ਦਰਜਨਾਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 2 ਖਤਰਨਾਕ ਬਦਮਾਸ਼ ਲੁਟੇਰੇ ਗ੍ਰਿਫ਼ਤਾਰ

07/02/2019 9:41:36 AM

ਹੁਸ਼ਿਆਰਪੁਰ/ਟਾਂਡਾ ਉੜਮੁੜ (ਅਸ਼ਵਨੀ, ਪੰਡਿਤ, ਮੋਮੀ, ਗੁਪਤਾ)—ਜ਼ਿਲਾ ਪੁਲਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਤੇ ਲੁੱਟ-ਖੋਹ ਦੀਆਂ ਘਟਨਾਵਾਂ 'ਚ ਸ਼ਾਮਲ ਲੁਟੇਰਿਆਂ ਨੂੰ ਕਾਬੂ ਕਰਨ ਲਈ ਸ਼ੁਰੂ ਕੀਤੀ ਮੁਹਿੰਮ ਦੌਰਾਨ ਪੁਲਸ ਨੂੰ ਉਸ ਸਮੇਂ ਭਾਰੀ ਸਫ਼ਲਤਾ ਮਿਲੀ ਜਦੋਂ ਲੁੱਟ-ਖੋਹ ਦੀਆਂ ਘਟਨਾਵਾਂ ਵਿਚ ਸ਼ਾਮਲ 2 ਖਤਰਨਾਕ ਬਦਮਾਸ਼ ਲੁਟੇਰਿਆਂ ਨੂੰ ਕਾਬੂ ਕੀਤਾ ਹੈ। ਐੱਸ. ਐੱਸ. ਪੀ. ਜੇ. ਏਲੀਚੇਲਿਅਨ ਨੇ ਅੱਜ ਪੁਲਸ ਕੰਟਰੋਲ ਰੂਮ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਐੱਸ. ਪੀ. ਇਨਵੈਸਟੀਗੇਸ਼ਨ ਧਰਮਵੀਰ ਦੀ ਅਗਵਾਈ 'ਚ ਗਠਿਤ ਟੀਮ, ਜਿਸ ਵਿਚ ਡੀ. ਐੱਸ. ਪੀ. ਟਾਂਡਾ ਗੁਰਪ੍ਰੀਤ ਸਿੰਘ ਗਿੱਲ, ਡੀ. ਐੱਸ. ਪੀ. ਮੇਜਰ ਕ੍ਰਾਈਮ ਰਾਕੇਸ਼ ਕੁਮਾਰ, ਥਾਣਾ ਮਾਡਲ ਟਾਊਨ ਦੇ ਇੰਚਾਰਜ ਇੰਸਪੈਕਟਰ ਭਰਤ ਮਸੀਹ, ਥਾਣਾ ਟਾਂਡਾ ਦੇ ਇੰਚਾਰਜ ਇੰਸਪੈਕਟਰ ਹਰਗੁਰਦੇਵ ਸਿੰਘ ਆਦਿ ਸ਼ਾਮਲ ਸਨ, ਨੇ ਟਾਂਡਾ ਦੇ ਜਾਜਾ ਚੌਕ ਵਿਖੇ ਇਕ ਸਫ਼ਾਰੀ ਗੱਡੀ ਨੰ. ਪੀ. ਬੀ. 08-ਸੀ. ਕੇ-0515 ਨੂੰ ਰੋਕਣ ਦਾ ਯਤਨ ਕੀਤਾ ਤਾਂ ਚਾਲਕ ਨੇ ਉਸਨੂੰ ਭਜਾ ਲਿਆ। ਪੁਲਸ ਨੇ ਇਸ ਕੋਸ਼ਿਸ਼ ਨੂੰ ਅਸਫ਼ਲ ਬਣਾ ਦਿੱਤਾ ਅਤੇ ਕਾਰ ਨੂੰ ਘੇਰ ਲਿਆ। ਇਸ ਦੌਰਾਨ ਗੱਡੀ ਵਿਚ ਸਵਾਰ ਦੋ ਨੌਜਵਾਨਾਂ ਨੇ ਰੇਲਵੇ ਓਵਰ ਬ੍ਰਿਜ ਤੋਂ ਛਾਲ ਮਾਰਨ ਦੀ ਕੋਸ਼ਿਸ਼ ਕੀਤੀ ਪਰ ਪੁਲਸ ਨੇ ਦੋਵਾਂ ਨੂੰ ਕਾਬੂ ਕਰ ਲਿਆ।ਐੱਸ. ਐੱਸ. ਪੀ. ਨੇ ਦੱਸਿਆ ਕਿ ਦੋਵੇਂ ਕਾਬੂ ਕੀਤੇ ਗਏ ਬਦਮਾਸ਼ ਲੁਟੇਰਿਆਂ 'ਚ ਮਨਜੀਤ ਸਿੰਘ ਉਰਫ ਜੱਪੀ ਪੁੱਤਰ ਚਰਨ ਸਿੰਘ ਵਾਸੀ ਹੰਦੋਵਾਲ ਕਲਾਂ ਥਾਣਾ ਚੱਬੇਵਾਲ ਅਤੇ ਬਲਵਿੰਦਰ ਸਿੰਘ ਉਰਫ ਬਿੰਦਰ ਪੁੱਤਰ ਬਲਦੇਵ ਸਿੰਘ ਵਾਸੀ ਭੀਲੋਵਾਲ ਰੋਡ ਚੱਬੇਵਾਲ ਸ਼ਾਮਲ ਹਨ।

