ਮੋਟਰਸਾਈਕਲ ਸਮੇਤ ਮੋਬਾਇਲ ਝਪਟਮਾਰ ਗ੍ਰਿਫਤਾਰ

06/23/2018 5:41:33 AM

ਸੁਲਤਾਨਪੁਰ ਲੋਧੀ, (ਧੀਰ)- ਥਾਣਾ ਸੁਲਤਾਨਪੁਰ ਲੋਧੀ ਪੁਲਸ ਨੇ ਮੋਬਾਇਲ ਖੋਹਣ ਦੇ ਮਾਮਲੇ 'ਚ ਇਕ ਕੇਸ ਦਰਜ ਕਰ ਕੇ ਮੁਲਜ਼ਮ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਪ੍ਰਾਪਤ ਕੀਤੀ ਹੈ। ਇਸ ਸਬੰਧੀ ਥਾਣਾ ਮੁਖੀ ਸਰਬਜੀਤ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਲਖਵੀਰ ਸਿੰਘ ਚੌਕੀ ਇੰਚਾਰਜ ਭੁਲਾਣਾ ਦੇ ਕੋਲ ਧੂਮ ਸਿੰਘ ਵਾਸੀ ਕੁਆਰਟਰ ਨੰ.111 ਸੀ. ਟਾਈਪ 4 ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਦਾ ਬੇਟਾ ਅੰਕਿਤ ਕੰਬੋਜ ਬੀਤੀ ਸ਼ਾਮ ਨੂੰ ਸੈਰ ਕਰਨ ਲਈ ਜਾ ਰਿਹਾ ਸੀ ਤਾਂ ਕਮਿਊਨਿਟੀ ਹਾਲ ਦੇ ਨਜ਼ਦੀਕ ਇਕ ਪਲਸਰ ਮੋਟਰਸਾਈਕਲ 'ਤੇ ਨੌਜਵਾਨ ਉਸ ਦਾ ਮੋਬਾਇਲ ਖੋਹ ਕੇ ਲੈ ਗਿਆ।
ਧੂਮ ਸਿੰਘ ਦੀ ਸ਼ਿਕਾਇਤ 'ਤੇ ਪੁਲਸ ਨੇ ਮੁਕੱਦਮਾ ਦਰਜ ਕਰ ਕੇ ਅੱਜ ਚੌਕੀ ਇੰਚਾਰਜ ਭੁਲਾਣਾ ਲਖਵੀਰ ਸਿੰਘ ਦੀ ਅਗਵਾਈ ਹੇਠ ਆਰ. ਸੀ. ਐੱਫ. ਗੇਟ ਨੰ. 2 ਤੇ 3 ਉਪਰ ਵਿਸ਼ੇਸ਼ ਨਾਕੇਬੰਦੀ ਕੀਤੀ ਹੋਈ ਸੀ ਤਾਂ ਗੇਟ ਨੰ. 2 ਤੇ 3 ਦਰਮਿਆਨ ਇਕ ਪਲਸਰ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਵੇਖਿਆ, ਜੋ ਪੁਲਸ ਪਾਰਟੀ ਨੂੰ ਵੇਖ ਕੇ ਮੋਟਰਸਾਈਕਲ 'ਤੇ ਫਰਾਰ ਹੋਣ ਲੱਗਾ ਤਾਂ ਪੁਲਸ ਮੁਲਾਜ਼ਮਾਂ ਨੇ ਘੇਰਾਬੰਦੀ ਕਰ ਕੇ ਉਸ ਨੂੰ ਕਾਬੂ ਕਰ ਲਿਆ ਤੇ ਫਿਰ ਉਸ ਦੀ ਪਛਾਣ ਵਾਸਤੇ ਧੂਮ ਸਿੰਘ ਦੇ ਬੇਟੇ ਅੰਕਿਤ ਬਜਾਜ ਨੂੰ ਵੀ ਸੱਦ ਲਿਆ, ਜਿਸ ਨੇ ਉਸ ਪਾਸੋਂ ਮੋਬਾਇਲ ਖੋਹਣ ਦੀ ਪੁਸ਼ਟੀ ਕੀਤੀ। ਪੁਲਸ ਵੱਲੋਂ ਵਿਅਕਤੀ ਦੀ ਤਲਾਸ਼ੀ ਲੈਣ 'ਤੇ ਉਸ ਦੀ ਜੇਬ 'ਚੋਂ ਉਕਤ ਮੋਬਾਇਲ ਬਰਾਮਦ ਹੋਇਆ।  ਉਨ੍ਹਾਂ ਦੱਸਿਆ ਕਿ ਮੋਬਾਇਲ ਖੋਹਣ ਵਾਲੇ ਮੁਲਜ਼ਮ ਪ੍ਰਭੂ ਪੁੱਤਰ ਤਰਸੇਮ ਲਾਲ ਵਾਸੀ ਨਰੋਤਮ ਵਿਹਾਰ ਕਪੂਰਥਲਾ ਖਿਲਾਫ ਧਾਰਾ 379 ਬੀ ਤਹਿਤ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਦੇ ਖਿਲਾਫ ਪਹਿਲਾਂ ਵੀ 2 ਮੁਕੱਦਮੇ ਦਰਜ ਸਨ ਤੇ ਉਹ ਇਨ੍ਹਾਂ ਦਿਨਾਂ 'ਚ ਜੇਲ ਤੋਂ ਜ਼ਮਾਨਤ 'ਤੇ ਬਾਹਰ ਸੀ।