ED ਦੀ ਕਾਰਵਾਈ, ਨਾਜਾਇਜ਼ ਮਾਈਨਿੰਗ ਮਾਮਲੇ 'ਚ ਸਾਬਕਾ CM ਚੰਨੀ ਦੇ ਭਾਣਜੇ ਹਨੀ ਦਾ ਸਾਥੀ ਕੀਤਾ ਗ੍ਰਿਫ਼ਤਾਰ

06/05/2022 11:41:50 AM

ਲੁਧਿਆਣਾ/ਜਲੰਧਰ (ਗੌਤਮ, ਜਤਿੰਦਰ, ਭਾਰਦਵਾਜ)- ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੀ ਟੀਮ ਨੇ ਸ਼ਨੀਵਾਰ ਨੂੰ ਗੈਰ-ਕਾਨੂੰਨੀ ਮਾਈਨਿੰਗ ਦੇ ਮਾਮਲੇ ਵਿਚ ਚੱਲ ਰਹੀ ਕਾਰਵਾਈ ਨੂੰ ਲੈ ਕੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ਭੂਪਿੰਦਰ ਸਿੰਘ ਹਨੀ ਦੇ ਸਾਥੀ ਕਾਰੋਬਾਰੀ ਕੁਦਰਤਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਵਿਭਾਗ ਦੀ ਟੀਮ ਨੇ ਉਸ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਮਾਣਯੋਗ ਕੋਰਟ ’ਚ ਪੇਸ਼ ਕੀਤਾ, ਜਿੱਥੋਂ ਉਸ ਨੂੰ ਜੁਡੀਸ਼ੀਅਲ ਰਿਮਾਂਡ ਉੱਤੇ ਭੇਜ ਦਿੱਤਾ ਗਿਆ ਹੈ। ਵਿਭਾਗੀ ਸੂਤਰਾਂ ਅਨੁਸਾਰ ਕੋਰਟ ਵਿਚ ਪੇਸ਼ ਕਰਨ ਤੋਂ ਪਹਿਲਾਂ ਕੁਦਰਤਦੀਪ ਤੋਂ ਵਿਭਾਗ ਦੀ ਟੀਮ ਨੇ ਪੁੱਛਗਿੱਛ ਵੀ ਕੀਤੀ, ਇਸ ਦੌਰਾਨ ਵਿਭਾਗ ਨੂੰ ਕਾਫ਼ੀ ਅਹਿਮ ਸੁਰਾਗ ਵੀ ਮਿਲੇ ਹਨ।

ਇਹ ਵੀ ਪੜ੍ਹੋ: ਕਪੂਰਥਲਾ ਦੇ ਸਿਵਲ ਹਸਪਤਾਲ ’ਚ ਰੂਹ ਕੰਬਾਊ ਵਾਰਦਾਤ, ਪਤੀ ਨੇ ਪਤਨੀ ਦਾ ਬੇਰਹਿਮੀ ਨਾਲ ਕੀਤਾ ਕਤਲ

