ਐੱਸ. ਟੀ. ਐੱਫ. ਟੀਮ ’ਤੇ ਹਮਲਾ ਕਰਨ ਵਾਲਾ ਮੁੱਖ ਮੁਲਜ਼ਮ ਸਾਥੀ ਸਮੇਤ ਗ੍ਰਿਫਤਾਰ

12/16/2019 5:03:42 AM

ਕਪੂਰਥਲਾ/ਸੁਭਾਨਪੁਰ, (ਭੂਸ਼ਣ, ਸਤਨਾਮ)- 11 ਦਸੰਬਰ ਦੀ ਰਾਤ ਪਿੰਡ ਹਮੀਰਾ ’ਚ ਇਕ ਘਰ ’ਚ ਵੱਡੇ ਪੱਧਰ ’ਤੇ ਡਰੱਗ ਦੀ ਖੇਪ ਮੌਜੂਦ ਹੋਣ ਦੀ ਸੂਚਨਾ ’ਤੇ ਛਾਪਾਮਾਰੀ ਕਰਨ ਗਈ ਐੱਸ. ਟੀ. ਐੱਫ. ਕਪੂਰਥਲਾ ਦੀ ਟੀਮ ’ਤੇ ਕਾਤਲਾਨਾ ਹਮਲਾ ਕਰਨ ਦੇ ਮਾਮਲੇ ’ਚ ਲੋਡ਼ੀਂਦੇ ਮੁੱਖ ਮੁਲਜ਼ਮ ਹਰਜਿੰਦਰ ਸਿੰਘ ਉਰਫ ਜਿੰਦਰ ਨੂੰ ਥਾਣਾ ਸੁਭਾਨਪੁਰ ਦੀ ਪੁਲਸ ਨੇ ਛਾਪਾਮਾਰੀ ਦੌਰਾਨ ਉਸ ਦੇ ਇਕ ਹੋਰ ਸਾਥੀ ਨਾਲ ਗ੍ਰਿਫਤਾਰ ਕਰ ਲਿਆ ਹੈ। ਗ੍ਰਿਫਤਾਰ ਮੁਲਜ਼ਮ ਹਰਜਿੰਦਰ ਸਿੰਘ ਨੂੰ ਅਦਾਲਤ ਨੇ ਜਿਥੇ 2 ਦਿਨ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਹੈ। ਉਥੇ ਹੀ ਉਸ ਦੇ ਗ੍ਰਿਫਤਾਰ ਦੂਜੇ ਸਾਥੀ ਨੂੰ ਸੋਮਵਾਰ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।

ਜ਼ਿਕਰਯੋਗ ਹੈ ਕਿ 11 ਦਸੰਬਰ ਦੀ ਰਾਤ ਕਰਤਾਰਪੁਰ ਢਿੱਲਵਾਂ ਰਾਸ਼ਟਰੀ ਰਾਜ ਮਾਰਗ ’ਤੇ ਪੈਂਦੇ ਪਿੰਡ ਹਮੀਰਾ ’ਚ ਇਕ ਗੁਪਤ ਸੂਚਨਾ ਦੇ ਆਧਾਰ ਤੇ ਛਾਪਾਮਾਰੀ ਕਰਨ ਗਈ ਐੱਸ. ਟੀ. ਐੱਫ. ਕਪੂਰਥਲਾ ਦੀ ਟੀਮ ’ਤੇ ਬਦਨਾਮ ਡਰੱਗ ਸਮੱਗਲਰ ਹਰਜਿੰਦਰ ਸਿੰਘ ਉਰਫ ਜਿੰਦਰ ਅਤੇ ਉਸ ਦੇ 17 ਹੋਰ ਸਾਥੀਆਂ ਨੇ ਕਾਤਲਾਨਾ ਹਮਲਾ ਕਰ ਦਿੱਤਾ ਸੀ। ਜਿਸ ਦੌਰਾਨ ਇਕ ਮਹਿਲਾ ਪੁਲਸ ਕਰਮਚਾਰੀ ਸਮੇਤ ਜਿਥੇ 3 ਪੁਲਸ ਕਰਮਚਾਰੀ ਗੰਭੀਰ ਜ਼ਖ਼ਮੀ ਹੋ ਗਏ ਸਨ।

