ਪੰਜਾਬ ਦੇ ਮਸ਼ਹੂਰ ਕਲਾਕਾਰ ਮਲਕੀਅਤ ਸਿੰਘ ਦਾ ਦਿਹਾਂਤ

Saturday, Jan 20, 2018 - 02:42 PM (IST)

ਚੰਡੀਗੜ੍ਹ : ਪੰਜਾਬ ਦੇ ਮਸ਼ਹੂਰ ਕਲਾਕਾਰ, ਚਿੱਤਰਕਾਰ ਅਤੇ ਪੰਜਾਬ ਲਲਿਤ ਕਲਾ ਅਕਾਦਮੀ ਦੇ ਵਾਈਸ ਪ੍ਰੈਜ਼ੀਡੈਂਟ ਮਲਕੀਅਤ ਸਿੰਘ ਦਾ ਸ਼ੁੱਕਰਵਾਰ ਨੂੰ ਦਿਹਾਂਤ ਹੋ ਗਿਆ। ਪੰਜਾਬ ਦੇ ਮੋਗਾ ਜ਼ਿਲੇ ਦੇ ਰਹਿਣ ਵਾਲੇ 75 ਸਾਲਾ ਮਲਕੀਅਤ ਸਿੰਘ ਪਿਛਲੇ ਇਕ ਮਹੀਨੇ ਤੋਂ ਬੀਮਾਰ ਸਨ ਅਤੇ ਉਨ੍ਹਾਂ ਦਾ ਇਲਾਜ ਫੋਰਟਿਸ ਹਸਪਤਾਲ 'ਚ ਚੱਲ ਰਿਹਾ ਸੀ। ਮਲਕੀਅਤ ਸਿੰਘ ਦਿਲ ਦੇ ਮਰੀਜ ਸਨ ਅਤੇ ਹਾਲ ਹੀ 'ਚ ਉਨ੍ਹਾਂ ਦੀ ਬਾਈਪਾਸ ਸਰਜਰੀ ਵੀ ਹੋਈ ਸੀ ਪਰ ਦਵਾਈਆਂ ਦੇ ਇਸਤੇਮਾਲ ਕਾਰਨ ਉਨ੍ਹਾਂ ਦੀ ਕਿਡਨੀ ਫੇਲ ਹੋ ਚੁੱਕੀ ਸੀ। ਉਨ੍ਹਾਂ ਦੀ ਮੌਤ ਦੀ ਖਬਰ ਆਉਂਦੇ ਹੀ ਕਲਾਕਾਰਾਂ 'ਚ ਸੋਗ ਫੈਲ ਗਿਆ। ਮਲਕੀਅਤ ਸਿੰਘ ਸਿਰਫ ਕਲਾਕਾਰਾਂ, ਕਵੀਆਂ ਅਤੇ ਲੇਖਕਾਂ ਜਾਂ ਥੀਏਟਰ ਦੀਆਂ ਸ਼ਖਸੀਅਤਾਂ 'ਚ ਹੀ ਮਸ਼ਹੂਰ ਨਹੀਂ ਸਨ, ਸਗੋਂ ਉਨ੍ਹਾਂ ਦੀ ਪਛਾਣ ਮੰਨੇ-ਪ੍ਰਮੰਨੇ ਲੋਕਾਂ 'ਚ ਸੀ। ਮਲਕੀਅਤ ਸਿੰਘ ਇੰਨੇ ਮਿਲਣਸਾਰ ਸਨ ਕਿ ਹਰ ਕਿਸੇ ਦਾ ਦਿਲ ਜਿੱਤ ਲੈਂਦੇ ਸਨ। ਉਨ੍ਹਾਂ ਨੇ ਆਪਣੀ ਜੀਵਨਕਾਲ ਦੌਰਾਨ ਡਿਜ਼ੀਟਲ ਆਰਟ 'ਤੇ ਕਾਫੀ ਕੰਮ ਕੀਤਾ। ਉਨ੍ਹਾਂ ਦੀਆਂ ਪੇਟਿੰਗਜ਼ ਮਨੁੱਖ ਦੇ ਹਾਲਾਤ ਅਤੇ ਕੁਦਰਤੀ ਸੁੰਦਰਤਾ 'ਤੇ ਆਧਾਰਿਤ ਸਨ। 
ਨਵਜੋਤ ਸਿੱਧੂ ਤੇ ਸੁਰਜੀਤ ਪਾਤਰ ਵਲੋਂ ਦੁੱਖ ਦਾ ਪ੍ਰਗਟਾਵਾ
ਸਥਾਨਕ ਸਰਕਾਰਾਂ ਬਾਰੇ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਸੁਰਜੀਤ ਪਾਤਰ ਨੇ ਮਲਕੀਅਤ ਸਿੰਘ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਮਲਕੀਅਤ ਸਿੰਘ ਦੇ ਦਿਹਾਂਤ ਨਾਲ ਕਲਾ ਜਗਤ ਨੂੰ ਇਕ ਵਧੀਆ ਕਲਾਕਾਰ ਅਤੇ ਇਨਸਾਨ ਤੋਂ ਸੱਖਣਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਮਲਕੀਅਤ ਸਿੰਘ ਦੀ ਕਲਾਕਾਰੀ 'ਚ ਪੰਜਾਬ ਦੇ ਪਿੰਡਾਂ ਦੀ ਰੂਹ ਝਲਕਦੀ ਸੀ। ਸੁਰਜੀਤ ਪਾਤਰ ਨੇ ਮਲਕੀਅਤ ਸਿੰਘ ਦੇ ਤੁਰ ਜਾਣ ਨੂੰ ਕਲਾ ਜਗਤ ਲਈ ਵੱਡਾ ਘਾਟਾ ਦੱਸਿਆ ਹੈ।


Related News