ਪੰਜਾਬ ਨੂੰ ਕੋਸਣ ਵਾਲੇ ਕੇਜਰੀਵਾਲ ਦੋਬਾਰਾ ਪੰਜਾਬ ਵੱਲ ਕਰਨਗੇ ਰੁਖ!

12/06/2018 2:23:13 PM

ਜਲੰਧਰ (ਬੁਲੰਦ)— ਆਮ ਆਦਮੀ ਪਾਰਟੀ ਰੰਗ ਬਦਲਣ 'ਚ ਮਾਹਿਰ ਮੰਨੀ ਜਾਂਦੀ ਹੈ। ਇਸੇ ਤਹਿਤ ਇਕ ਵਾਰ ਫਿਰ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਰੰਗ ਬਦਲ ਕੇ ਪੰਜਾਬ 'ਚ ਆ ਕੇ ਪੰਜਾਬ ਦੇ ਗੁਣਗਾਨ ਕਰਦੇ ਦਿਖਾਈ ਦੇ ਸਕਦੇ ਹਨ। ਦੱਸਣਯੋਗ ਹੈ ਕਿ ਪਿਛਲੇ ਕੁਝ ਮਹੀਨਿਆਂ ਦੌਰਾਨ ਹਰਿਆਣਾ ਚੋਣਾਂ ਨੂੰ ਲੈ ਕੇ ਅਤੇ ਦਿੱਲੀ ਦੇ ਪ੍ਰਦੂਸ਼ਣ ਨੂੰ ਲੈ ਕੇ ਕੇਜਰੀਵਾਲ ਪੰਜਾਬ ਨੂੰ ਪਿੱਠ ਦਿਖਾਉਂਦੇ ਆਏ ਹਨ। ਅਜੇ ਪੰਜਾਬ ਨੂੰ ਐੱਸ. ਵਾਈ. ਐੱਲ. ਅਤੇ ਦਿੱਲੀ ਦੇ ਪ੍ਰਦੂਸ਼ਣ ਲਈ ਜ਼ਿੰਮੇਵਾਰ ਠਹਿਰਾਉਂਦੇ ਰਹਿੰਦੇ ਹਨ। ਪਾਰਟੀ ਜਾਣਕਾਰਾਂ ਦੀ ਮੰਨੀਏ ਤਾਂ ਕੇਜਰੀਵਾਲ 2019 ਲੋਕ ਸਭਾ ਚੋਣਾਂ ਲਈ ਪੰਜਾਬ ਵਿਚ ਖਾਸ ਤਵੱਜੋਂ ਦੇਣ ਦੀ ਤਿਆਰੀ 'ਚ ਹੈ ਅਤੇ ਇਸ ਕਾਰਨ ਉਨ੍ਹਾਂ ਨੇ 13 'ਚੋਂ 5 ਲੋਕ ਸਭਾ ਉਮੀਦਵਾਰ ਤਾਂ ਪਹਿਲਾਂ ਹੀ ਐਲਾਨ ਕਰ ਦਿੱਤੇ ਹਨ। ਹੋਰਾਂ ਲਈ ਇੰਤਜ਼ਾਰ ਕਰਨਾ ਪੈ ਸਕਦਾ ਹੈ।

