ਅਰੁਣਾ ਚੌਧਰੀ ਤੇ ਤ੍ਰਿਪਤ ਬਾਜਵਾ ਆਹਮੋ-ਸਾਹਮਣੇ, ਜਾਣੋ ਕਾਰਨ

01/10/2019 4:39:40 PM

ਗੁਰਦਾਸਪੁਰ : ਪੰਚਾਇਤੀ ਚੋਣਾਂ ਦੇ ਮਾਮਲੇ ਸਬੰਧੀ ਉਚ ਸਿੱਖਿਆ ਮੰਤਰੀ ਅਰੁਣਾ ਚੌਧਰੀ ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਆਹਮੋ-ਸਾਹਮਣੇ ਹੋ ਗਏ ਹਨ। ਚੋਣਾਂ ਦੌਰਾਨ ਸਰਪੰਚ ਤੇ ਪੰਚ ਅਹੁਦਿਆਂ ਦੇ ਗਲਤ ਢੰਗ ਨਾਲ ਰਾਖਵੇਂਕਰਨ ਦੇ ਦੋਸ਼ 'ਚ ਜਿੱਥੇ ਅਰੁਣਾ ਨੇ ਡੀ. ਡੀ. ਪੀ. ਓ. ਸਮੇਤ 4 ਅਧਿਕਾਰੀਆਂ ਨੂੰ ਮੁਅੱਤਲ ਕੀਤਾ ਸੀ, ਉਨ੍ਹਾਂ ਚਾਰਾਂ ਨੂੰ ਰਾਜਿੰਦਰ ਬਾਜਵਾ ਦੀ ਸਿਫਾਰਿਸ਼ 'ਤੇ ਬਹਾਲ ਕਰ ਦਿੱਤਾ ਗਿਆ। ਚਾਰਾਂ ਦੀ ਬਹਾਲੀ ਦੀ ਇਸ ਪ੍ਰਕਿਰਿਆ ਤੋਂ ਦੋਵੇਂ ਮੰਤਰੀਆਂ 'ਚ ਠਣ ਗਈ ਹੈ। ਅਰੁਣਾ ਚੌਧਰੀ ਨੇ ਬਾਜਵਾ 'ਤੇ ਕਈ ਸਵਾਲ ਖੜ੍ਹੇ ਕੀਤੇ ਹਨ। ਜ਼ਿਕਰਯੋਗ ਹੈ ਕਿ ਅਰੁਣਾ ਤੇ ਬਾਜਵਾ ਇੱਕੋ ਜ਼ਿਲੇ ਨਾਲ ਸਬੰਧ ਰੱਖਦੇ ਹਨ ਅਤੇ ਬਾਜਵਾ ਮੁੱਖ ਮੰਤਰੀ ਦੇ ਜ਼ਿਆਦਾ ਕਰੀਬ ਮੰਨੇ ਜਾਂਦੇ ਹਨ।
ਦੱਸ ਦੇਈਏ ਕਿ 24 ਦਸੰਬਰ ਨੂੰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਵਿੱਤੀ ਕਮਿਸ਼ਨਰ ਅਤੇ ਸਕੱਤਰ ਅਨੁਰਾਗ ਵਰਮਾ ਨੇ ਜ਼ਿਲਾ ਵਿਕਾਸ ਅਤੇ ਪੰਚਾਇਤ ਅਫਸਰ ਹਰਜਿੰਦਰ ਸਿੰਘ ਸੰਧੂ, ਲੇਖਾਕਾਰ ਕਮ ਰੀਡਰ ਸੁਖਜਿੰਦਰ ਸਿੰਘ, ਪੰਚਾਇਤ ਸਕੱਤਰ ਬਲਜੀਤ ਸਿੰਘ ਅਤੇ ਕੰਪਿਊਟਰ ਆਪਰੇਟਰ ਮਨਜੀਤ ਸਿੰਘ ਨੂੰ ਮੁਅੱਤਲ ਕੀਤਾ ਸੀ। ਇਸ ਸਬੰਧੀ ਡੀ. ਸੀ. ਗੁਰਦਾਸਪੁਰ ਵਿਪੁਲ ਚੌਧਰੀ ਨੂੰ ਮੰਤਰੀ ਅਰੁਣਾ ਚੌਧਰੀ ਨੇ ਸ਼ਿਕਾਇਤ ਦਿੱਤੀ ਸੀ ਪਰ ਹੁਣ ਬਿਨਾ ਚਾਰਜਸ਼ੀਟ ਅਤੇ ਜਾਂਚ ਦੇ ਵਿਭਾਗ ਵਲੋਂ ਦਿੱਤੇ ਗਏ ਬਹਾਲੀ ਦੇ ਨਿਰਦੇਸ਼ਾਂ 'ਤੇ ਚਰਚਾ ਦਾ ਬਾਜ਼ਾਰ ਗਰਮ ਹੋ ਗਿਆ। ਅਰੁਣਾ ਚੌਧਰੀ ਨੇ ਕਿਹਾ ਕਿ ਬਿਨਾਂ ਜਾਂਚ ਅਤੇ ਚਾਰਜਸ਼ੀਟ ਦੇ ਬਹਾਲੀ ਕਿਉਂ ਕੀਤੀ ਗਈ, ਇਹ ਉਨ੍ਹਾਂ ਨੂੰ ਨਹੀਂ ਪਤਾ। ਉੱਥੇ ਹੀ ਬਾਜਵਾ ਦਾ ਕਹਿਣਾ ਹੈ ਕਿ ਬਹਾਲੀ ਦੀ ਸਿਫਾਰਿਸ਼ ਉਨ੍ਹਾਂ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਕੇਸ 'ਚ ਕੋਈ ਜਾਂਚ ਨਹੀਂ ਹੋਈ, ਇਸ ਕਾਰਨ ਉਨ੍ਹਾਂ ਨੇ ਅਫਸਰਾਂ ਨੂੰ ਬਹਾਲ ਕੀਤਾ ਹੈ ਪਰ ਜਦੋਂ  ਉਨ੍ਹਾਂ ਨੂੰ ਡੀ. ਸੀ. ਵਲੋਂ ਕਰਵਾਈ ਜਾਂਚ ਬਾਰੇ ਕਿਹਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਇਸ ਦੀ ਉੱਚ ਪੱਧਰੀ ਜਾਂਚ ਕਰਵਾਉਣਗੇ ਅਤੇ ਦੋਸ਼ੀ ਪਾਏ ਜਾਣ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ।

Babita

This news is Content Editor Babita