ਚੋਣ ''ਚ ਉਲਝੇ ਆੜ੍ਹਤੀਏ, ਚੋਣ ਤੋਂ ਪਹਿਲਾਂ ਚੋਣ ਪ੍ਰਤੀਕਿਰਿਆ ਨੂੰ ਨਕਾਰਨਾ ਨਿੰਦਣਯੋਗ : ਜ਼ਿਲਾ ਪ੍ਰਧਾਨ

08/30/2017 11:50:53 AM

ਬੁਢਲਾਡਾ (ਬਾਂਸਲ) - ਆੜ੍ਹਤੀਆ ਐਸੋਸੀਏਸ਼ਨ ਨੂੰ ਦੋਫਾੜ ਕਰਨ 'ਚ ਕੁਝ ਆੜ੍ਹਤੀਆਂ ਦੀ ਅਹਿਮ ਭੂਮਿਕਾ ਹੋਣ ਕਾਰਨ ਆੜ੍ਹਤੀਆਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਸੰਬੰਧੀ ਅੱਜ ਇਥੇ ਜ਼ਿਲਾ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਸ਼ਾਮ ਲਾਲ ਧਲੇਵਾਂ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਦੋਫਾੜ ਹੋ ਚੁੱਕੀ ਐਸੋਸੀਏਸ਼ਨ ਨੂੰ ਇਕੱਠਾ ਕਰਨ ਲਈ ਕੁਝ ਮੋਹਤਬਰ ਆੜ੍ਹਤੀ ਭਰਾਵਾਂ ਨੇ ਉਪਰਾਲਾ ਕੀਤਾ ਸੀ, ਜਿਸ ਤਹਿਤ ਆੜ੍ਹਤੀਆਂ ਦਾ ਇਕ ਸਾਂਝਾ ਇਜਲਾਸ ਬੁਲਾਇਆ ਗਿਆ, ਜਿਸ 'ਚ ਦੋਵੇਂ ਐਸੋਸੀਏਸ਼ਨਾਂ ਦੇ ਪ੍ਰਧਾਨਾਂ ਤੋਂ ਅਸਤੀਫੇ ਲੈ ਕੇ ਐਸੋਸੀਏਸ਼ਨ ਦੀ ਇਕ ਮੰਚ 'ਤੇ ਚੋਣ ਕਰਵਾਉਣ ਦਾ ਫੈਸਲਾ ਕਰਦਿਆਂ ਸਾਂਝਾ ਕਾਰਜਕਾਰੀ ਪ੍ਰਧਾਨ ਥਾਪ ਦਿੱਤਾ ਪਰ ਕੁਝ ਆੜ੍ਹਤੀ ਭਰਾਵਾਂ ਨੇ ਐਸੋਸੀਏਸ਼ਨ ਦੀ ਚੋਣ ਤੋਂ ਪਹਿਲਾਂ ਹੀ ਚੋਣ ਪ੍ਰਤੀਕਿਰਿਆ ਨੂੰ ਨਕਾਰ ਦਿੱਤਾ ਤੇ ਆਪਣੇ ਪੱਧਰ 'ਤੇ ਯੂਨੀਅਨ ਦੀ ਚੋਣ ਕਰ ਦਿੱਤੀ, ਜਿਸ ਕਾਰਨ ਯੂਨੀਅਨ ਇਕ ਵਾਰ ਫਿਰ ਦੋਫਾੜ ਹੋ ਗਈ। ਇਸ 'ਤੇ ਮਜਬੂਰਨ ਇਕ ਵਰਗ ਦੇ ਗੁਰਮੇਲ ਸਿੰਘ ਬੀਰੋਕੇ ਕਲਾਂ ਨੂੰ ਮੁੜ ਪ੍ਰਧਾਨ ਦੀ ਚੋਣ ਕਰਨ ਲਈ ਮਜਬੂਰ ਹੋਣਾ ਪਿਆ। ਜ਼ਿਲਾ ਪ੍ਰਧਾਨ ਨੇ ਕਿਹਾ ਕਿ ਚੋਣ ਪ੍ਰਤੀਕਿਰਿਆ ਤੋਂ ਪਹਿਲਾਂ ਐਸੋਸੀਏਸ਼ਨ ਨੂੰ ਦੋਫਾੜ ਕਰਨਾ ਇਕ ਕੌਝੀ ਚਾਲ ਹੈ।
