ਉੱਚ ਅਧਿਕਾਰੀਆਂ ਦੇ ਨਾਂ ''ਤੇ 1.5 ਲੱਖ ਰੁਪਏ ਲੈਣ ਵਾਲਾ ਨੌਸਰਬਾਜ਼ ਗ੍ਰਿਫਤਾਰ

04/08/2018 4:20:19 AM

ਲੁਧਿਆਣਾ(ਪੰਕਜ)-ਇਨਸਾਫ ਲੈਣ ਲਈ ਪੁਲਸ ਅਧਿਕਾਰੀਆਂ ਦੇ ਦਫਤਰਾਂ ਵਿਚ ਚੱਕਰ ਲਾਉਣ ਵਾਲੇ ਭੋਲੇ-ਭਾਲੇ ਪੀੜਤਾਂ ਨੂੰ ਆਪਣੀ ਉੱਚੀ ਪਹੁੰਚ ਤੇ ਅਧਿਕਾਰੀਆਂ ਨਾਲ ਨੇੜਲੇ ਸਬੰਧਾਂ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਵਸੂਲਣ ਵਾਲੇ ਨੌਸਰਬਾਜ਼ ਨੂੰ ਥਾਣਾ ਸ਼ਿਮਲਾਪੁਰੀ ਨੇ ਗ੍ਰਿਫਤਾਰ ਕੀਤਾ ਹੈ। ਕੇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ.ਡੀ.ਸੀ.ਪੀ-2 ਸੰਦੀਪ ਸ਼ਰਮਾ ਨੇ ਦੱਸਿਆ ਕਿ ਦਸਮੇਸ਼ ਨਗਰ ਨਿਵਾਸੀ ਅਜਮੇਰ ਸਿੰਘ ਪੁੱਤਰ ਹਰਬੰਸ ਸਿੰਘ ਨੇ ਸ਼ਿਕਾਇਤ ਦਿੰਦੇ ਹੋਏ ਦੱਸਿਆ ਕਿ ਨਗਰ ਨਿਗਮ ਵੱਲੋਂ ਸਕੂਟਰ ਮਾਰਕੀਟ ਦਾ ਕੰਮ ਕਰਨ ਵਾਲਿਆਂ ਨੂੰ ਹਾਈ ਕੋਰਟ ਦੇ ਹੁਕਮਾਂ 'ਤੇ ਦੁਕਾਨਾਂ ਅਲਾਟ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ। ਇਸ ਦੌਰਾਨ ਉਸ ਕੋਲ ਨੌਕਰੀ ਕਰਨ ਵਾਲੇ ਨੇ ਉਸ ਦੀ ਦੁਕਾਨ ਦੀ ਮੋਹਰ (ਨਾਨਕਸਰ ਆਟੋ ਡੀਲਰ) ਦੀ ਕਥਿਤ ਰੂਪ ਵਿਚ ਜਾਅਲੀ ਡੀਡ ਤਿਆਰ ਕਰ ਕੇ ਅਤੇ ਉਸ ਦੇ ਦਸਤਖ਼ਤ ਕਰ ਕੇ ਆਪਣੇ ਨਾਂ 'ਤੇ ਦੁਕਾਨ ਅਲਾਟ ਕਰਵਾ ਲਈ। ਇਸ ਦੀ ਜਾਣਕਾਰੀ ਮਿਲਣ 'ਤੇ ਉਸ ਨੇ ਏ. ਡੀ. ਸੀ. ਪੀ. (ਲਾਅ ਐਂਡ ਆਰਡਰ) ਨੂੰ ਇਸ ਦੀ ਸ਼ਿਕਾਇਤ ਦਿੱਤੀ। ਪੀੜਤ ਆਪਣੇ ਦੋਸਤ ਦਵਿੰਦਰ ਸਿੰਘ ਉਰਫ ਕੈਟੀ ਨੂੰ ਆਪਣੇ ਨਾਲ ਹੋਈ ਧੋਖਾਦੇਹੀ ਦੀ ਜਾਣਕਾਰੀ ਦਿੱਤੀ, ਜਿਸ ਨੇ ਉਸ ਨੂੰ ਦੁੱਗਰੀ ਵਿਚ ਪ੍ਰਾਪਰਟੀ ਡੀਲਰ ਦਾ ਕੰਮ ਕਰਨ ਵਾਲੇ ਅਮਰਦੀਪ ਸਿੰਘ ਉਰਫ ਫਤਿਹ ਪੁੱਤਰ ਕੁਲਦੀਪ ਸਿੰਘ ਨਾਲ ਮਿਲਵਾਇਆ। ਉਸ ਨੇ ਉਸ ਨੂੰ ਕਿਹਾ ਕਿ ਉਸ ਦੀ ਪੰਜਾਬ ਪੁਲਸ ਦੇ ਅਧਿਕਾਰੀਆਂ ਨਾਲ ਚੰਗੀ ਜਾਣ-ਪਛਾਣ ਹੈ। ਉਹ ਉਸ ਦੀ ਸ਼ਿਕਾਇਤ 'ਤੇ ਤੁਰੰਤ ਕਾਰਵਾਈ ਕਰਵਾ ਦੇਵੇਗਾ ਪਰ ਉਸ ਲਈ ਫੀਸ ਦੇਣੀ ਪਵੇਗੀ। ਫਤਿਹ ਨੇ ਪਰਚਾ ਦਰਜ ਕਰਵਾਉਣ ਬਦਲੇ 2 ਲੱਖ ਰੁਪਏ ਦੀ ਰਕਮ ਮੰਗੀ। ਨਾ ਚਾਹੁੰਦੇ ਹੋਏ ਵੀ ਉਸ ਨੇ ਮੁਲਜ਼ਮ ਨੂੰ ਡੇਢ ਲੱਖ ਦੀ ਰਕਮ ਅਦਾ ਕਰ ਦਿੱਤੀ। ਪੈਸੇ ਲੈਣ ਤੋਂ ਬਾਅਦ ਮੁਲਜ਼ਮ ਨੇ ਉਸ ਦੀ ਐੱਫ.ਆਈ.ਆਰ. ਤਾਂ ਕੀ ਕਰਵਾਉਣੀ ਸੀ, ਉਲਟਾ ਉਸ ਦਾ ਫੋਨ ਚੁੱਕਣਾ ਵੀ ਬੰਦ ਕਰ ਦਿੱਤਾ ਅਤੇ ਧਮਕਾਉਣਾ ਸ਼ੁਰੂ ਕਰ ਦਿੱਤਾ। ਏ.ਡੀ.ਸੀ.ਪੀ. ਸ਼ਰਮਾ ਨੇ ਦੱਸਿਆ ਕਿ ਪੀੜਤ ਵੱਲੋਂ ਦਿੱਤੀ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਪੁਲਸ ਨੇ ਫਤਿਹ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸ ਤੋਂ ਡੇਢ ਲੱਖ ਰੁਪਏ ਦੀ ਰਕਮ ਵੀ ਬਰਾਮਦ ਕਰ ਲਈ ਹੈ।
ਹੋਰ ਵੀ ਪੀੜਤ ਆਏ ਸਾਹਮਣੇ
ਸੂਤਰਾਂ ਦੀ ਮੰਨੀਏ ਤਾਂ ਮੁਲਜ਼ਮ ਇੰਨਾ ਸ਼ਾਤਰ ਹੈ ਕਿ ਉਸ ਨੇ ਕਈ ਵਿਅਕਤੀਆਂ ਨੂੰ ਇਸੇ ਤਰ੍ਹਾਂ ਝਾਂਸੇ ਵਿਚ ਲੈ ਕੇ ਪੁਲਸ ਅਧਿਕਾਰੀਆਂ ਦੇ ਨਾਂ 'ਤੇ ਲੱਖਾਂ ਰੁਪਏ ਲਏ ਹੋਏ ਹਨ। ਮੁਲਜ਼ਮ ਦੇ ਪੁਲਸ ਦੀ ਗ੍ਰਿਫਤ ਵਿਚ ਆਉਣ ਦੀ ਖ਼ਬਰ ਪਤਾ ਲਗਦੇ ਹੀ ਕਈ ਪੀੜਤ ਆਪਣੀ ਵਿੱਥਿਆ ਦੱਸਣ ਪੁਲਸ ਕੋਲ ਪੁੱਜਣੇ ਸ਼ੁਰੂ ਹੋ ਗਏ ਹਨ।