315 ਬੋਰ ਦਾ ਪਿਸਤੌਲ ਤੇ ਜ਼ਿੰਦਾ ਕਾਰਤੂਸਾਂ ਸਮੇਤ 2 ਗ੍ਰਿਫਤਾਰ

04/26/2018 5:08:22 AM

ਖੰਨਾ(ਸੁਖਵਿੰਦਰ ਕੌਰ)-ਖੰਨਾ ਪੁਲਸ ਨੇ 2 ਨੌਜਵਾਨਾਂ ਨੂੰ 315 ਬੋਰ ਦਾ ਪਿਸਤੌਲ ਤੇ ਜ਼ਿੰਦਾ ਕਾਰਤੂਸਾਂ ਸਮੇਤ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਡੀ. ਐੱਸ. ਪੀ. ਖੰਨਾ ਜਗਵਿੰਦਰ ਸਿੰਘ ਚੀਮਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਗੱਲਬਾਤ ਕਰਦਿਆਂ ਦੱਸਿਆ ਕਿ ਡੀ. ਐੱਸ. ਪੀ. (ਆਈ) ਰਣਜੀਤ ਸਿੰਘ ਤੇ ਥਾਣਾ ਸਦਰ ਖੰਨਾ ਇੰਸਪੈਕਟਰ ਵਿਨੋਦ ਕੁਮਾਰ ਦੀ ਅਗਵਾਈ ਵਿਚ ਸਹਾਇਕ ਥਾਣੇਦਾਰ ਅਵਤਾਰ ਸਿੰਘ ਅਤੇ ਥਾਣੇਦਾਰ ਸੁਰਜੀਤ ਸਿੰਘ ਇੰਚਾਰਜ ਨਾਰਕੋਟਿਕ ਸੈੱਲ ਖੰਨਾ ਸ਼ੱਕੀ ਪੁਰਸ਼ਾਂ/ਵ੍ਹੀਕਲਾਂ ਦੀ ਚੈਕਿੰਗ ਸਬੰਧੀ ਗਸ਼ਤ ਦੌਰਾਨ ਪਿੰਡ ਬੁੱਲੇਪੁਰ ਕੋਲ ਜਾ ਰਹੇ ਸਨ। ਦੁਪਹਿਰ 1 ਵਜੇ ਬਿਰਧ ਆਸ਼ਰਮ ਦੀ ਕੰਧ ਨਾਲ ਸਫੈਦਿਆਂ ਹੇਠਾਂ ਬੈਠੇ 2 ਨੌਜਵਾਨਾਂ ਨੂੰ ਸ਼ੱਕ ਦੇ ਆਧਾਰ 'ਤੇ ਕਾਬੂ ਕਰ ਕੇ ਪੁੱਛਗਿੱਛ ਕੀਤੀ, ਜਿਸ 'ਚ ਇਕ ਨੌਜਵਾਨ ਨੇ ਆਪਣਾ ਨਾਂ ਸੋਮਨਾਥ ਪੁੱਤਰ ਸੋਹਣ ਲਾਲ ਵਾਸੀ ਪਿੰਡ ਰੁੜਕੀ ਥਾਣਾ ਗੁਰਾਇਆ ਤੇ ਦੂਸਰੇ ਨੌਜਵਾਨ ਨੇ ਆਪਣਾ ਨਾਂ ਅਯੂਸ਼ ਪੁੱਤਰ ਸੁਖਦੇਵ ਸਿੰਘ ਵਾਸੀ ਰੁੜਕਾ ਥਾਣਾ ਗੁਰਾਇਆ (ਜਲੰਧਰ) ਦੱਸਿਆ। ਦੋਵਾਂ ਦੀ ਤਲਾਸ਼ੀ ਕਰਨ 'ਤੇ ਇਕ ਪਿਸਤੌਲ ਦੇਸੀ 315 ਬੋਰ ਤੇ 2 ਜ਼ਿੰਦਾ ਕਾਰਤੂਸ ਬਰਾਮਦ ਹੋਏ, ਜਿਨ੍ਹਾਂ ਨੂੰ ਅਸਲਾ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ। ਮੁਲਜ਼ਮਾਂ ਕੋਲੋਂ ਡੂੰਘਾਈ ਨਾਲ ਕੀਤੀ ਜਾ ਰਹੀ ਪੁੱਛਗਿੱਛ ਦੌਰਾਨ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।