ਇਸ ਮੌਕੇ ਜੁਗਰਾਜ ਸਿੰਘ ਬੀਰੋਕੇ, ਜਸਵਿੰਦਰ ਵਿਰਕ, ਸ਼ੰਕਰ ਭਾਨਾ, ਕਾਕੂ ਟਾਹਲੀਆ, ਮੋਨੂੰ ਕਾਮਰੇਡ, ਰਾਜੇਸ਼ ਕੁਲਾਣਾ, ਸ਼ੰਮੀ ਬੀਰੋਕੇ, ਮੇਸ਼ੀ ਬੀਰੋਕੇ, ਹੈਪੀ ਭੀਖੀ, ਸ਼ਾਂਤੀ ਪਾਲ ਮਾਘੀ, ਅਮਰ ਨੰਦਗੜ੍ਹੀਆ, ਪ੍ਰਵੀਨ ਕੁਮਾਰ, ਗਿਆਨ ਬਰ੍ਹੇ ਆਦਿ ਹਾਜ਼ਰ ਸਨ। ਦੂਸਰੇ ਪਾਸੇ ਐਸੋਸੀਏਸ਼ਨ ਦੀ ਚੋਣ ਸੰਬੰਧੀ ਆਪਣਾ ਪ੍ਰਤੀਕਰਮ ਪ੍ਰਗਟ ਕਰਦਿਆਂ ਐਸੋਸੀਏਸ਼ਨ ਦੇ ਸੀਨੀਅਰ ਆਗੂ ਰਾਮ ਸ਼ਰਨ, ਭੋਲਾ ਪਟਵਾਰੀ, ਕ੍ਰਿਪਾਲ ਸਿੰਘ ਗੁਲਿਆਣੀ, ਸੰਜੀਵ ਕੁਮਾਰ ਗੀਟਾ ਨੇ ਕਿਹਾ ਕਿ ਆੜ੍ਹਤੀਆਂ ਦੇ ਸਾਂਝੇ ਇਜਲਾਸ ਵਿਚ ਚੋਣ ਪ੍ਰਤੀਕਿਰਿਆ ਨੂੰ ਅਮਲ ਵਿਚ ਲਿਆਂਦਾ ਸੀ ਤੇ ਦੋ ਉਮੀਦਵਾਰ ਰਾਜ ਕੁਮਾਰ ਬੋੜਾਵਾਲੀਆ ਅਤੇ ਬਾਂਕੇ ਬਿਹਾਰੀ ਮੈਦਾਨ ਵਿਚ ਸਨ ਅਤੇ ਇਹ ਚੋਣ 30 ਅਗਸਤ ਨੂੰ ਮੁਕੱਰਰ ਕੀਤੀ ਗਈ ਸੀ ਪਰ ਸ਼ਹਿਰ ਦੇ ਮੋਹਤਬਰ ਆੜ੍ਹਤੀਆਂ ਨੇ ਇਸ ਚੋਣ ਨੂੰ ਟਾਲਦਿਆਂ ਦੋਵੇ ਉਮੀਦਵਾਰਾਂ ਨੂੰ ਇਕ ਸਾਂਝੀ ਜਗ੍ਹਾ 'ਤੇ ਇਕੱਠਾ ਕਰ ਕੇ ਸਾਂਝੇ ਰੂਪ 'ਚ ਐਸੋਸੀਏਸ਼ਨ ਚਲਾਉਣ ਦਾ ਫੈਸਲਾ ਕੀਤਾ, ਜਿਸ ਦਾ ਕਿਸੇ ਵੀ ਆੜ੍ਹਤੀ ਭਰਾ ਨੂੰ ਇਤਰਾਜ਼ ਨਹੀਂ ਸੀ। ਉਨ੍ਹਾਂ ਕਿਹਾ ਕਿ ਇਸ ਚੋਣ ਪ੍ਰਤੀਕਿਰਿਆ 'ਚ ਗੁਰਮੇਲ ਸਿੰਘ ਬੀਰੋਕੇ ਨੇ ਆਪਣਾ ਅਸਤੀਫਾ ਸਾਂਝੇ ਇਜਲਾਸ 'ਚ ਦਿੱਤਾ ਸੀ ਤਾਂ ਫਿਰ ਬਾਅਦ 'ਚ ਵੱਖਰੀ ਚੋਣ ਕਰਨ ਦਾ ਕੀ ਮੰਤਵ ਹੈ।