤ ਕੇਜਰੀਵਾਲ ਅਤੇ ਸਿਸੋਦੀਆ ਪਾਰਟੀ ਦੇ ਵਿਧਾਇਕਾਂ ਅਤੇ ਸੂਬੇ ਦੀ ਲੀਡਰਸ਼ਿਪ ਨਾਲ ਮੌਜੂਦਾ ਹਾਲਾਤ 'ਤੇ ਚਰਚਾ ਕਰ ਸਕਦੇ ਹਨ।