ਇਸ ਦੌਰਾਨ ਮੁਲਜ਼ਮਾਂ ਨੇ ਇਕ ਏ. ਐੱਸ. ਆਈ. ਦਾ ਪਿਸਤੌਲ ਖੋਹ ਲਿਆ ਸੀ, ਬਾਅਦ ’ਚ ਐੱਸ. ਐੱਸ. ਪੀ. ਸਤਿੰਦਰ ਸਿੰਘ ਦੀ ਨਿਗਰਾਨੀ ’ਚ ਰਾਤ ਭਰ ਚਲੇ ਆਪ੍ਰੇਸ਼ਨ ਦੌਰਾਨ ਪੁਲਸ ਟੀਮ ’ਤੇ ਹਮਲਾ ਕਰਨ ਵਾਲੇ 6 ਮੁਲਜ਼ਮਾਂ ਬੂਟਾ ਸਿੰਘ ਪੁੱਤਰ ਬਗੀਚਾ ਸਿੰਘ ਵਾਸੀ ਪਿੰਡ ਨਵਾਂ ਮੁਰਾਰ, ਸਤਨਾਮ ਸਿੰਘ ਪੁੱਤਰ ਰਾਮ ਸਿੰਘ ਵਾਸੀ ਪਿੰਡ ਮਾਡਲ ਟਾਊਨ ਤਲਵਾਡ਼ਾ, ਸੁਖਦੇਵ ਸਿੰਘ ਵਾਸੀ ਪਿੰਡ ਨਵਾਂ ਮੁਰਾਰ, ਸਤਨਾਮ ਸਿੰਘ ਵਾਸੀ ਹਮੀਰਾ ਬਲਦੇਵ ਸਿੰਘ ਵਾਸੀ ਪਿੰਡ ਨਵਾਂ ਮੁਰਾਰ ਅਤੇ ਮੰਗਾ ਪੁੱਤਰ ਬਗਾ ਸਿੰਘ ਵਾਸੀ ਪਿੰਡ ਉਲੀਪੁਰ ਅਰਾਈਆਂ ਜ਼ਿਲਾ ਪਟਿਆਲਾ ਹਾਲ ਵਾਸੀ ਹਮੀਰਾ ਨੂੰ ਗ੍ਰਿਫਤਾਰ ਕਰਕੇ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ 13.50 ਲੱਖ ਰੁਪਏ ਦੀ ਡਰੱਗ ਮਨੀ, ਇਕ ਕਿਲੋ ਨਸ਼ੀਲਾ ਪਾਊਡਰ ਅਤੇ ਏ. ਐੱਸ. ਆਈ. ਤੋਂ ਖੋਹਿਆ ਗਿਆ ਪਿਸਤੌਲ ਬਰਾਮਦ ਕੀਤਾ ਸੀ। ਜਿਸ ਦੌਰਾਨ ਇਸ ਗੈਂਗ ਦਾ ਮੁਖੀ ਹਰਜਿੰਦਰ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਪਿੰਡ ਹਮੀਰਾ ਆਪਣੇ ਸਾਥੀਆਂ ਨਾਲ ਮੌਕੇ ਤੋਂ ਫਰਾਰ ਹੋ ਗਿਆ ਸੀ। ਪੁਲਸ ਨੇ ਕੁਲ 18 ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਸੀ।

ਬੀਤੀ ਰਾਤ ਐੱਸ. ਪੀ. (ਡੀ.) ਮਨਪ੍ਰੀਤ ਸਿੰਘ ਢਿੱਲੋਂ ਨੂੰ ਸੂਚਨਾ ਮਿਲੀ ਕਿ ਫਰਾਰ ਮੁਲਜ਼ਮ ਹਰਜਿੰਦਰ ਸਿੰਘ ਇਸ ਸਮੇਂ ਸੁਭਾਨਪੁਰ ਕਪੂਰਥਲਾ ਮਾਰਗ ’ਤੇ ਲੁੱਕਿਆ ਹੋਇਆ ਹੈ। ਜਿਸ ’ਤੇ ਸੀ. ਆਈ. ਏ. ਸਟਾਫ ਕਪੂਰਥਲਾ ਦੇ ਇੰਚਾਰਜ ਇੰਸਪੈਕਟਰ ਬਲਵਿੰਦਰਪਾਲ ਸਿੰਘ ਅਤੇ ਐੱਸ. ਐੱਚ. ਓ. ਸੁਭਾਨਪੁਰ ਇੰਸ. ਜਸਪਾਲ ਸਿੰਘ ਨੇ ਏ. ਐੱਸ. ਪੀ. ਭੁਲੱਥ ਡਾ. ਸਿਮਰਤ ਕੌਰ ਦੀ ਨਿਗਰਾਨੀ ’ਚ ਮੁੱਖ ਮੁਲਜ਼ਮ ਹਰਜਿੰਦਰ ਸਿੰਘ ਉਰਫ ਜਿੰਦਰ ਨੂੰ ਗ੍ਰਿਫਤਾਰ ਕਰ ਲਿਆ।

ਪੁੱਛਗਿਛ ਦੌਰਾਨ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਸ ਤੇ ਡਰੱਗ ਬਰਾਮਦਗੀ ਦੇ 4 ਮਾਮਲੇ ਦਰਜ ਹਨ। ਜਿਨ੍ਹਾਂ ਵਿਚ ਇਕ ਮਾਮਲੇ ਦੌਰਾਨ ਉਸ ਨੇ ਫਰਵਰੀ ਮਹੀਨੇ ਵਿਚ ਜਲੰਧਰ ਤੋਂ ਆਈ. ਐੱਸ. ਟੀ. ਐੱਫ. ਟੀਮ ’ਤੇ ਹਮਲਾ ਕੀਤਾ ਸੀ। ਮੁਲਜ਼ਮ ਨੇ ਖੁਲਾਸਾ ਕੀਤਾ ਕਿ ਉਸ ਨੂੰ ਨੇਪਾਲੀ ਮੂਲ ਦਾ ਇਕ ਵੱਡਾ ਡਰੱਗ ਸਮੱਗਲਰ ਇੰਨੇ ਵੱਡੇ ਪੱਧਰ ’ਤੇ ਨਸ਼ੇ ਵਾਲੇ ਪਦਾਰਥਾਂ ਦੀ ਸਪਲਾਈ ਦਿੰਦਾ ਹੈ। ਉਕਤ ਨੇਪਾਲੀ ਸਮੱਗਲਰ ਦੇ ਤਾਰ ਦਿੱਲੀ ਨਾਲ ਸਬੰਧਤ ਡਰੱਗ ਮਾਫੀਆ ਨਾਲ ਜੁਡ਼ੇ ਹੋਏ ਹਨ, ਉਥੇ ਹੀ ਮੁਲਜ਼ਮ ਨੇ ਖੁਲਾਸਾ ਕੀਤਾ ਕਿ ਉਸ ਦੇ ਗੈਂਗ ਦਾ ਇਕ ਮੁੱਖ ਮੈਂਬਰ ਸਾਹਿਲ ਉਰਫ ਸਿੰਮੀ ਪੁੱਤਰ ਸੰਤੋਖ ਲਾਲ ਵਾਸੀ ਪਿੰਡ ਦਿਆਲਪੁਰ ਉਸ ਦੀ ਡਰੱਗ ਸਪਲਾਈ ਵਿਚ ਮਦਦ ਕਰਦਾ ਹੈ। ਜਿਸ ’ਤੇ ਪੁਲਸ ਟੀਮ ਨੇ ਛਾਪਾਮਾਰੀ ਕਰ ਕੇ ਸਾਹਿਲ ਉਰਫ ਸਿੰਮੀ ਨੂੰ ਗ੍ਰਿਫਤਾਰ ਕਰ ਲਿਆ। ਦੱਸਿਆ ਜਾਂਦਾ ਹੈ ਕਿ ਇਨ੍ਹਾਂ 2 ਅਹਿਮ ਗ੍ਰਿਫਤਾਰੀਆਂ ਨਾਲ ਆਉਣ ਵਾਲੇ ਦਿਨਾਂ ਵਿਚ ਇਕ ਵੱਡੇ ਡਰੱਗ ਨੈਟਵਰਕ ਦੇ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਸਿਰਫ 25 ਸਾਲ ਦਾ ਹੈ ਡਰੱਗ ਨੈੱਟਵਰਕ ਚਲਾਉਣ ਵਾਲਾ ਮੁੱਖ ਮੁਲਜ਼ਮ ਹਰਜਿੰਦਰ

ਛਾਪਾਮਾਰੀ ਕਰਨ ਆਈ ਐੱਸ. ਟੀ. ਐੱਫ. ਟੀਮ ਕਪੂਰਥਲਾ ’ਤੇ ਆਪਣੇ 17 ਹੋਰ ਸਾਥੀਆਂ ਨਾਲ ਕਾਤਲਾਨਾ ਹਮਲਾ ਕਰਨ ਵਾਲੇ ਗੈਂਗ ਦਾ ਮੁਖੀ ਹਰਜਿੰਦਰ ਸਿੰਘ ਉਰਫ ਜਿੰਦਰ ਸਿਰਫ 25 ਸਾਲ ਦਾ ਹੈ। ਜਿਸ ਨੇ ਪਿਛਲੇ 2-3 ਸਾਲ ਦੌਰਾਨ ਡਰੱਗ ਦੀ ਸਮੱਗਲਿੰਗ ਨਾਲ ਹੋਈ ਮੋਟੀ ਕਮਾਈ ਕਾਰਣ ਇਕ ਵੱਡਾ ਗੈਂਗ ਖਡ਼੍ਹਾ ਕਰ ਲਿਆ ਅਤੇ ਇਸ ਗੈਂਗ ਵਿਚ ਕਈ ਅਜਿਹੇ ਨੌਜਵਾਨ ਸ਼ਾਮਲ ਕੀਤੇ। ਜਿਨ੍ਹਾਂ ਨੂੰ ਗ੍ਰਿਫਤਾਰ ਡਰੱਗ ਸਮੱਗਲਰ ਨੇ ਮੋਟੀ ਰਕਮ ਦਾ ਲਾਲਚ ਦੇ ਕੇ ਡਰੱਗ ਸਮੱਗਲਿੰਗ ਦੇ ਧੰਦੇ ਵਿਚ ਸ਼ਾਮਲ ਕੀਤਾ ਹੈ। ਉਥੇ ਹੀ ਜਾਂਚ ਵਿਚ ਜੁਟੀ ਪੁਲਸ ਟੀਮ ਦਾ ਮੰਨਣਾ ਹੈ ਕਿ ਗ੍ਰਿਫਤਾਰ ਸਮੱਗਲਰ ਦੇ ਤਾਰ ਸੂਬੇ ਦੇ ਕੁਝ ਹੋਰ ਵੀ ਵੱਡੇ ਡਰੱਗ ਸਮੱਗਲਰਾਂ ਨਾਲ ਜੁਡ਼ੇ ਹੋ ਸਕਦੇ ਹਨ ।

Bharat Thapa

This news is Content Editor Bharat Thapa