ਸੱਤਾ ਦੇ ਨਸ਼ੇ ''ਚ ਬਾਦਲਾਂ ਦੀਆਂ ਬੱਸਾਂ'' ਮੌਤ ਬਣਕੇ ਦੌੜਨ ਲੱਗੀਆਂ : ਬੈਂਸ ਭਰਾ

07/10/2015 7:42:52 PM

ਲੁਧਿਆਣਾ (ਪਾਲੀ) - ਮੋਗਾ ਹੱਤਿਆਕਾਂਡ ਬਾਅਦ ਡੱਬਵਾਲੀ ਟਰਾਂਸਪੋਰਟ ਬੱਸ ਵਲੋਂ ਬੀਤੇ ਦਿਨੀਂ ਰੋਪੜ ਵਿਖੇ ਸੜਕ ਹਾਦਸੇ ''ਚ ਮਾਰੇ ਗਏ ਸਕੂਟਰ ਸਵਾਰ ਦੀ ਮੌਤ ਲਈ ਟਰਾਂਸਪੋਰਟ ਕੰਪਨੀ ਦੇ ਮਾਲਕਾਂ ''ਤੇ ਕੇਸ ਦਰਜ ਕਰਕੇ ਮ੍ਰਿਤਕ ਨੂੰ ਇਨਸਾਫ ਦਵਾਇਆ ਜਾਵੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਹਲਕਾ ਆਤਮ ਨਗਰ ਅਤੇ ਹਲਕਾ ਦੱਖਣੀ ਤੋਂ ਆਜ਼ਾਦ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ ਵਿਧਾਇਕ ਬਲਵਿੰਦਰ ਸਿੰਘ ਬੈਂਸ ਨੇ ਕਿਹਾ ਕਿ ਸੱਤਾ ਦੇ ਨਸ਼ੇ ''ਚ ਚੂਰ ਬਾਦਲ ਪਰਿਵਾਰ ਦੀਆਂ ਟਰਾਂਸਪੋਰਟ ਕੰਪਨੀਆਂ ਦੀਆਂ ਬੱਸਾਂ ਸੜਕਾਂ ''ਤੇ ਮੌਤ ਬਣ ਕੇ ਦੌੜ ਰਹੀਆਂ ਹਨ, ਜਿਸਦਾ ਮੁੱਲ ਨਿਰਦੋਸ਼ ਪੰਜਾਬ ਨਿਵਾਸੀਆਂ ਨੂੰ ਆਪਣੀਆਂ ਕੀਮਤੀ ਜਾਨਾਂ ਦੇ ਕੇ ਚੁਕਾਉਣਾ ਪੈ ਰਿਹਾ ਹੈ।
ਵਿਧਾਇਕ ਭਰਾਵਾਂ ਨੇ ਦੱਸਿਆ ਕਿ ਸਕੂਟਰ ਸਵਾਰ ਸਵਰਨ ਸਿੰਘ ਨੂੰ ਬੁਰੀ ਤਰ੍ਹਾਂ ਕੁਚਲ ਕੇ ਮੌਤ ਦੇ ਘਾਟ ਉਤਾਰਨ ਵਾਲੀ ਡੱਬਵਾਲੀ ਟਰਾਂਸਪੋਰਟ ਕੰਪਨੀ ਦੀ ਬੱਸ ਮਿੱਥੇ ਸਮੇਂ ਸਿਰ ਅੰਮ੍ਰਿਤਸਰ ਵੀ ਪਹੁੰਚ ਗਈ ਅਤੇ ਸੱਤਾ ਦੇ ਨਸ਼ੇ ''ਚ ਚੂਰ ਬਾਦਲ ਪਰਿਵਾਰ ਦੀ ਕੰਪਨੀ ਦੇ ਡਰਾਈਵਰ ਜਾਂ ਕਿਸੇ ਵੀ ਕਰਮਚਾਰੀ ਨੇ ਹਾਦਸਾਗ੍ਰਸਤ ਸਵਰਨ ਸਿੰਘ ਦੀ ਸਾਰ ਲੈਣ ਦੀ ਕੋਸ਼ਿਸ਼ ਨਹੀਂ ਕੀਤੀ। ਉਨ੍ਹਾਂ ਕਰੜੇ ਸ਼ਬਦਾਂ ''ਚ ਅਪੀਲ ਕਰਦਿÎਆਂ ਕਿਹਾ ਕਿ ਬਾਦਲ ਪਰਿਵਾਰ ਦੀਆਂ ਬੱਸਾਂ ਨਾਲ ਰੋਜ਼ਾਨਾ ਹੋ ਰਹੇ ਹਾਦਸਿਆਂ ਦੇ ਮੱਦੇਨਜ਼ਰ ਇਸ ਪਰਿਵਾਰ ਦੀਆਂ ਸਮੂਹ ਟਰਾਂਸਪੋਰਟ ਕੰਪਨੀਆਂ ਸਮੇਤ ਬੱਸਾਂ ਚਲਾਉਣ ''ਤੇ ਪੂਰਨ ਪਾਬੰਦੀ ਲਗਾ ਦੇਣੀ ਚਾਹੀਦੀ ਹੈ। ਵਿਧਾਇਕ ਬੈਂਸ ਨੇ ਮੰਗ ਕਰਦਿਆਂ ਕਿਹਾ ਕਿ ਟਰਾਂਸਪੋਰਟ ਕੰਪਨੀ ਦੇ ਮਾਲਕਾਂ ''ਤੇ ਫੌਰੀ ਮੁਕੱਦਮਾ ਦਰਜ ਕਰਕੇ ਪਹਿਲ ਦੇ ਆਧਾਰ ''ਤੇ ਗ੍ਰਿਫਤਾਰੀ ਨਾਲ ਪੀੜਤ ਪਰਿਵਾਰ ਨੂੰ ਇਨਸਾਫ ਦਵਾਇਆ ਜਾਵੇ।

Gurminder Singh

This news is Content Editor Gurminder Singh