ਕੇਜਰੀਵਾਲ ਚੰਗੀ ਤਰ੍ਹਾਂ ਜਾਣਦੈ ਝੂਠ ਬੋਲਣ ਦੀ ਕਲਾ : ਕੈਪਟਨ

02/03/2020 10:54:55 PM

ਜਲੰਧਰ,(ਧਵਨ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਦੇ ਮੁੱਖ ਮੰਤਰੀ ਅਤੇ 'ਆਪ' ਆਗੂ ਅਰਵਿੰਦ ਕੇਜਰੀਵਾਲ 'ਤੇ ਉਨ੍ਹਾਂ ਦੇ ਸਸਤੀ ਬਿਜਲੀ ਦੇਣ ਦੇ ਦਾਅਵੇ 'ਤੇ ਅੱਜ ਪਹਿਲਾ ਸਿਆਸੀ ਹਮਲਾ ਬੋਲਦਿਆਂ ਕਿਹਾ ਕਿ ਕੇਜਰੀਵਾਲ ਦਾ ਚਰਿੱਤਰ ਅਜਿਹਾ ਹੈ ਕਿ ਉਹ ਲੋਕਾਂ ਨਾਲ ਝੂਠ ਬੋਲਣ ਦੀ ਕਲਾ ਚੰਗੀ ਤਰ੍ਹਾਂ ਜਾਣਦੇ ਹਨ। ਮੁੱਖ ਮੰਤਰੀ ਨੇ ਭਾਜਪਾ ਦੀ ਨਿੰਦਾ ਕਰਦਿਆਂ ਕਿਹਾ ਕਿ ਉਨ੍ਹਾਂ ਪੂਰੇ ਦੇਸ਼ ਨੂੰ ਸ਼ਾਹੀਨ ਬਾਗ ਵਿਚ ਤਬਦੀਲ ਕਰ ਦਿੱਤਾ ਹੈ ਅਤੇ ਉਨ੍ਹਾਂ ਮੁੱਦਿਆਂ ਨੂੰ ਉਹ ਦਿੱਲੀ ਦੀਆਂ ਚੋਣਾਂ 'ਚ ਵਰਤ ਕੇ ਧਰੁਵੀਕਰਨ ਦੀ ਰਾਜਨੀਤੀ ਨੂੰ ਹੱਲਾਸ਼ੇਰੀ ਦੇਣ ਦੀ ਰਾਜਨੀਤੀ ਕਰ ਰਹੀ ਹੈ। ਅਜਿਹਾ ਕਰ ਕੇ ਉਹ ਦੇਸ਼ ਦੀ ਬੁਨਿਆਦ ਨੂੰ ਕਮਜ਼ੋਰ ਕਰਨ 'ਚ ਲੱਗੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਅੱਜ ਦਿੱਲੀ ਵਿਧਾਨ ਸਭਾ ਚੋਣਾਂ ਦੀ ਜੰਗ 'ਚ ਕੁੱਦਦਿਆਂ ਹਰੀਨਗਰ ਵਿਚ ਕਾਂਗਰਸੀ ਉਮੀਦਵਾਰ ਦੇ ਪੱਖ ਵਿਚ ਜਨਤਕ ਰੈਲੀ ਨੂੰ ਸੰਬੋਧਨ ਕੀਤਾ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂ ਕੇਜਰੀਵਾਲ ਨੇ ਸਸਤੀ ਬਿਜਲੀ ਅਤੇ ਮੁਹੱਲਾ ਕਲੀਨਿਕ ਸਥਾਪਿਤ ਕਰ ਕੇ ਕੋਈ ਖਾਸ ਕੰਮ ਨਹੀਂ ਕੀਤਾ ਕਿਉਂਕਿ ਕਾਂਗਰਸ ਸ਼ਾਸਿਤ ਸਾਰੇ ਸੂਬਿਆਂ ਦੇ ਮੁੱਖ ਮੰਤਰੀ ਪਹਿਲਾਂ ਹੀ ਅਜਿਹਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੁਝ ਲੋਕ ਮੁਫਤਖੋਰੀ ਨਾਲ ਖੁਸ਼ ਹੋ ਸਕਦੇ ਹਨ ਪਰ ਉਨ੍ਹਾਂ ਦਿੱਲੀ ਦੇ ਵਿਕਾਸ ਅਤੇ ਤਰੱਕੀ ਲਈ ਕੀ ਕੀਤਾ? ਮੁੱਖ ਮੰਤਰੀ ਨੇ ਕਿਹਾ ਕਿ ਕੇਜਰੀਵਾਲ ਨੇ ਲੋਕਾਂ ਦੇ ਬੱਚਿਆਂ ਨੂੰ ਨੌਕਰੀਆਂ ਦੇਣ ਲਈ ਕੀ ਕਦਮ ਚੁੱਕੇ ਹਨ, ਇਸ ਦਾ ਖੁਲਾਸਾ ਕੇਜਰੀਵਾਲ ਨੂੰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਪੰਜ ਸਾਲਾਂ ਤੋਂ ਦਿੱਲੀ ਵਿਚ ਵਿਕਾਸ ਕੰਮ ਠੱਪ ਪਏ ਹਨ। ਪੰਜਾਬ ਵਿਚ ਕਾਂਗਰਸ ਸਰਕਾਰ ਨੇ 11 ਲੱਖ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ। ਦਿੱਲੀ ਨੂੰ ਇਸ ਸਮੇਂ ਉਦਯੋਗਿਕ ਅਤੇ ਆਰਥਿਕ ਵਿਕਾਸ ਦੀ ਲੋੜ ਹੈ। ਉਨ੍ਹਾਂ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ 'ਆਪ' ਅਤੇ ਭਾਜਪਾ ਦੋਵਾਂ ਦੀ ਆਪਸੀ ਲੜਾਈ ਵਿਚ ਦਿੱਲੀ ਦੇ ਹਿੱਤਾਂ ਨੂੰ ਕੁਰਬਾਨ ਕਰ ਦਿੱਤਾ ਗਿਆ, ਜਦੋਂਕਿ ਉਸ ਤੋਂ ਪਹਿਲਾਂ ਕਾਂਗਰਸ ਦੇ ਰਾਜ ਵਿਚ ਦਿੱਲੀ ਵਿਕਾਸ ਦੇ ਮਾਮਲੇ ਵਿਚ ਮੋਹਰੀ ਹੁੰਦੀ ਸੀ। ਸਿਰਫ ਕਾਂਗਰਸ ਹੀ ਦਿੱਲੀ ਦੇ ਵਿਕਾਸ ਨੂੰ ਯਕੀਨੀ ਬਣਾ ਸਕਦੀ ਹੈ।

ਭਾਜਪਾ ਖਿਲਾਫ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਦਿੱਲੀ ਦੀਆਂ ਚੋਣਾਂ ਦਾ ਧਰੁਵੀਕਰਨ ਕਰਨਾ ਚਾਹੁੰਦੀ ਹੈ ਪਰ ਹੁਣ ਉਸ ਵਿਚ ਉਸ ਨੂੰ ਸਫਲਤਾ ਨਹੀਂ ਮਿਲੇਗੀ। ਉਨ੍ਹਾਂ ਕਿਹਾ ਕਿ ਸੀ. ਏ. ਏ. ਤੇ ਐੱਨ. ਆਰ. ਸੀ. ਨੂੰ ਲੈ ਕੇ ਪੂਰੇ ਦੇਸ਼ ਵਿਚ ਸ਼ਾਹੀਨ ਬਾਗ ਵਰਗੇ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਯੂਨੀਵਰਸਿਟੀਆਂ ਵਿਚ ਅਸੰਤੋਸ਼ ਦੀ ਸਥਿਤੀ ਪਾਈ ਜਾ ਰਹੀ ਹੈ। ਮੁੱਖ ਮੰਤਰੀ ਨੇ ਇਸ ਮੌਕੇ ਕਿਹਾ ਕਿ ਕੇਜਰੀਵਾਲ ਸਰਕਾਰ ਦਿੱਲੀ ਵਿਚ ਘਰੇਲੂ ਖਪਤਕਾਰਾਂ ਨੂੰ ਬਿਜਲੀ ਸਬਸਿਡੀ ਦੇ ਰਹੀ ਹੈ ਅਤੇ ਉਸ ਦੇ ਲਈ 1600 ਤੋਂ 1700 ਕਰੋੜ ਰੁਪਏ ਦੀ ਰਕਮ ਖਰਚ ਕੀਤੀ ਜਾ ਰਹੀ ਹੈ ਜਦੋਂਕਿ ਪੰਜਾਬ ਵਿਚ ਕਾਂਗਰਸ ਸਰਕਾਰ ਨੇ ਸਾਰੇ ਵਰਗਾਂ ਨੂੰ ਬਿਜਲੀ ਸਬਸਿਡੀ ਦਿੰਦਿਆਂ 9000 ਤੋਂ 10000 ਕਰੋੜ ਰੁਪਏ ਖਰਚ ਕਰ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਵਿਚ ਘਰੇਲੂ ਖਪਤਕਾਰਾਂ ਨੂੰ ਸਸਤੀ ਬਿਜਲੀ ਦੇਣ ਲਈ ਕੇਜਰੀਵਾਲ ਸਰਕਾਰ ਨੇ 1700 ਕਰੋੜ ਰੁਪਏ ਖਰਚ ਕੀਤੇ ਹਨ ਪਰ ਹੁਣ ਚੋਣਾਂ ਨੂੰ ਦੇਖਦੇ ਹੋਏ ਹਾਲ ਹੀ ਵਿਚ ਇਸ ਰਕਮ ਨੂੰ ਵਧਾ ਕੇ 2600 ਕਰੋੜ ਰੁਪਏ ਕੀਤਾ ਗਿਆ ਹੈ। ਪੰਜਾਬ ਵਿਚ ਉਨ੍ਹਾਂ ਦੀ ਸਰਕਾਰ ਅਨੁਸੂਚਿਤ ਜਾਤਾਂ ਤੇ ਪੱਛੜੇ ਵਰਗ ਤੇ ਬੀ. ਪੀ. ਐੱਲ. ਵਿਚ ਸ਼ਾਮਲ 21 ਲੱਖ ਘਰੇਲੂ ਖਪਤਕਾਰਾਂ ਨੂੰ, 14 ਲੱਖ ਘਰੇਲੂ ਖਪਤਕਾਰਾਂ ਨੂੰ ਅਤੇ 1.50 ਲੱਖ ਉਦਯੋਗਿਕ ਖਪਤਕਾਰਾਂ ਨੂੰ ਬਿਜਲੀ 'ਤੇ ਸਬਸਿਡੀ ਦੇ ਰਹੀ ਹੈ। ਦਿੱਲੀ ਵਿਚ ਵਪਾਰਕ ਬਿਜਲੀ ਵਰਤਣ ਵਾਲੇ ਖਪਤਕਾਰਾਂ ਨੂੰ 11 ਤੋਂ 12 ਰੁਪਏ ਪ੍ਰਤੀ ਯੂਨਿਟ ਭੁਗਤਾਨ ਕਰਨਾ ਪੈਂਦਾ ਹੈ, ਜਦੋਂਕਿ ਪੰਜਾਬ ਵਿਚ ਇਹ ਰਕਮ 5 ਤੋਂ 7 ਰੁਪਏ ਪ੍ਰਤੀ ਯੂਨਿਟ ਹੈ।