ਨਸ਼ੇ ਖਾਤਰ ਲੁੱਟ-ਖੋਹ ਕਰਨ ਵਾਲੇ ਗਿਰੋਹ ਦੇ ਸਰਗਣਾ ਸਣੇ 5 ਗ੍ਰਿਫਤਾਰ

03/17/2018 4:07:45 AM

ਲੁਧਿਆਣਾ(ਮਹੇਸ਼)-ਨਸ਼ੇ ਖਾਤਰ ਲੁੱਟ-ਖੋਹ ਦੀਆਂ ਇਕ ਦਰਜਨ ਦੇ ਲਗਭਗ ਵਾਰਦਾਤਾਂ ਨੂੰ ਅੰਜਾਮ ਦੇ ਕੇ ਸ਼ਹਿਰ 'ਚ ਦਹਿਸ਼ਤ ਦਾ ਮਾਹੌਲ ਪੈਦਾ ਕਰਨ ਵਾਲਾ ਗਿਰੋਹ ਆਖਿਰਕਾਰ ਪੁਲਸ ਦੇ ਹੱਥੇ ਚੜ੍ਹ ਹੀ ਗਿਆ। ਪੁਲਸ ਨੇ ਗਿਰੋਹ ਦੇ ਸਰਗਣਾ ਸਮੇਤ 5 ਮੈਂਬਰਾਂ ਨੂੰ ਕਾਬੂ ਕਰ ਕੇ ਉਨ੍ਹਾਂ ਦੇ ਕਬਜ਼ੇ 'ਚੋਂ 315 ਬੋਰ ਦਾ ਪਿਸਤੌਲ, 2 ਜ਼ਿੰਦਾ ਕਾਰਤੂਸ, 3 ਦਾਤਰ, ਲੋਹੇ ਦੀ ਇਕ ਰਾਡ, 11 ਮੋਬਾਇਲ ਅਤੇ 5000 ਦੀ ਨਕਦੀ ਅਤੇ 2 ਮੋਟਰਸਾਈਕਲ ਬਰਾਮਦ ਕੀਤੇ ਹਨ। ਫੜੇ ਦੋਸ਼ੀਆਂ ਦੀ ਸ਼ਨਾਖਤ ਗਿਰੋਹ ਦੇ ਸਰਗਣਾ ਹਰਦੀਪ ਸਿੰਘ ਉਰਫ ਦੀਪਾ, ਜੱਸੀ ਕੁਲਵਿੰਦਰ ਉਰਫ ਸਾਰੋ, ਗੁਰਦਿੱਤ ਸਿੰਘ ਗੀਤਾ, ਕੁਲਵਿੰਦਰ ਸਿੰਘ ਵਿੱਕੀ, ਜਸਵਿੰਦਰ ਸਿੰਘ ਹੈਪੀ ਦੇ ਰੂਪ ਵਿਚ ਹੋਈ ਹੈ। ਇਨ੍ਹਾਂ ਦੇ ਇਕ ਸਾਥੀ ਬੂਟਾ ਸਿੰਘ ਦੀ ਤਲਾਸ਼ ਕੀਤੀ ਜਾ ਰਹੀ ਹੈ। ਸਾਰੇ ਦੋਸ਼ੀ ਸਸਰਾਲੀ ਅਤੇ ਬੂਥਗੜ੍ਹ ਦੇ ਰਹਿਣ ਵਾਲੇ ਹਨ।  ਏ. ਡੀ. ਸੀ. ਪੀ. ਕ੍ਰਾਈਮ ਰਤਨ ਸਿੰਘ ਬਰਾੜ ਅਤੇ ਏ. ਸੀ. ਪੀ. ਕ੍ਰਾਈਮ ਸੁਰਿੰਦਰ ਮੋਹਨ ਨੇ ਦੱਸਿਆ ਕਿ ਸਾਰੇ ਦੋਸ਼ੀ ਨਸ਼ੇ ਦੇ ਆਦੀ ਹਨ। ਨਸ਼ੇ ਦੀ ਪੂਰਤੀ ਲਈ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਪੁੱਛਗਿੱਛ 'ਚ ਦੋਸ਼ੀਆਂ ਨੇ ਲੁੱਟ-ਖੋਹ ਦੀਆਂ 1 ਦਰਜਨ ਦੇ ਲਗਭਗ ਵਾਰਦਾਤਾਂ ਨੂੰ ਕਬੂਲਿਆ ਹੈ। ਸੁਰਿੰਦਰ ਸਿੰਘ ਨੇ ਦੱਸਿਆ ਕਿ ਇਸ ਗਿਰੋਹ ਨੇ ਪੁਲਸ ਦੀ ਨੱਕ 'ਚ ਦਮ ਕਰ ਰੱਖਿਆ ਸੀ। ਕਈ ਥਾਣਿਆਂ ਦੀ ਪੁਲਸ ਇਸ ਗਿਰੋਹ ਦੇ ਪਿਛੇ ਲੱਗੀ ਹੋਈ ਸੀ ਪਰ ਕ੍ਰਾਈਮ ਬਰਾਂਚ-1 ਦੇ ਇੰਚਾਰਜ ਪ੍ਰੇਮ ਸਿੰਘ ਦੀ ਟੀਮ ਨੇ ਇਨ੍ਹਾਂ ਨੂੰ ਫੜਨ 'ਚ ਕਾਮਯਾਬੀ ਹਾਸਲ ਕੀਤੀ। ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇਹ ਗਿਰੋਹ ਹਥਿਆਰਾਂ ਨਾਲ ਲੈਸ ਹੋ ਕੇ ਜੋਧੇਵਾਲ ਦੇ ਤਿਕੋਣਾ ਪਾਰਕ ਇਲਾਕੇ 'ਚ ਡਿਕੈਤੀ ਦੀ ਯੋਜਨਾ ਦੇ ਇਰਾਦੇ ਨਾਲ ਇਕੱਠੇ ਹੋਏ ਸਨ। ਜਿਸ 'ਤੇ ਪੁਲਸ ਸਰਗਰਮ ਹੋ ਗਈ ਅਤੇ ਇਨ੍ਹਾਂ ਨੂੰ ਦਬੋਚ ਲਿਆ ਗਿਆ, ਜਦੋਂਕਿ ਹੈਪੀ ਪੁਲਸ ਨੂੰ ਚਕਮਾ ਦੇ ਕੇ ਫਰਾਰ ਹੋਣ 'ਚ ਕਾਮਯਾਬ ਹੋ ਗਿਆ। ਉਨ੍ਹਾਂ ਦੱਸਿਆ ਕਿ ਫੜੇ ਸਾਰੇ ਦੋਸ਼ੀਆਂ ਦਾ ਅਪਰਾਧਕ ਰਿਕਾਰਡ ਹੈ। ਇਨ੍ਹਾਂ ਖਿਲਾਫ ਵੱਖ-ਵੱਖ ਥਾਣਿਆਂ 'ਚ ਕੇਸ ਦਰਜ ਹਨ। ਇਸ ਵਾਰ ਇਨ੍ਹਾਂ ਖਿਲਾਫ ਜੋਧੇਵਾਲ ਪੁਲਸ ਸਟੇਸ਼ਨ 'ਚ ਧਾਰਾ 399, 402, 411 ਅਤੇ ਆਰਮਜ਼ ਐਕਟ 25/54/59 ਦੇ ਤਹਿਤ ਕੇਸ ਦਰਜ ਕਰ ਕੇ ਦੋਸ਼ੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। 
ਸੂਰਜ ਢਲਦੇ ਹੀ ਹੋ ਜਾਂਦੇ ਸਨ ਸਰਗਰਮ 
ਏ. ਸੀ. ਪੀ. ਨੇ ਦੱਸਿਆ ਕਿ ਸੂਰਜ ਢਲਦੇ ਹੀ ਇਹ ਗਿਰੋਹ ਸਰਗਰਮ ਹੋ ਜਾਂਦਾ ਸੀ। ਸਤੁਲਜ ਦਰਿਆ ਅਤੇ ਉਸ ਦੇ ਆਸ-ਪਾਸ ਦਾ ਇਲਾਕਾ ਇਨ੍ਹਾਂ ਦੇ ਨਿਸ਼ਾਨੇ 'ਤੇ ਹੁੰਦਾ ਸੀ। ਰਸਤੇ ਵਿਚ ਜੋ ਵੀ ਰਾਹਗੀਰ ਮਿਲਦਾ ਸੀ, ਉਸ ਨੂੰ ਘੇਰ ਕੇ ਪਿਸਤੌਲ ਅਤੇ ਹੋਰ ਹਥਿਆਰਾਂ ਦੇ ਬਲ 'ਤੇ ਨਕਦੀ ਅਤੇ ਮੋਬਾਇਲ ਖੋਹ ਲੈਂਦੇ ਸੀ। ਲੁੱਟ ਤੋਂ ਹਾਸਲ ਹੋਏ ਪੈਸਿਆਂ ਨੂੰ ਇਹ ਨਸ਼ੇ 'ਚ ਉਡਾ ਦਿੱਤੇ ਸਨ। ਇਸ ਵਾਰ ਇਹ ਗਿਰੋਹ ਵੱਡਾ ਹੱਥ ਮਾਰਨ ਦੀ ਤਿਆਰੀ 'ਚ ਸੀ ਪਰ ਉਸ ਤੋਂ ਪਹਿਲਾਂ ਹੀ ਪੁਲਸ ਨੇ ਦਬੋਚ ਲਿਆ।