ਖੁਦਕੁਸ਼ੀ ਲਈ ਮਜਬੂਰ ਕਰਨ ਵਾਲਿਆਂ ''ਚੋਂ 2 ਗ੍ਰਿਫਤਾਰ

06/19/2018 2:07:24 AM

ਬਠਿੰਡਾ(ਵਰਮਾ)-ਪ੍ਰਾਪਰਟੀ ਮਾਮਲੇ 'ਚ ਠੱਗੀ ਕਰ ਕੇ ਕਿਸਾਨ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਵਾਲੇ ਦੋ ਮੁਲਜ਼ਮਾਂ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਜਦਕਿ ਤੀਜਾ ਮੁਲਜ਼ਮ ਕਾਂਗਰਸ ਆਗੂ ਅਜੇ ਵੀ ਫਰਾਰ ਹੈ। ਮਿਲੀ ਜਾਣਕਾਰੀ ਅਨੁਸਾਰ 3 ਜੂਨ ਨੂੰ ਲਹਿਰਾ ਬੇਗਾ ਵਾਸੀ ਗੁਰਸੇਵਕ ਸਿੰਘ ਨੇ ਜ਼ਹਿਰੀਲੀ ਦਵਾਈ ਨਿਗਲ ਕੇ ਖੁਦਕੁਸ਼ੀ ਕਰ ਲਈ। ਪਿੱਛੇ ਛੱਡੇ ਆਪਣੇ ਸੁਸਾਈਡ ਨੋਟ 'ਚ ਉਸਨੇ ਇਸ ਮਾਮਲੇ 'ਚ ਤਿੰਨ ਲੋਕਾਂ ਨੂੰ ਦੋਸ਼ੀ ਠਹਿਰਾਇਆ। ਥਾਣਾ ਰਾਮਪੁਰਾ ਪੁਲਸ ਨੇ ਸੁਸਾਈਡ ਨੋਟ ਨੂੰ ਆਧਾਰ ਬਣਾ ਕੇ ਮਾਮਲਾ ਦਰਜ ਕੀਤਾ, ਜਿਸ 'ਚ ਡਾ. ਦਰਸ਼ਨ ਸਿੰਘ ਪੁੱਤਰ ਮੱਘਰ ਸਿੰਘ, ਹਰੀਸ਼ ਕੁਮਾਰ ਉਰਫ ਰੀਸ਼ੂ ਪੁੱਤਰ ਧਰਮਪਾਲ ਤੇ ਕਾਂਗਰਸੀ ਆਗੂ ਅਮਰਜੀਤ ਸ਼ਰਮਾ ਭਗਤਾ ਨੂੰ ਨਾਮਜ਼ਦ ਕੀਤਾ ਸੀ। ਪੁਲਸ ਨੇ 5 ਜੂਨ ਨੂੰ ਡਾ. ਦਰਸ਼ਨ ਸਿੰਘ ਨੂੰ ਗ੍ਰਿਫਤਾਰ ਕਰ ਕੇ ਜੇਲ ਭੇਜ ਦਿੱਤਾ ਸੀ ਜਦਕਿ ਸੋਮਵਾਰ ਨੂੰ ਦੂਜੇ ਮੁਲਜ਼ਮ ਹਰੀਸ਼ ਕੁਮਾਰ ਉਰਫ ਰੀਸ਼ੂ ਨੂੰ ਵੀ ਗ੍ਰਿਫਤਾਰ ਕਰ ਕੇ ਦੋ ਦਿਨਾਂ ਦਾ ਪੁਲਸ ਰਿਮਾਂਡ ਹਾਸਲ ਕੀਤਾ। ਤੀਜਾ ਮੁਲਜ਼ਮ ਕਾਂਗਰਸ ਆਗੂ ਅਮਰਜੀਤ ਸ਼ਰਮਾ ਜੋ ਅਜੇ ਵੀ ਫਰਾਰ ਹੈ, ਦੀ ਗ੍ਰਿਫਤਾਰੀ ਬਾਕੀ ਹੈ। 15 ਦਿਨ ਲੰਘਣ ਦੇ ਬਾਵਜੂਦ ਵੀ ਗੁਰਸੇਵਕ ਦੇ ਵਾਰਸਾਂ ਨੇ ਅਜੇ ਤੱਕ ਉਸਦਾ ਸਸਕਾਰ ਨਹੀਂ ਕੀਤਾ। ਉਨ੍ਹਾਂ ਦੀ ਮੰਗ ਹੈ ਕਿ ਜਦੋਂ ਤੱਕ ਮੁੱਖ ਦੋਸ਼ੀ ਅਮਰਜੀਤ ਸ਼ਰਮਾ ਗ੍ਰਿਫਤਾਰ ਨਹੀਂ ਹੁੰਦਾ, ਉਦੋਂ ਤੱਕ ਸਸਕਾਰ ਨਹੀਂ ਕੀਤਾ ਜਾਵੇਗਾ। ਵਾਰਸਾਂ ਨੇ ਸਾਥੀਆਂ ਸਮੇਤ ਥਾਣਾ ਰਾਮਪੁਰਾ ਸਿਟੀ ਅੱਗੇ ਧਰਨਾ ਲਾਇਆ ਹੋਇਆ ਹੈ ਜੋ ਅਜੇ ਤੱਕ ਜਾਰੀ ਹੈ। ਪੁਲਸ ਨੇ ਦਾਅਵਾ ਕੀਤਾ ਕਿ ਦੋ ਮੁਲਜ਼ਮ ਗ੍ਰਿਫਤਾਰ ਹੋ ਚੁੱਕੇ ਹਨ ਤੇ ਤੀਜੇ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।