ਦੋਰਾਹਾ ਸ਼ਹਿਰ ਦੀ ਨਾਮਵਰ ਸ਼ਖਸੀਅਤ ਬੈਕਟਰ ਦੀ ਗੋਲੀ ਲੱਗਣ ਨਾਲ ਮੌਤ

12/28/2019 5:09:07 PM

ਦੋਰਾਹਾ (ਗੁਰਮੀਤ ਕੌਰ) : ਅੱਜ ਸਵੇਰੇ ਦੋਰਾਹਾ ਵਿਖੇ ਸ਼ਹਿਰ ਦੀ ਇਕ ਨਾਮਵਰ ਸ਼ਖਸ਼ੀਅਤ ਅਤੇ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ ਦੋਰਾਹਾ ਦੇ ਪ੍ਰਧਾਨ ਦੀ ਆਪਣੀ ਹੀ ਲਾਇਸੈਂਸੀ ਰਾਈਫਲ ਨਾਲ ਗੋਲੀ ਲੱਗਣ ਕਾਰਨ ਮੌਤ ਹੋ ਗਈ। ਦੋਰਾਹਾ ਦੇ ਪ੍ਰਧਾਨ ਦੀ ਪਛਾਣ ਅਰੁਣ ਕੁਮਾਰ ਬੈਕਟਰ ਪੁੱਤਰ ਓਮ ਪ੍ਰਕਾਸ਼ ਬੈਕਟਰ ਵਾਸੀ ਪੁਰਾਣੀ ਦਾਣਾ ਮੰਡੀ ਦੋਰਾਹਾ ਵਜੋਂ ਹੋਈ ਹੈ ਜੋ ਕਿ ਉੱਘੇ ਸਮਾਜ ਸੇਵੀ ਅਤੇ ਵਪਾਰੀ ਵੀ ਸਨ।  

ਦੱਸਣਯੋਗ ਹੈ ਕਿ ਮ੍ਰਿਤਕ ਬੈਕਟਰ ਦੀ ਪਤਨੀ ਤੋਂ ਇਲਾਵਾ ਦੋ ਬੇਟੀਆਂ ਅਤੇ ਇਕ ਬੇਟਾ ਵੀ ਹੈ। ਮੌਕੇ 'ਤੇ ਘਟਨਾ ਦਾ ਜ਼ਾਇਜ਼ਾ ਲੈਣ ਲਈ ਥਾਣਾ ਦੋਰਾਹਾ ਦੇ ਐੱਸ. ਐੱਚ. ਓ. ਦਵਿੰਦਰਪਾਲ ਸਿੰਘ ਪੁਲਸ ਪਾਰਟੀ ਸਮੇਤ ਪਹੁੰਚੇ। ਘਟਨਾ ਸਥਾਨ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਮ੍ਰਿਤਕ ਬੈਕਟਰ ਨੇ ਅੱਜ ਸਵੇਰੇ ਪਰਿਵਾਰ ਨਾਲ ਬੈਠ ਕੇ ਨਾਸ਼ਤਾ ਕੀਤਾ ਅਤੇ ਕੁਝ ਸਮੇਂ ਬਾਅਦ ਹੀ ਉਨ੍ਹਾਂ ਦੇ ਕਮਰੇ 'ਚੋਂ ਰਾਈਫਲ ਨਾਲ ਗੋਲੀ ਚੱਲਣ ਦੀ ਆਵਾਜ਼ ਆਈ। ਇਸ ਹਾਦਸੇ ਦੌਰਾਨ ਮ੍ਰਿਤਕ ਬੈਕਟਰ ਦੇ ਮੂੰਹ 'ਚ ਗੋਲੀ ਲੱਗਣ ਕਾਰਨ ਉਨ੍ਹਾਂ ਦੇ ਸਿਰ ਦੀ ਖੋਪੜੀ ਤੱਕ ਉੱਡ ਗਈ। ਜਿਨ੍ਹਾਂ ਨੂੰ ਤੁਰੰਤ ਦੋਰਾਹਾ ਦੇ ਇਕ ਨਿੱਜੀ ਹਸਪਤਾਲ 'ਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਜਦੋਂ ਇਸ ਘਟਨਾ ਸੰਬੰਧੀ ਥਾਣਾ ਦੋਰਾਹਾ ਦੇ ਐੱਸ. ਐੱਚ. ਓ. ਦਵਿੰਦਰਪਾਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਅਨੁਸਾਰ ਅਰੁਣ ਬੈਕਟਰ ਆਪਣੇ ਕਮਰੇ 'ਚ ਆਪਣੀ ਲਾਇਸੈਂਸੀ ਰਾਈਫਲ ਨੂੰ ਸਾਫ ਕਰ ਰਹੇ ਸਨ ਤਾਂ ਅਚਾਨਕ ਰਾਈਫਲ ਦਾ ਟਰਿੱਗਰ ਦੱਬਿਆ ਗਿਆ ਅਤੇ ਗੋਲੀ ਚੱਲ ਗਈ ਜੋ ਕਿ ਉਨ੍ਹਾਂ ਦੇ ਮੂੰਹ 'ਚ ਜਾ ਲੱਗੀ ਅਤੇ ਉਨ੍ਹਾਂ ਦਾ ਸਾਰਾ ਸਿਰ ਹੀ ਉੱਡ ਗਿਆ। ਪੁਲਸ ਨੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਹੈ ਅਤੇ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਦਾ ਅੰਤਿਮ ਸੰਸਕਾਰ ਹੋਵੇਗਾ।

ਦੂਜੇ ਪਾਸੇ ਇਸ ਘਟਨਾ ਨੂੰ ਲੈ ਕੇ ਇਲਾਕੇ ਦੇ ਲੋਕਾਂ 'ਚ ਇਹ ਚਰਚਾ ਚੱਲਦੀ ਰਹੀ ਕਿ ਮ੍ਰਿਤਕ ਅਰੁਣ ਬੈਕਟਰ ਕਾਫੀ ਸਮੇਂ ਤੋਂ ਮਾਨਸਿਕ ਤਣਾਅ ਦੇ ਦੌਰ 'ਚੋਂ ਗੁਜ਼ਰ ਰਹੇ ਸਨ, ਜਿਨ੍ਹਾਂ ਨੇ ਅੱਜ ਆਪਣੇ ਘਰ 'ਚ ਆਪਣੀ ਲਾਇਸੈਂਸੀ ਰਾਈਫਲ ਨਾਲ ਖੁਦ ਨੂੰ ਗੋਲੀ ਮਾਰ ਲਈ। ਇੱਥੇ ਇਹ ਦੱਸਣਯੋਗ ਹੈ ਕਈ ਦਹਾਕੇ ਪਹਿਲਾਂ ਕਾਂਗਰਸ ਪਾਰਟੀ ਵੱਲੋਂ ਅਰੁਣ ਬੈਕਟਰ ਦੇ ਪਿਤਾ ਅਤੇ ਮਹਾਨ ਆਜ਼ਾਦੀ ਘੁਲਾਟੀਏ ਓਮ ਪ੍ਰਕਾਸ਼ ਬੈਕਟਰ ਨੂੰ ਕਾਂਗਰਸ ਪਾਰਟੀ ਵੱਲੋਂ ਹਲਕਾ ਵਿਧਾਇਕ ਦੀ ਟਿਕਟ ਦੇ ਕੇ ਨਵਾਜ਼ਿਆ ਗਿਆ ਸੀ, ਬਾਅਦ 'ਚ ਉਨ੍ਹਾਂ ਨੇ ਮਰਹੂਮ ਬੇਅੰਤ ਸਿੰਘ ਨੂੰ ਆਪਣੀ ਟਿਕਟ ਦੇ ਕੇ ਦੋਸਤੀ ਨਿਭਾਈ ਸੀ।

Anuradha

This news is Content Editor Anuradha