ਹਜ਼ਰਤ ਮੁਹੰਮਦ ਸਾਹਿਬ ਦੇ ਖ਼ਿਲਾਫ਼ ਸੋਸ਼ਲ ਮੀਡੀਆ ’ਤੇ ਇਤਰਾਜ਼ਯੋਗ ਟਿੱਪਣੀ ਕਰਨ ਵਾਲਾ ਗ੍ਰਿਫ਼ਤਾਰ

04/08/2020 9:35:36 PM

ਪਟਿਆਲਾ, (ਬਲਜਿੰਦਰ, ਜੋਸਨ)- ਜ਼ਿਲੇ ਦੇ ਐੱਸ. ਐੱਸ. ਪੀ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਸੋਸ਼ਲ ਮੀਡੀਆ ’ਤੇ ਹਜ਼ਰਤ ਮੁਹੰਮਦ ਸਾਹਿਬ ਅਤੇ ਮੁਸਲਿਮ ਭਾਈਚਾਰੇ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀ ਕਰਨ ਦੇ ਮਾਮਲੇ ’ਚ ਥਾਣਾ ਤ੍ਰਿਪਡ਼ੀ ਵਿਖੇ ਮੁਕੱਦਮਾ ਦਰਜ ਕਰ ਕੇ ਆਕਾਸ਼ ਦੀਪ ਨਾਮਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸਬੰਧੀ ਐੱਸ. ਐੱਸ. ਪੀ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਫੇਸਬੁੱਕ ’ਤੇ ਕਿਸੇ ਵਿਅਕਤੀ ਵੱਲੋਂ ਹਜ਼ਰਤ ਮੁਹੰਮਦ ਸਾਹਿਬ ਅਤੇ ਮੁਸਲਿਮ ਭਾਈਚਾਰੇ ਬਾਰੇ ਅਪਸ਼ਬਦ ਵਰਤੇ ਗਏ ਗਏ ਸਨ। ਜਦ ਇਹ ਪੋਸਟ ਪਟਿਆਲਾ ਪੁਲਸ ਦੇ ਧਿਆਨ ’ਚ ਆਈ ਤਾਂ ਪੁਲਸ ਦੇ ਸੋਸ਼ਲ ਮੀਡੀਆ ਸੈੱਲ ਅਤੇ ਸੀ. ਆਈ. ਏ. ਪਟਿਆਲਾ ਵੱਲੋਂ ਪੋਸਟ ਪਾਉਣ ਵਾਲੇ ਵਿਅਕਤੀ ਨੂੰ ਤਕਨੀਕੀ ਸਾਧਨਾਂ ਰਾਹੀਂ ਟਰੈਕ ਕੀਤਾ ਗਿਆ ਅਤੇ ਆਕਾਸ਼ ਦੀਪ ਨਾਮੀ ਵਿਅਕਤੀ ਨੂੰ ਇਸ ਸਬੰਧੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜੋ ਕਿ ਇਕ ਮੀਡੀਆ ਹਾਊਸ ਵਿਖੇ ਪ੍ਰੋਡਕਸ਼ਨ ਮੈਨੇਜਰ ਦੇ ਤੌਰ ’ਤੇ ਪਹਿਲਾਂ ਕੰਮ ਕਰਦਾ ਸੀ। ਉਨ੍ਹਾਂ ਦੱਸਿਆ ਕਿ ਜਿਸ ਮੋਬਾਇਲ ਰਾਹੀਂ ਉਸ ਵੱਲੋਂ ਮੈਸੇਜ ਕੀਤੇ ਗਏ ਸਨ, ਨੂੰ ਵੀ ਕਬਜ਼ੇ ’ਚ ਲੈ ਲਿਆ ਹੈ। ਸਿੱਧੂ ਨੇ ਕਿਹਾ ਕਿ ਭਲਕੇ ਆਕਾਸ਼ ਦੀਪ ਨੂੰ ਅਦਾਲਤ ’ਚ ਪੇਸ਼ ਕਰ ਕੇ ਰਿਮਾਂਡ ਪ੍ਰਾਪਤ ਕੀਤਾ ਜਾਵੇਗਾ। ਐੱਸ. ਐੱਸ. ਪੀ. ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਅਤੇ ਡੀ. ਜੀ. ਪੀ. ਪੰਜਾਬ ਵੱਲੋਂ ਸਖ਼ਤ ਸੁਨੇਹਾ ਹੈ ਕਿ ਪੰਜਾਬ ’ਚ ਸਾਰੇ ਫਿਰਕੇ ਅਮਨ-ਅਮਾਨ ਅਤੇ ਆਪਸੀ ਭਾਈਚਾਰਕ ਸਾਂਝ ਨਾਲ ਰਹਿੰਦੇ ਹਨ। ਪੰਜਾਬ ’ਚ ਕਿਸੇ ਵੀ ਧਰਮ ਜਾ ਫਿਰਕੇ ਖ਼ਿਲਾਫ਼ ਕੋਈ ਟਿੱਪਣੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੱਲ ਜਦੋਂ ਪਟਿਆਲਾ ਪੁਲਸ ਨੂੰ ਫੇਸਬੁੱਕ ’ਤੇ ਇਸ ਪੋਸਟ ਬਾਰੇ ਪਤਾ ਲੱਗਾ ਤਾਂ ਤੁਰੰਤ ਕਾਰਵਾਈ ਕਰਦਿਆਂ ਪੋਸਟ ਪਾਉਣ ਵਾਲੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਸ਼ਰਾਰਤੀ ਅਨਸਰਾਂ ਨੂੰ ਸਖ਼ਤ ਸੁਨੇਹਾ ਹੈ ਕਿ ਉਨ੍ਹਾਂ ਵੱਲੋਂ ਕੀਤੀਆਂ ਜਾ ਰਹੀਆਂ ਅਜਿਹੀਆਂ ਗਤੀਵਿਧੀਆਂ ’ਤੇ ਪੁਲਸ ਦੀ ਪੂਰੀ ਨਜ਼ਰ ਰੱਖ ਰਹੀ ਹੈ। ਜੇਕਰ ਕੋਈ ਸੋਸ਼ਲ ਮੀਡੀਆ ’ਤੇ ਗਲਤ ਪ੍ਰਚਾਰ ਕਰਦਾ ਹੈ ਤਾਂ ਉਸ ਦੀ ਜਗ੍ਹਾ ਸਲਾਖਾਂ ਪਿੱਛੇ ਹੈ।

Bharat Thapa

This news is Content Editor Bharat Thapa