ਮੁਲਜ਼ਮ ਦੀ ਗ੍ਰਿਫਤਾਰੀ ਲਈ ਜਥੇਬੰਦੀਆਂ ਨੇ ਦਿੱਤਾ ਧਰਨਾ

08/10/2018 1:31:13 AM

ਲੋਪੋਕੇ,   (ਸਤਨਾਮ)-  ਪਿੰਡ ਕੋਹਾਲੀ ਵਿਖੇ 12 ਜੁਲਾਈ ਨੂੰ ਨਾਬਾਲਗ ਦਲਿਤ ਲਡ਼ਕੀ ਨਾਲ ਜਬਰ-ਜ਼ਨਾਹ ਕਰਨ ਵਾਲੇ ਦੋਸ਼ੀਆਂ ਨੂੰ 25 ਦਿਨ ਬੀਤ ਜਾਣ ’ਤੇ ਵੀ ਪੁਲਸ ਵੱਲੋਂ ਗ੍ਰਿਫਤਾਰ ਨਾ ਕੀਤੇ ਜਾਣ ’ਤੇ ਪੀਡ਼ਤ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਕ੍ਰਾਂਤੀਕਾਰੀ ਦਲ ਮੋਰਚਾ ਦੇ ਸੂਬਾ ਪ੍ਰਧਾਨ ਜੋਗਾ ਸਿੰਘ ਵਡਾਲਾ, ਆਰ. ਪੀ. ਆਈ. ਦੇ ਯੂਥ ਪ੍ਰਧਾਨ ਸੰਦੀਪ ਸਿੰਘ ਘਈ, ਆਟੋ ਚਾਲਕ ਯੂਨੀਅਨ ਦੇ ਵਾਈਸ ਚੇਅਰਮੈਨ ਸਾਰਜ ਸਿੰਘ ਨਾਗ, ਜ਼ਿਲਾ ਪ੍ਰਧਾਨ ਤੀਰਥ ਕੋਹਾਲੀ, ਜਸਪਾਲ ਸਿੰਘ ਕੋਹਾਲੀ, ਦਿਆਲ ਸਿੰਘ ਬਰਾਡ਼, ਲਖਵਿੰਦਰ ਸਿੰਘ ਰਿੰਕੂ, ਬਾਬਾ ਰਾਮ ਸਿੰਘ ਆਦਿ ਨੇ ਅੱਜ ਪਿੰਡ ਕੋਹਾਲੀ ਦਾ ਰੋਡ ਜਾਮ ਕਰ ਕੇ ਤਕਰੀਬਨ 4 ਘੰਟੇ ਧਰਨਾ ਲਾਈ ਰੱਖਿਆ।
ਉਕਤ ਆਗੂਆਂ ਨੇ ਕਿਹਾ ਕਿ ਘਟਨਾ ਦੇ 25 ਦਿਨ ਬੀਤ ਜਾਣ ’ਤੇ ਵੀ ਲੋਪੋਕੇ ਦੀ ਪੁਲਸ ਨੇ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ, ਜਿਸ ਕਾਰਨ ਜਥੇਬੰਦੀਆਂ ਨੇ ਧਰਨਾ ਲਾਉਂਦਿਅਾਂ ਐੱਸ. ਐੱਚ. ਓ. ਲੋਪੋਕੇ ਨੂੰ ਇਥੋਂ ਤਬਦੀਲ ਕਰਨ ਤੇ ਰਾਮਤੀਰਥ ਚੌਕੀ ਦੇ ਇੰਚਾਰਜ ਨੂੰ ਸਸਪੈਂਡ ਕਰਨ ਦੀ ਮੰਗ ਕੀਤੀ। ਇਸ ਤੋਂ ਬਆਦ ਡੀ. ਐੱਸ. ਪੀ. ਹਰਪ੍ਰੀਤ ਸਿੰਘ ਨੇ ਧਰਨਾਕਾਰੀਅਾਂ ਨੂੰ ਵਾਰ-ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਧਰਨਾਕਾਰੀ ਆਪਣੀ ਜ਼ਿੱਦ ’ਤੇ ਅਡ਼ੇ ਰਹੇ। ਅਖੀਰ ਡੀ. ਐੱਸ. ਪੀ. ਨੇ ਧਰਨਾਕਾਰੀਅਾਂ ਨੂੰ ਇਹ ਵਿਸ਼ਵਾਸ ਦਿਵਾਇਆ ਕਿ 2 ਦਿਨਾਂ ’ਚ ਦੋਸ਼ੀ ਨੂੰ ਗ੍ਰਿਫਤਾਰ ਕਰ ਕੇ ਪੁਲਸ ਅਫਸਰਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਪ੍ਰਧਾਨ ਕੋਹਾਲੀ ਨੇ ਕਿਹਾ ਇਸ ਸਬੰਧੀ ਕੱਲ ਐੱਸ. ਐੱਸ. ਪੀ. ਦਿਹਾਤੀ ਨਾਲ ਮੀਟਿੰਗ ਹੈ, ਜੇਕਰ 2 ਦਿਨਾਂ ’ਚ ਪੁਲਸ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਅਸੀਂ ਆਪਣੀ ਅਗਲੀ ਰਣਨੀਤੀ ਉਲੀਕਣ ਲਈ ਮਜਬੂਰ ਹੋਵਾਂਗਾ, ਜਿਸ ਦਾ ਜ਼ਿੰਮੇਵਾਰ ਪੁਲਸ ਪ੍ਰਸ਼ਾਸਨ ਹੋਵੇਗਾ।