ਪੈਟਰੋਲ ਪੰਪ ਤੋਂ ਗੈਸ ਸਿਲੰਡਰ ਚੋਰੀ ਕਰਨ ਵਾਲੇ ਮੁਲਜ਼ਮ ਗ੍ਰਿਫਤਾਰ

08/19/2017 6:53:46 AM

ਕਪੂਰਥਲਾ, (ਭੂਸ਼ਣ)- ਬੀਤੀ 13 ਅਗਸਤ ਦੀ ਰਾਤ ਕਪੂਰਥਲਾ-ਕਰਤਾਰਪੁਰ ਮਾਰਗ 'ਤੇ ਇਕ ਪੈਟਰੋਲ ਪੰਪ ਤੋਂ ਗੈਸ ਸਿਲੰਡਰ ਚੋਰੀ ਕਰਨ ਵਾਲੇ 2 ਮੁਲਜ਼ਮਾਂ ਨੂੰ ਥਾਣਾ ਕੋਤਵਾਲੀ ਦੀ ਪੁਲਸ ਨੇ ਸੀ. ਸੀ. ਟੀ. ਵੀ. ਫੁਟੇਜ ਦੇ ਆਧਾਰ 'ਤੇ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮਾਂ ਨੂੰ ਅਦਾਲਤ ਨੇ 14 ਦਿਨ ਦੀ ਜੁਡੀਸ਼ੀਅਲ ਹਿਰਾਸਤ ਵਿਚ ਭੇਜ ਦਿੱਤਾ ਹੈ। 
ਜਾਣਕਾਰੀ ਅਨੁਸਾਰ ਜਗਮੋਹਨ ਸਿੰਘ ਵਾਲੀਆ ਪੁੱਤਰ ਮਨਮੋਹਨ ਸਿੰਘ ਵਾਲੀਆ ਨਿਵਾਸੀ ਅਮਨ ਨਗਰ ਕਪੂਰਥਲਾ ਨੇ ਥਾਣਾ ਕੋਤਵਾਲੀ ਦੀ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਦੱਸਿਆ ਸੀ ਕਿ ਉਨ੍ਹਾਂ ਦਾ ਕਪੂਰਥਲਾ-ਕਰਤਾਰਪੁਰ ਮਾਰਗ 'ਤੇ ਪੈਟਰੋਲ ਪੰਪ ਹੈ ।  ਪੈਟਰੋਲ ਪੰਪ ਦੇ ਬਾਹਰ ਉਨ੍ਹਾਂ ਨੇ ਕਮਰਾ ਬਣਾ ਕੇ ਇਕ ਗੈਸ ਸਿਲੰਡਰ ਰੱਖਿਆ ਹੋਇਆ ਸੀ। ਇਸ ਦੌਰਾਨ 13 ਅਗਸਤ ਦੀ ਰਾਤ ਉਨ੍ਹਾਂ ਦੇ ਕਮਰੇ ਤੋਂ ਕੁੱਝ ਅਣਪਛਾਤੇ ਵਿਅਕਤੀ ਗੈਸ ਸਿਲੰਡਰ ਚੁਰਾ ਕੇ ਲੈ ਗਏ। ਜਿਸ ਸਮੇਂ ਮੁਲਜ਼ਮ ਗੈਸ ਸਿਲੰਡਰ ਚੁਰਾ ਰਹੇ ਸਨ ਉਸ ਦਾ ਸਾਰਾ ਦ੍ਰਿਸ਼ ਪੈਟਰੋਲ ਪੰਪ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਕੈਦ ਹੋ ਗਿਆ । ਇਨ੍ਹਾਂ ਕੈਮਰਿਆਂ ਦੀ ਫੁਟੇਜ ਦੇ ਮੁਤਾਬਕ ਮੁਲਜ਼ਮ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ ਸਨ। ਜਿਨ੍ਹਾਂ ਦੀ ਤਲਾਸ਼ ਕਰਨ ਦੇ ਬਾਅਦ ਉਨ੍ਹਾਂ ਨੂੰ ਪਤਾ ਚਲਿਆ ਕਿ ਉਨ੍ਹਾਂ ਦੇ ਪੈਟਰੋਲ ਪੰਪ ਤੋਂ ਗੈਸ ਸਿਲੰਡਰ ਚੋਰੀ ਕਰਨ ਵਾਲੇ ਮੁਲਜ਼ਮ ਹਰਜਿੰਦਰ ਸਿੰਘ ਉਰਫ ਗੋਰਾ ਪੁੱਤਰ ਗੁਰਮੇਜ ਸਿੰਘ ਤੇ ਮਨਪ੍ਰੀਤ ਸਿੰਘ ਪੁੱਤਰ ਭਰਤ ਸਿੰਘ ਦੋਵੇਂ ਨਿਵਾਸੀ ਸ਼ਿਵ ਕਾਲੋਨੀ ਕਪੂਰਥਲਾ ਹਨ।
ਥਾਣਾ ਕੋਤਵਾਲੀ ਦੀ ਪੁਲਸ ਨੇ ਦੋਵਾਂ ਮੁਲਜ਼ਮਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਇਕ ਗੁਪਤ ਸੂਚਨਾ ਦੇ ਆਧਾਰ 'ਤੇ ਐੱਸ. ਐੱਚ. ਓ. ਇੰਸਪੈਕਟਰ ਹਰਗੁਰਦੇਵ ਸਿੰਘ ਦੀ ਅਗਵਾਈ ਵਿਚ ਛਾਪਾਮਾਰੀ ਕਰਕੇ ਦੋਵਾਂ ਮੁਲਜ਼ਮਾਂ ਹਰਜਿੰਦਰ ਸਿੰਘ ਉਰਫ ਗੋਰਾ ਤੇ ਮਨਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਤੋਂ ਚੋਰੀ ਦਾ ਗੈਸ ਸਿਲੰਡਰ ਬਰਾਮਦ ਕਰ ਲਿਆ ਹੈ।