ਇਹ ਹੋਈ ਬਰਾਮਦਗੀ
ਜ਼ਿਲਾ ਪੁਲਸ ਮੁਖੀ ਨੇ ਦੱਸਿਆ ਕਿ ਕਬਜ਼ੇ 'ਚ ਲਈ ਗਈ ਗੱਡੀ ਦੀ ਤਲਾਸ਼ੀ ਲੈਣ 'ਤੇ ਉਸ ਵਿਚੋਂ 4 ਦੇਸੀ ਪਿਸਤੌਲ (ਕੱਟੇ), .9 ਐੱਮ. ਐੱਮ. ਦੇ 48 ਜ਼ਿੰਦਾ ਕਾਰਤੂਸ, ਇਕ ਰਿਵਾਲਵਰ .32 ਬੋਰ, 93 ਜ਼ਿੰਦਾ ਕਾਰਤੂਸ, 30 ਗ੍ਰਾਮ ਹੈਰੋਇਨ, 320 ਗ੍ਰਾਮ ਨਸ਼ੀਲਾ ਪਾਊਡਰ, ਇਕ ਲੈਪਟਾਪ, 2.57 ਲੱਖ ਰੁਪਏ ਦੀ ਨਕਦੀ, 6 ਮੋਬਾਇਲ ਫੋਨ, 2 ਜਿਓ ਇੰਟਰਨੈੱਟ ਡੌਂਗਲ ਅਤੇ 2 ਇਲੈਕਟ੍ਰੋਨਿਕਸ ਕੰਡੇ ਬਰਾਮਦ ਕੀਤੇ ਗਏ।

ਇਨ੍ਹਾਂ ਵਾਰਦਾਤਾਂ ਦਾ ਮਿਲਿਆ ਸੁਰਾਗ
ਐੱਸ. ਐੱਸ. ਪੀ. ਨੇ ਦੱਸਿਆ ਕਿ ਥਾਣਾ ਗੜ੍ਹਸ਼ੰਕਰ ਅਧੀਨ 4 ਅਗਸਤ 2018 ਨੂੰ 4 ਲੱਖ ਰੁਪਏ ਦੀ ਲੁੱਟ, 9 ਨਵੰਬਰ 2018 ਨੂੰ ਥਾਣਾ ਮਾਹਿਲਪੁਰ 'ਚ ਪੁਲਸ ਮੁਕਾਬਲੇ ਦੀ ਘਟਨਾ ਦੇ ਸਬੰਧ 'ਚ ਕੇਸ ਦਰਜ, 28 ਮਾਰਚ 2019 ਨੂੰ ਚੱਬੇਵਾਲ ਹਲਕੇ 'ਚ 12 ਲੱਖ ਰੁਪਏ ਦੀ ਲੁੱਟ ਦੀ ਵਾਰਦਾਤ, 18 ਜੂਨ ਨੂੰ ਚੱਬੇਵਾਲ ਹਲਕੇ 'ਚ ਇਕ ਦੁਕਾਨ 'ਤੇ ਫਾਇਰਿੰਗ ਦੀ ਘਟਨਾ, 27 ਅਪ੍ਰੈਲ ਨੂੰ ਹੱਤਿਆ ਦੀ ਕੋਸ਼ਿਸ਼ ਤੇ ਪੈਟਰੋਲ ਪੰਪ ਮਾਲਕ ਤੋਂ ਅਸਲਾ ਲੁੱਟਣ ਦੀ ਘਟਨਾ ਦੇ ਸਬੰਧ 'ਚ ਮਾਮਲੇ ਦਰਜ ਹਨ।

ਐੱਸ. ਐੱਸ. ਪੀ. ਨੇ ਦੱਸਿਆ ਕਿ ਇਸ ਤੋਂ ਇਲਾਵਾ ਬਲਵਿੰਦਰ ਸਿੰਘ ਦੇ ਖਿਲਾਫ਼ ਥਾਣਾ ਚੱਬੇਵਾਲ ਤੇ ਥਾਣਾ ਸਿਟੀ ਬੰਗਾ 'ਚ ਨਸ਼ਾ ਵਿਰੋਧੀ ਐਕਟ, ਆਬਕਾਰੀ ਐਕਟ, ਅਸਲਾ ਐਕਟ ਤੇ ਚੋਰੀ ਦੀ ਘਟਨਾ ਦੇ ਸਬੰਧ 'ਚ 4 ਮਾਮਲੇ ਦਰਜ ਹਨ। ਮਨਜੀਤ ਸਿੰਘ ਖਿਲਾਫ਼ ਥਾਣਾ ਚੱਬੇਵਾਲ 'ਚ ਝਗੜੇ ਦੀ ਘਟਨਾ ਦੇ ਸਬੰਧ 'ਚ ਇਕ ਮਾਮਲਾ ਦਰਜ ਹੈ।

Shyna

This news is Content Editor Shyna