ਸਨੈਚਿੰਗ ਦੀਆਂ ਵਾਰਦਾਤਾਂ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼

04/14/2018 5:55:51 AM

ਲੁਧਿਆਣਾ(ਰਿਸ਼ੀ)-ਨਸ਼ੇ ਦੀ ਪੂਰਤੀ ਲਈ ਸਨੈਚਿੰਗ ਦੀਆਂ ਵਾਰਦਾਤਾਂ ਕਰਨ ਵਾਲੇ ਗਿਰੋਹ ਦਾ ਥਾਣਾ ਡਵੀਜ਼ਨ ਨੰ. 4 ਦੀ ਪੁਲਸ ਵੱਲੋਂ ਪਰਦਾਫਾਸ਼ ਕੀਤਾ ਗਿਆ ਹੈ। ਪੁਲਸ ਨੇ ਗਿਰੋਹ ਦੇ 4 ਲੁਟੇਰਿਆਂ ਨੂੰ ਗ੍ਰਿਫਤਾਰ ਕਰ ਕੇ ਚੋਰੀਸ਼ੁਦਾ 39 ਮੋਬਾਇਲ ਫੋਨ ਅਤੇ ਵਾਰਦਾਤ ਵਿਚ ਵਰਤੇ ਜਾਣ ਵਾਲੇ 2 ਮੋਟਰਸਾਈਕਲ ਅਤੇ 1 ਐਕਟਿਵਾ ਬਰਾਮਦ ਕੀਤੀ ਹੈ। ਪੱਤਰਕਾਰ ਸੰਮੇਲਨ ਦੌਰਾਨ ਜਾਣਕਾਰੀ ਦਿੰਦੇ ਏ. ਡੀ. ਸੀ. ਪੀ.-1 ਗੁਰਪ੍ਰੀਤ ਸਿੰਘ ਅਤੇ ਇੰਸ. ਰਾਜਵੰਤ ਸਿੰਘ ਨੇ ਦੱਸਿਆ ਕਿ ਫੜੇ ਗਏ ਬਦਮਾਸ਼ਾਂ ਦੀ ਪਛਾਣ ਗੈਂਗ ਸਰਗਣਾ ਜਸਦੀਪ ਸਿੰਘ (24) ਨਿਵਾਸੀ ਸਰਦਾਰ ਨਗਰ, ਅਮਨਦੀਪ ਸਿੰਘ (23) ਨਿਵਾਸੀ ਨਗਰ, ਅਭੈ ਸ਼ਰਮਾ(22) ਨਿਵਾਸੀ ਪਿੰਡ ਸੁਨੇਤ ਅਤੇ ਸੋਨੂੰ ਕੁਮਾਰ (22) ਨਿਵਾਸੀ ਬਾੜੇਵਾਲ ਦੇ ਰੂਪ ਵਿਚ ਹੋਈ ਹੈ। ਹੁਣ ਤੱਕ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਸਾਰੇ ਨਸ਼ਾ ਕਰਨ ਦੇ ਆਦੀ ਹਨ ਅਤੇ ਨਸ਼ੇ ਦੀ ਪੂਰਤੀ ਦੇ ਲਈ ਸਨੈਚਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸਨ। ਸਾਰੇ ਇਕ-ਦੂਜੇ ਦੇ ਨਾਲ ਵੱਖ-ਵੱਖ ਸਥਾਨਾਂ 'ਤੇ ਵਾਰਦਾਤਾਂ ਕਰਦੇ ਆ ਰਹੇ ਹਨ। ਗੈਂਗ ਦਾ ਸਰਗਣਾ 15 ਦਿਨ ਪਹਿਲਾਂ ਹੀ ਜ਼ਮਾਨਤ 'ਤੇ ਬਾਹਰ ਆਇਆ ਹੈ ਅਤੇ ਆਉਂਦੇ ਹੀ 8 ਅਪ੍ਰੈਲ ਸ਼ਾਮ 5.15 ਵਜੇ ਆਈ. ਫੋਨ ਸਨੈਚ ਕਰ ਲਿਆ।  ਪੁਲਸ ਅਨੁਸਾਰ ਗਿਰੋਹ ਵਲੋਂ 5 ਮਹੀਨਿਆਂ 'ਚ 50 ਤੋਂ ਜ਼ਿਆਦਾ ਸਨੈਚਿੰਗ ਦੀਆਂ ਵਾਰਦਾਤਾਂ ਕੀਤੀਆਂ ਗਈਆਂ ਹਨ। ਪੁਲਸ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰ ਕੇ ਰਿਮਾਂਡ 'ਤੇ ਗੰਭੀਰਤਾ ਨਾਲ ਪੁੱਛਗਿੱਛ ਕਰੇਗੀ।
ਕਾਂਗਰਸੀ ਨੇਤਰੀ ਤੋਂ ਸਨੈਚਿੰਗ ਕਰਨ ਵਾਲਾ ਇਕ ਗ੍ਰਿਫਤਾਰ 
ਚੌਕੀ ਜਗਤਪੁਰੀ ਦੇ ਇੰਚਾਰਜ ਏ. ਐੱਸ. ਆਈ. ਕਪਿਲ ਕੁਮਾਰ ਦੇ ਅਨੁਸਾਰ ਬੀਤੇ ਦਿਨੀਂ ਸਕੂਲ ਤੋਂ ਘਰ ਵਾਪਸ ਐਕਟਿਵਾ 'ਤੇ ਜਾ ਰਹੀ ਕਾਂਗਰਸੀ ਨੇਤਰੀ ਤੋਂ ਘਰ ਦੇ ਬਾਹਰ ਜਿਨ੍ਹਾਂ ਦੋ ਮੋਟਰਸਾਈਕਲ ਸਵਾਰਾਂ ਵੱਲੋਂ ਲੁੱਟ ਦੀ ਕੋਸ਼ਿਸ਼ ਕੀਤੀ ਗਈ ਸੀ, ਉਨ੍ਹਾਂ 'ਚੋਂ ਇਕ ਸਨੈਚਰ ਅਭੈ ਸ਼ਰਮਾ ਹੈ, ਜਦੋਂਕਿ ਉਸ ਦਾ ਸਾਥੀ ਹੁਣ ਵੀ ਫਰਾਰ ਹੈ, ਜਿਸ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।