ਵਿਭਾਗੀ ਸੂਤਰਾਂ ਅਨੁਸਾਰ ਈ. ਡੀ. ਵੱਲੋਂ ਹਨੀ ਦੇ ਮਾਮਲੇ ਨੂੰ ਲੈ ਕੇ ਮਾਣਯੋਗ ਕੋਰਟ ਵਿਚ ਜੋ ਚਾਰਜਸ਼ੀਟ ਦਰਜ ਕੀਤੀ ਗਈ ਸੀ, ਉਸ ਵਿਚ ਉਕਤ ਕਾਰੋਬਾਰੀ ਦਾ ਨਾਂ ਵੀ ਸ਼ਾਮਲ ਸੀ, ਜਿਸ ਨੂੰ ਲੈ ਕੇ ਵਿਭਾਗ ਵੱਲੋਂ ਪਹਿਲਾਂ ਸੰਮਨ ਭੇਜ ਕੇ ਪੇਸ਼ ਹੋਣ ਲਈ ਕਿਹਾ ਗਿਆ ਸੀ ਪਰ ਉਸ ਨੇ ਇਸ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਜ਼ਮਾਨਤੀ ਵਾਰੰਟ ਭੇਜਣ ਤੋਂ ਬਾਅਦ ਵਿਭਾਗ ਦੇ ਸਾਹਮਣੇ ਪੇਸ਼ ਨਹੀਂ ਹੋਇਆ ਅਤੇ ਅਖੀਰ ਵਿਭਾਗ ਨੇ ਉਸ ਦੇ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ। ਵਾਰ-ਵਾਰ ਸੰਮਨ ਜਾਰੀ ਕਰਨ ਦੇ ਬਾਵਜੂਦ ਪੇਸ਼ ਨਾ ਹੋਣ ਕਾਰਨ ਅਦਾਲਤ ਵੱਲੋਂ ਭਗੌੜਾ ਐਲਾਨੇ ਗਏ ਕੁਦਰਤਦੀਪ ਸਿੰਘ ਨੂੰ ਈ. ਡੀ. ਨੇ ਇਕ ਪ੍ਰੋਗਰਾਮ ਦੌਰਾਨ ਫੜਿਆ ਹੈ। ਕੁਦਰਤਦੀਪ ਸਿੰਘ ਛੁਪਦੇ ਹੋਏ ਇਕ ਇਮੀਗ੍ਰੇਸ਼ਨ ਕੰਪਨੀ ਦਾ ਦਫ਼ਤਰ ਖੋਲ੍ਹਣ ਦੇ ਸਬੰਧ 'ਚ ਆਯੋਜਿਤ ਪ੍ਰੋਗਰਾਮ 'ਚ ਸ਼ਾਮਲ ਹੋਣ ਲਈ ਅੰਮ੍ਰਿਤਸਰ ਪਹੁੰਚਿਆ ਸੀ।

ਇਨਫੋਰਸਮੈਂਟ ਡਾਇਰੈਕਟੋਰੇਟ ਦੇ ਅਧਿਕਾਰੀਆਂ ਨੂੰ ਵੀ ਇਸ ਬਾਰੇ ਪਤਾ ਲੱਗਾ। ਤੁਰੰਤ ਕਾਰਵਾਈ ਕਰਦੇ ਹੋਏ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਅਧਿਕਾਰੀਆਂ ਨੇ ਅੰਮ੍ਰਿਤਸਰ ਦੀ ਸਥਾਨਕ ਪੁਲਸ ਦੀ ਮਦਦ ਲੈ ਕੇ ਕੁਦਰਤਦੀਪ ਨੂੰ ਇਮੀਗ੍ਰੇਸ਼ਨ ਕੰਪਨੀ ਦੇ ਇਕ ਪ੍ਰੋਗਰਾਮ ਦੌਰਾਨ ਫੜ ਲਿਆ। ਸੂਤਰਾਂ ਅਨੁਸਾਰ ਵਿਭਾਗ ਨੂੰ ਪਤਾ ਚਲਿਆ ਸੀ ਕਿ ਗੈਰ-ਕਾਨੂੰਨੀ ਮਾਈਨਿੰਗ ਦੇ ਮਾਮਲੇ ਵਿਚ ਉਹ ਨਾਲ ਸੀ ਅਤੇ ਕਿਤੇ ਉਸ ਦਾ ਵੀ ਹਿੱਸਾ ਸੀ।

ਇਹ ਵੀ ਪੜ੍ਹੋ: ਪੰਜਾਬ ’ਚ 45 ਗੈਂਗਸਟਰਾਂ ਸਰਗਰਮ, ਗਾਇਕਾਂ ਤੇ ਅਭਿਨੇਤਾਵਾਂ ਤੋਂ ਲੈ ਵੀ ਚੁੱਕੇ ਨੇ 10-10 ਲੱਖ ਦੀ ਰੰਗਦਾਰੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri