ਦੜਾ-ਸੱਟਾ ਲਾਉਣ ਦੇ ਦੋਸ਼ ''ਚ 18 ਗ੍ਰਿਫਤਾਰ

03/18/2018 5:50:14 AM

ਲੁਧਿਆਣਾ(ਪੰਕਜ)-ਸ਼ਹਿਰ 'ਚ ਲਾਟਰੀ ਦੀ ਆੜ ਵਿਚ ਦੜਾ-ਸੱਟਾ ਲਾ ਕੇ ਦਿਹਾੜੀਦਾਰਾਂ ਤੇ ਗਰੀਬ ਵਰਗ ਦੀ ਕਮਾਈ ਲੁੱਟਣ ਵਾਲਿਆਂ 'ਤੇ ਦੁੱਗਰੀ ਪੁਲਸ ਦੀ ਕਾਰਵਾਈ ਤੋਂ ਬਾਅਦ ਹਫੜਾ-ਦਫੜੀ ਮਚ ਗਈ ਹੈ। ਥਾਣੇ ਅਧੀਨ ਆਉਂਦੇ ਇਲਾਕਿਆਂ ਵਿਚ ਚਲ ਰਹੇ ਇਸ ਗੋਰਖਧੰਦੇ 'ਤੇ ਧਾਵਾ ਬੋਲਦਿਆਂ ਪੁਲਸ ਨੇ 18 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਥਾਣਾ ਮੁਖੀ ਗੁਰਬਚਨ ਸਿੰਘ ਦੀ ਅਗਵਾਈ 'ਚ ਪੁਲਸ ਪਾਰਟੀ ਨੇ ਦੁੱਗਰੀ ਮੁੱਖ ਮਾਰਕੀਟ ਤੋਂ ਇਲਾਵਾ ਨਾਲ ਲਗਦੇ ਇਲਾਕਿਆਂ ਵਿਚ ਲਾਟਰੀ ਦੀ ਆੜ ਵਿਚ ਸੱਟਾ ਲਾਉਣ ਵਾਲੇ ਪਾਰਸ, ਰਵਿੰਦਰ, ਲਛਮਣ, ਅਨਿਲ ਬਸਨੀਤ, ਰਾਹੁਲ, ਦੀਪਕ, ਪ੍ਰਿੰਸ, ਗਗਨਦੀਪ ਸਿੰਘ, ਗੁਰਜੀਤ ਸਿੰਘ, ਪੰਕਜ, ਹਰਮਨਜੀਤ ਸਿੰਘ, ਹਿਮਾਂਸ਼ੂ, ਜਸਵਿੰਦਰ, ਗਗਨਦੀਪ, ਰੋਹਿਤ ਸੱਗੂ, ਸਤਵਿੰਦਰ, ਸੁਰਜੀਤ ਸਿੰਘ, ਧਰਮਿੰਦਰ ਨੂੰ ਗ੍ਰਿਫਤਾਰ ਕੀਤਾ ਹੈ।
ਹਰ ਦੁਕਾਨ ਦਾ ਰੇਟ ਫਿਕਸ
ਜੇਕਰ ਜ਼ਮੀਨੀ ਹਕੀਕਤ ਨੂੰ ਸਮਝੀਏ ਤਾਂ ਇਸ ਧੰਦੇ ਵਿਚ ਲੱਗੇ ਦੁਕਾਨਦਾਰਾਂ ਦੀ ਰੱਖਿਆ ਕਰਨ ਵਾਲਿਆਂ ਨੂੰ ਹਰ ਮਹੀਨੇ ਤੈਅ ਫੀਸ ਦੇ ਨਾਲ ਇਕ ਸਾਥੀ ਵੀ ਦੇਣਾ ਪੈਂਦਾ ਹੈ, ਜੋ ਖੁਦ ਹੀ ਪੁਲਸ ਕੋਲ ਕੇਸ ਦਰਜ ਕਰਵਾਉਣ ਪਹੁੰਚ ਜਾਂਦਾ ਹੈ।
ਪ੍ਰਧਾਨ ਤੇ ਕੈਸ਼ੀਅਰ ਫਰਾਰ
ਅਚਾਨਕ ਪੁਲਸ ਪਾਰਟੀ ਵੱਲੋਂ ਕੀਤੀ ਗਈ ਛਾਪੇਮਾਰੀ ਦੌਰਾਨ ਸੱਟਾ ਲਗਵਾਉਣ ਵਾਲਿਆਂ ਦੀ ਐਸੋਸੀਏਸ਼ਨ ਦੇ ਪ੍ਰਧਾਨ ਤੇ ਕੈਸ਼ੀਅਰ ਮੌਕੇ ਤੋਂ ਭੱਜਣ ਵਿਚ ਸਫਲ ਹੋ ਗਏ ਪਰ ਪੁਲਸ ਨੇ ਦੋਵਾਂ ਦੀਆਂ ਦੁਕਾਨਾਂ ਤੋਂ ਨਕਦੀ ਤੇ ਮੋਬਾਇਲ ਬਰਾਮਦ ਕਰ ਕੇ ਉਨ੍ਹਾਂ ਨੂੰ ਨਾਮਜ਼ਦ ਕਰ ਲਿਆ ਹੈ।
27 ਹਜ਼ਾਰ ਦੀ ਨਕਦੀ ਤੇ 15 ਮੋਬਾਇਲ ਬਰਾਮਦ
ਫੜੇ ਗਏ ਮੁਲਜ਼ਮਾਂ ਕੋਲੋਂ ਪੁਲਸ ਨੇ 15 ਮੋਬਾਇਲ ਫੋਨ ਸਮੇਤ 27 ਹਜ਼ਾਰ 356 ਰੁਪਏ ਬਰਾਮਦ ਕੀਤੇ ਹਨ। ਮੁਲਜ਼ਮਾਂ ਦੀ ਗ੍ਰਿਫਤਾਰੀ ਉਪਰੰਤ ਥਾਣੇ ਵਿਚ ਮੇਲੇ ਵਰਗਾ ਮਾਹੌਲ ਸੀ।
ਸਿਫਾਰਸ਼ ਲਈ ਸੜਕ ਛਾਪ ਆਗੂ ਪਹੁੰਚੇ 
ਇਸ ਵਿਚ ਕੋਈ ਦੋ ਰਾਏ ਨਹੀਂ ਹਨ ਕਿ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਚਲ ਰਹੇ ਸੱਟਾ ਬਾਜ਼ਾਰ ਦੇ ਕਾਰੋਬਾਰ ਵਿਚ ਸਿਰਫ ਦੁਕਾਨਦਾਰ ਹੀ ਸ਼ਾਮਲ ਹਨ, ਇਥੇ ਹਰ ਮਹੀਨੇ ਉਨ੍ਹਾਂ ਨੂੰ ਕਈ ਖਾਕੀਧਾਰੀਆਂ ਨੂੰ ਕਥਿਤ ਤੌਰ 'ਤੇ ਤੈਅ ਫੀਸ ਚੁਕਾਉਣੀ ਪੈਂਦੀ ਹੈ, ਉਥੇ ਇਨ੍ਹਾਂ ਤੋਂ ਇਲਾਵਾ ਕਈ ਸੜਕ ਛਾਪ ਨੇਤਾ ਜੋ ਆਪਣੇ ਦਫਤਰਾਂ ਵਿਚ ਵੱਡੇ ਪੁਲਸ ਅਧਿਕਾਰੀਆਂ ਅਤੇ ਨੇਤਾਵਾਂ ਨਾਲ ਆਪਣੀ ਫੋਟੋ ਲਾ ਕੇ ਰੱਖਦੇ ਹਨ, ਉਨ੍ਹਾਂ ਨੂੰ ਵੀ ਪੈਰਵਾਈ ਕਰਨ ਲਈ ਮੁਲਜ਼ਮ ਨਿਸ਼ਚਿਤ ਫੀਸ ਭੇਜਦੇ ਹਨ। ਇਹੀ ਲੋਕ ਥਾਣੇ ਦੇ ਬਾਹਰ ਆਪਣੇ-ਆਪਣੇ ਕਰੀਬੀ ਨੂੰ ਛੁਡਵਾਉਣ ਦੀ ਜ਼ੋਰ ਅਜ਼ਮਾਇਸ਼ ਕਰਦੇ ਦੇਖੇ ਗਏ।
ਜੂਏ ਨਾਲ ਧੋਖਾਦੇਹੀ ਦੀ ਵੀ ਧਾਰਾ
ਫੜੇ ਗਏ ਮੁਲਜ਼ਮਾਂ 'ਤੇ ਗੈਬਲਿੰਗ ਐਕਟ ਤੋਂ ਇਲਾਵਾ ਧੋਖਾਦੇਹੀ ਦੀ ਵੀ ਧਾਰਾ ਲਾਈ ਗਈ ਹੈ, ਜੋ ਕਿ ਪੁਲਸ ਘੱਟ ਹੀ ਲਾਉਂਦੀ ਹੈ।