ਪੁਲਸ ਨੇ ਚੋਰ ਗਿਰੋਹ ਦੇ 4 ਮੈਂਬਰਾਂ ਨੂੰ ਕੀਤਾ ਕਾਬੂ

04/26/2018 3:57:47 AM

ਸੰਗਤ ਮੰਡੀ (ਮਨਜੀਤ)-ਥਾਣਾ ਨੰਦਗੜ੍ਹ ਦੀ ਪੁਲਸ ਵੱਲੋਂ ਪਿਛਲੇ ਦਿਨੀਂ ਪਿੰਡ ਬੰਬੀਹਾ ਵਿਖੇ ਖ਼ੇਤ ਵਾਲੇ ਕਮਰੇ ਦਾ ਤਾਲਾ ਤੋੜ ਕੇ ਸਾਮਾਨ ਚੋਰੀ ਕਰਨ ਵਾਲੇ ਚੋਰ ਗਿਰੋਹ ਦੇ 4 ਮੈਂਬਰਾਂ ਨੂੰ ਚੋਰੀ ਦੇ ਸਾਮਾਨ ਸਮੇਤ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਗਈ ਹੈ। ਥਾਣਾ ਨੰਦਗੜ੍ਹ ਦੇ ਮੁਖੀ ਪਰਮਿੰਦਰ ਸਿੰਘ ਨੇ ਦੱਸਿਆ ਕਿ ਪਿਛਲੀ 18 ਅਪ੍ਰੈਲ ਨੂੰ ਪਿੰਡ ਬੰਬੀਹਾ ਵਿਖੇ ਗੁਰਸੇਵਕ ਸਿੰਘ ਪੁੱਤਰ ਮਹਿੰਦਰ ਸਿੰਘ ਦੇ ਖ਼ੇਤ ਵਾਲੇ ਕਮਰੇ ਦਾ ਤਾਲਾ ਤੋੜ ਕੇ ਉਥੇ ਪਿਆ ਬੋਰ ਦਾ ਸਾਮਾਨ ਜਿਸ 'ਚ ਮੋਟਰ, ਲੋਰਿੰਗ, ਬਿਜਲੀ ਵਾਲੀ ਮੋਟੀ ਤਾਰ, ਯੂਰੀਆ ਖਾਦ ਦੇ ਦੋ ਗੱਟੇ, ਸਪਰੇਅ ਕਰਨ ਵਾਲੀ ਢੋਲੀ ਤੇ ਕਸੌਲੀ ਨੂੰ ਚੋਰੀ ਕਰ ਲਿਆ ਸੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਨੂੰ ਹੱਲ ਕਰਨ ਲਈ ਹੌਲਦਾਰ ਗੁਰਮੀਤ ਸਿੰਘ ਦੀ ਡਿਊਟੀ ਲਾਈ ਗਈ ਸੀ ਜੋ ਉਸੇ ਦਿਨ ਤੋਂ ਇਸ ਮਾਮਲੇ ਨੂੰ ਟਰੇਸ ਕਰਨ 'ਚ ਲੱਗੇ ਹੋਏ ਸਨ। ਉਨ੍ਹਾਂ ਵਲੋਂ ਇਸ ਮਾਮਲੇ ਨੂੰ ਹੱਲ ਕਰਦਿਆਂ ਪਿੰਡ ਦੇ ਹੀ ਚਾਰ ਵਿਅਕਤੀਆਂ ਅਮਰੀਕ ਸਿੰਘ, ਗੁਰਪ੍ਰੀਤ ਸਿੰਘ, ਸੁਖਮੰਦਰ ਸਿੰਘ ਤੇ ਗੋਰਾ ਸਿੰਘ ਨੂੰ ਕਾਬੂ ਕਰ ਲਿਆ। ਪੁਲਸ ਵੱਲੋਂ ਉਕਤ ਵਿਅਕਤੀਆਂ ਤੋਂ ਜਿਥੇ ਚੋਰੀ ਕੀਤਾ ਸਾਰਾ ਸਾਮਾਨ ਬਰਾਮਦ ਕਰਵਾਇਆ ਉਥੇ ਉਨ੍ਹਾਂ ਵੱਲੋਂ ਇਕ ਇੰਜਣ ਵੀ ਵੱਖਰੇ ਤੌਰ 'ਤੇ ਬਰਾਮਦ ਕਰਵਾਇਆ ਗਿਆ। ਪੁਲਸ ਵੱਲੋਂ ਗੁਰਸੇਵਕ ਸਿੰਘ ਪੁੱਤਰ ਮਹਿੰਦਰ ਸਿੰਘ ਦੇ ਬਿਆਨਾਂ 'ਤੇ ਉਕਤ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਹਵਾਲਾਤ 'ਚ ਬੰਦ ਕਰ ਦਿੱਤਾ ਗਿਆ ਹੈ।