ਜਾਣਕਾਰਾਂ ਦੀ ਮੰਨੀਏ ਤਾਂ ਪਾਰਟੀ ਦੀ ਪੂਰੀ ਤਾਕਤ ਫਿਲਹਾਲ ਪੰਜਾਬ 'ਚ ਨਾਰਾਜ਼ ਨੇਤਾਵਾਂ ਨੂੰ ਮਨਾਉਣ ਵਿਚ ਲੱਗੀ ਹੋਈ ਹੈ। ਇਸ ਵਿਚ ਛੋਟੇਪੁਰ, ਡਾ. ਗਾਂਧੀ, ਖਾਲਸਾ, ਘੁੱਗੀ, ਖਹਿਰਾ ਆਦਿ ਦੇ ਨਾਂ ਸ਼ਾਮਲ ਹਨ। ਪਾਰਟੀ ਨੇ ਜਨਵਰੀ ਤੱਕ ਪੁਰਾਣੇ ਨੇਤਾਵਾਂ ਨੂੰ ਮਨਾਉਣ 'ਤੇ ਜ਼ੋਰ ਰੱਖਣਾ ਹੈ। ਇਸ ਤੋਂ ਬਾਅਦ ਹੋਰ ਟਿਕਟਾਂ ਦਾ ਐਲਾਨ ਕੀਤਾ ਜਾਵੇਗਾ। ਜਾਣਕਾਰਾਂ ਦੀ ਮੰਨੀਏ ਤਾਂ ਪਾਰਟੀ ਦੀ ਅਕਾਲੀ ਦਲ ਅਤੇ ਕਾਂਗਰਸ ਦੇ ਕੁਝ ਬਾਗੀ ਨੇਤਾਵਾਂ ਨਾਲ ਵੀ ਗੱਲ ਹੋਈ ਹੈ ਪਰ ਉਨ੍ਹਾਂ 'ਚੋਂ ਕਿਸੇ ਨੂੰ 'ਆਪ' ਪਾਰਟੀ 'ਚ ਲਿਆਉਣ 'ਚ ਫਿਲਹਾਲ ਸਫਲਤਾ ਨਹੀਂ ਮਿਲ ਰਹੀ ਪਰ 2 ਨਾਂ ਇਸ ਤਰ੍ਹਾਂ ਦੇ ਹਨ ਜੋ ਲੋਕ ਸਭਾ ਟਿਕਟ ਦੀ ਸ਼ਰਤ 'ਤੇ 'ਆਪ' ਜੁਆਇਨ ਕਰ ਸਕਦੇ ਹਨ। ਦੇਖਣਾ ਹੋਵੇਗਾ ਕਿ ਉਹ ਕੌਣ ਹਨ? ਪਾਰਟੀ ਦੇ ਅੰਦਰੂਨੀ ਸੂਤਰਾਂ ਦੀ ਮੰਨੀਏ ਤਾਂ ਪਾਰਟੀ ਨੇ ਜਲੰਧਰ ਦੇ ਇਕ ਨੌਜਵਾਨ ਨੇਤਾ ਨੂੰ ਸ਼ੁਰੂ ਤੋਂ ਹੀ ਪਾਰਟੀ ਨਾਲ ਜੋੜਿਆ ਸੀ ਪਰ ਵਿਧਾਨਸਭਾ ਚੋਣਾਂ ਦੌਰਾਨ ਉਹ ਪਾਰਟੀ ਨੂੰ ਅਲਵਿਦਾ ਕਹਿ ਗਿਆ ਸੀ, ਉਸ ਨੂੰ ਮਨਾ ਲਿਆ ਹੈ ਅਤੇ ਉਸ ਨੂੰ ਵਧੀਆ ਅਹੁਦਾ ਦੇ ਕੇ ਵਾਪਸ ਲਿਆਇਆ ਜਾ ਰਿਹਾ ਹੈ। ਇਸੇ ਤਰ੍ਹਾਂ ਕਈ ਹੋਰ ਨੌਜਵਾਨਾਂ ਨੂੰ ਵੀ ਮਨਾਉਣ 'ਚ ਪਾਰਟੀ ਕਾਮਯਾਬ ਹੋਈ ਹੈ। ਦੇਖਣਾ ਹੋਵੇਗਾ ਕਿ ਲੋਕਸਭਾ ਚੋਣਾਂ ਦੌਰਾਨ ਕੇਜਰੀਵਾਲ ਦਾ ਪੰਜਾਬ ਪ੍ਰਤੀ ਜਾਗਿਆ ਹੋਇਆ ਪਿਆਰ ਪੰਜਾਬੀਆਂ ਨੂੰ ਕਿੰਨਾ ਰਾਸ ਆਉਂਦਾ ਹੈ।

shivani attri

This news is Content Editor shivani attri