ਦੋ ਲੋਕਾਂ ਦੀ ਹੱਤਿਆ ਕਰਕੇ ਸ਼ਰਾਬ ਠੇਕੇ ਤੋਂ 98 ਲੱਖ ਲੁੱਟਣ ਵਾਲਾ ਭਗੌੜਾ ਚਾਰ ਸਾਲਾਂ ਬਾਅਦ ਗ੍ਰਿਫਤਾਰ

07/12/2017 9:46:14 AM

 

ਚੰਡੀਗੜ੍ਹ(ਸੁਸ਼ੀਲ)-16 ਸਾਲ ਪਹਿਲਾਂ ਸੈਕਟਰ-24 'ਚ ਦੋ ਲੋਕਾਂ ਦੀ ਹੱਤਿਆ ਕਰਕੇ ਠੇਕੇ ਤੋਂ ਲੱਖਾਂ ਦੀ ਨਕਦੀ ਲੁੱਟਣ ਦੇ ਮਾਮਲੇ 'ਚ ਪੈਰੋਲ ਤੋਂ ਫਰਾਰ ਹੋਏ ਭਗੌੜੇ ਨੂੰ ਸੈਕਟਰ-24 ਚੌਕੀ ਪੁਲਸ ਨੇ ਸੋਮਵਾਰ ਨੂੰ ਚਾਰ ਸਾਲਾਂ ਬਾਅਦ ਯੂ. ਪੀ. ਦੇ ਅਮੇਠੀ ਦੇ ਰੇਲਵੇ ਸਟੇਸ਼ਨ 'ਤੇ ਦਬੋਚ ਲਿਆ। ਮੁਲਜ਼ਮ ਦੀ ਪਛਾਣ ਯੂ. ਪੀ. ਦੇ ਸੁਲਤਾਨਪੁਰ ਵਾਸੀ ਲਕਸ਼ਮਣ ਯਾਦਵ ਦੇ ਰੂਪ 'ਚ ਹੋਈ। ਮੁਲਜ਼ਮ ਨੂੰ 2013 'ਚ ਪੈਰੋਲ ਮਿਲੀ ਸੀ ਪਰ ਉਹ ਵਾਪਿਸ ਨਹੀਂ ਆਇਆ ਸੀ। ਇਸਦੇ ਬਾਅਦ ਅਦਾਲਤ ਨੇ ਉਸਨੂੰ ਭਗੌੜਾ ਐਲਾਨ ਦਿੱਤਾ ਸੀ।
ਪੁੱਛਗਿੱਛ 'ਚ ਪਤਾ ਲੱਗਾ ਕਿ ਪੈਰੋਲ ਮਿਲਣ ਦੇ ਬਾਅਦ ਉਹ ਮੁੰਬਈ ਚਲਾ ਗਿਆ ਸੀ, ਉਥੇ ਉਹ ਡਰਾਈਵਰ ਦੀ ਨੌਕਰੀ ਕਰ ਰਿਹਾ ਸੀ। ਮੰਗਲਵਾਰ ਨੂੰ ਪੁਲਸ ਮੁਲਜ਼ਮ ਲਕਸ਼ਮਣ ਯਾਦਵ ਨੂੰ ਲੈ ਕੇ ਚੰਡੀਗੜ੍ਹ ਪਹੁੰਚੀ ਤੇ ਉਸ ਨੂੰ ਡਿਊਟੀ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ। ਅਦਾਲਤ ਨੇ ਉਸ ਨੂੰ ਨਿਆਇਕ ਹਿਰਾਸਤ 'ਚ ਭੇਜ ਦਿੱਤਾ।ਸੈਕਟਰ-11 ਥਾਣਾ ਮੁਖੀ ਨੇ ਦੱਸਿਆ ਕਿ 2000 'ਚ ਸੈਕਟਰ-24 ਸਥਿਤ ਸ਼ਰਾਬ ਦੇ ਠੇਕੇ ਤੋਂ ਲਕਸ਼ਮਣ ਯਾਦਵ ਨੇ ਆਪਣੇ ਤਿੰਨ ਸਾਥੀਆਂ ਦੇ ਨਾਲ ਮਿਲ ਕੇ 98 ਲੱਖ ਦੀ ਲੁੱਟ ਕੀਤੀ ਸੀ।ਚਾਰੇ ਠੇਕੇ 'ਤੇ ਮੌਜੂਦ ਦੋ ਕਰਿੰਦਿਆਂ ਦੀ ਹੱਤਿਆ ਕਰਕੇ ਫਰਾਰ ਹੋ ਗਏ ਸਨ। ਪੁਲਸ ਨੇ 3 ਮੁਲਜ਼ਮਾਂ ਯੂ. ਪੀ. ਵਾਸੀ ਮੇਵਾ ਰਾਮ, ਜੀਵਾ ਰਾਮ ਤੇ ਤ੍ਰਿਲੋਕੀ ਨੂੰ ਯੂ. ਪੀ. ਤੋਂ ਕਾਬੂ ਕੀਤਾ ਸੀ।ਮੁੱਖ ਮੁਲਜ਼ਮ ਲਕਸ਼ਮਣ ਯਾਦਵ ਨੂੰ ਪੁਲਸ ਨੇ 2005 'ਚ ਯੂ. ਪੀ. ਤੋਂ ਗ੍ਰਿਫਤਾਰ ਕੀਤਾ ਸੀ। ਕੇਸ ਟ੍ਰਾਇਲ ਦੌਰਾਨ ਮੇਵਾ ਰਾਮ ਦੀ ਮੌਤ ਹੋ ਗਈ ਸੀ। ਜ਼ਿਲਾ ਅਦਾਲਤ ਨੇ ਜੀਵਾ ਰਾਮ, ਤ੍ਰਿਲੋਕੀ ਤੇ ਲਕਸ਼ਮਣ ਨੂੰ 20-20 ਸਾਲ ਦੀ ਸਜ਼ਾ ਸੁਣਾਈ ਸੀ।