ਭਾਰਤੀ ਕ੍ਰਿਕਟ ਟੀਮ ’ਚ ਚੁਣੇ ਗਏ ਅਰਸ਼ਦੀਪ ਸਿੰਘ ਦੀ ਮੀਤ ਹੇਅਰ ਨੇ ਕੀਤੀ ਹੌਸਲਾ ਅਫ਼ਜ਼ਾਈ

05/26/2022 3:35:31 PM

ਚੰਡੀਗੜ੍ਹ (ਬਿਊਰੋ) : ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਭਾਰਤੀ ਕ੍ਰਿਕਟ ਟੀਮ ’ਚ ਚੁਣੇ ਗਏ ਪੰਜਾਬ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਦੀ ਹੌਸਲਾ ਅਫ਼ਜ਼ਾਈ ਲਈ ਉਸ ਨੂੰ ਨਿੱਜੀ ਤੌਰ ਉੱਤੇ ਮਿਲ ਕੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਧਾਈ ਦਿੱਤੀ। ਪੰਜਾਬ ਭਵਨ ਚੰਡੀਗੜ੍ਹ ਵਿਖੇ ਅਰਸ਼ਦੀਪ ਸਿੰਘ ਤੇ ਉਸ ਦੇ ਪਰਿਵਾਰ ਲਈ ਰੱਖੇ ਰਾਤਰੀ ਭੋਜ ਮੌਕੇ ਖੇਡ ਮੰਤਰੀ ਨੇ ਕਿਹਾ ਕਿ ਅਰਸ਼ਦੀਪ ਸਿੰਘ ਦੀ ਭਾਰਤੀ ਕ੍ਰਿਕਟ ਟੀਮ ’ਚ ਚੋਣ ਨਾਲ ਸੂਬੇ ਦੇ ਲੱਖਾਂ ਨੌਜਵਾਨਾਂ ਨੂੰ ਅੱਗੇ ਵਧਣ ਦੀ ਪ੍ਰੇਰਨਾ ਮਿਲੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਜਿਹੇ ਨੌਜਵਾਨਾਂ ਉੱਤੇ ਮਾਣ ਕਰਦੀ ਹੈ, ਜਿਨ੍ਹਾਂ ਆਪਣੀ ਸਖ਼ਤ ਮਿਹਨਤ ਤੇ ਕਰੜੀ ਸਾਧਨਾ ਨਾਲ ਜ਼ਿੰਦਗੀ ’ਚ ਨਾਮਣਾ ਖੱਟਿਆ ਹੈ।

PunjabKesari

ਖੇਡ ਮੰਤਰੀ ਮੀਤ ਹੇਅਰ ਅਰਸ਼ਦੀਪ ਦੇ ਬਚਪਨ ਤੋਂ ਕ੍ਰਿਕਟ ਨਾਲ ਜੁੜਨ, ਪਰਿਵਾਰ ਦੀ ਹਮਾਇਤ ਅਤੇ ਸੰਘਰਸ਼ ਦੀ ਕਹਾਣੀ ਸੁਣ ਕੇ ਬਹੁਤ ਪ੍ਰਭਾਵਿਤ ਹੋਏ। ਉਨ੍ਹਾਂ ਕਿਹਾ ਕਿ ਜ਼ਿੰਦਗੀ ’ਚ ਕੀਤੀ ਮਿਹਨਤ ਕਦੇ ਅਜਾਈਂ ਨਹੀਂ ਜਾਂਦੀ। ਮੀਤ ਹੇਅਰ ਨੇ ਅਰਸ਼ਦੀਪ ਸਿੰਘ ਨੂੰ ਦੱਸਿਆ ਕਿ ਉਹ ਖ਼ੁਦ ਵੀ ਛੋਟੇ ਹੁੰਦੇ ਕ੍ਰਿਕਟਰ ਬਣਨਾ ਚਾਹੁੰਦੇ ਸਨ ਅਤੇ ਹੁਣ ਵੀ ਉਹ ਕ੍ਰਿਕਟ ਖੇਡ ’ਚ ਬਹੁਤ ਰੁਚੀ ਰੱਖਦੇ ਹਨ, ਜਿਸ ਲਈ ਕਦੇ-ਕਦੇ ਮੌਕਾ ਮਿਲਣ ਉੱਤੇ ਕ੍ਰਿਕਟ ਵੀ ਖੇਡਦੇ ਹਨ।

PunjabKesari

ਖੇਡ ਮੰਤਰੀ ਨੇ ਕਿਹਾ ਕਿ ਹੁਣ ਕ੍ਰਿਕਟ ਖੇਡ ’ਚ ਵੱਡੇ ਪੱਧਰ ਉੱਤੇ ਪੰਜਾਬ ਦੇ ਨਵੀਂ ਉਮਰ ਦੇ ਖਿਡਾਰੀ ਅੱਗੇ ਆ ਰਹੇ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਰਣਜੀ ਟਰਾਫੀ ’ਚ ਪੰਜਾਬ ਹੋਰ ਵੀ ਬਿਹਤਰ ਪ੍ਰਦਰਸ਼ਨ ਕਰੇਗਾ। ਪੰਜਾਬ ਸਰਕਾਰ ਖੇਡਾਂ ਨੂੰ ਹੇਠਲੇ ਪੱਧਰ ਉੱਤੇ ਮਜ਼ਬੂਤ ਕਰਨ ਲਈ ਉਪਰਾਲੇ ਕਰ ਰਹੀ ਹੈ ਤਾਂ ਜੋ ਪੰਜਾਬ ਮੁੜ ਖੇਡਾਂ ਦੇ ਖੇਤਰ ’ਚ ਦੇਸ਼ ਦਾ ਮੋਹਰੀ ਸੂਬਾ ਬਣੇ। ਇਸ ਮੌਕੇ ਮੀਤ ਹੇਅਰ ਨੇ ਅਰਸ਼ਦੀਪ ਸਿੰਘ ਨੂੰ ਦੁਸ਼ਾਲਾ ਪਾ ਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਅਰਸ਼ਦੀਪ ਸਿੰਘ ਦੇ ਪਰਿਵਾਰਕ ਮੈਂਬਰ ਤੇ ਕੋਚ ਵੀ ਮੌਜੂਦ ਸਨ।


Manoj

Content Editor

Related News