2.5 ਕਰੋੜ ਦੀ ਹੈਰੋਇਨ ਸਮੇਤ ਨਸ਼ਾ ਸਮੱਗਲਰ ਚੜ੍ਹਿਆ ਐੱਸ. ਟੀ. ਐੱਫ. ਦੇ ਹੱਥੇ

03/02/2018 5:12:47 AM

ਲੁਧਿਆਣਾ(ਅਨਿਲ)-ਅੱਜ ਐੱਸ. ਟੀ. ਐੱਫ. ਨੇ 2.5 ਕਰੋੜ ਰੁਪਏ ਦੀ ਹੈਰੋਇਨ ਸਮੇਤ ਇਕ ਸਮੱਗਲਰ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਮਾਮਲੇ ਸਬੰਧੀ ਐੱਸ. ਟੀ. ਐੱਫ. ਦੇ ਲੁਧਿਆਣਾ ਰੇਂਜ ਦੇ ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਸਲੇਮ ਟਾਬਰੀ ਇਲਾਕੇ ਦੇ ਨੇੜੇ ਬੁੱਢਾ ਨਾਲੇ ਕੋਲ ਟੀਮ ਗਸ਼ਤ 'ਤੇ ਸੀ। ਇਸ ਦੌਰਾਨ ਸਾਹਮਣੇ ਤੋਂ ਰਾਹਗੀਰ ਆਉਂਦਾ ਦਿਖਾਇਆ ਦਿੱਤਾ, ਜਦ ਉਸ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਹ ਸਬਜ਼ੀ ਮੰਡੀ ਵੱਲ ਭੱਜ ਗਿਆ ਪਰ ਟੀਮ ਨੇ ਮੁਸਤੈਦੀ ਦਿਖਾਉਂਦੇ ਹੋਏ ਉਸਨੂੰ ਘੇਰ ਲਿਆ। ਤਲਾਸ਼ੀ ਲੈਣ 'ਤੇ ਉਸਦੇ ਪਾਸੋਂ ਅੱਧਾ ਕਿਲੋ ਹੈਰੋਇਨ ਬਰਾਮਦ ਹੋਈ, ਜਿਸਦੀ ਅੰਤਰਰਾਸ਼ਟਰੀ ਬਾਜ਼ਾਰ 'ਚ 2.5 ਕਰੋੜ ਰੁਪਏ ਕੀਮਤ ਅੰਕੀ ਜਾ ਰਹੀ ਹੈ। ਦੋਸ਼ੀ ਦੀ ਪਛਾਣ ਜਸਵਿੰਦਰ ਸਿੰਘ ਪੁੱਤਰ ਜੋਗਿੰਦਰ ਸਿੰਘ ਨਿਵਾਸੀ ਪਿੰਡ ਮੱਗੋ ਪੱਟੀ ਹੁਸ਼ਿਆਰਪੁਰ ਵਜੋਂ ਹੋਈ ਹੈ। ਉਸ ਖਿਲਾਫ ਥਾਣਾ ਸਲੇਮ ਟਾਬਰੀ 'ਚ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਪਹਿਲਾਂ ਵੀ ਨਸ਼ਾ ਸਮੱਗਲਿੰਗ ਦੇ ਮਾਮਲੇ ਦਰਜ : ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਫੜੇ ਗਏ ਦੋਸ਼ੀ ਜਸਵਿੰਦਰ ਸਿੰਘ 'ਤੇ ਪਹਿਲਾਂ ਤੋਂ ਹੀ ਨਸ਼ਾ ਸਮੱਗਲਿੰਗ ਦੇ ਮਾਮਲੇ ਦਰਜ ਹਨ, ਜਿਸ 'ਤੇ ਦੋਸ਼ੀ 2 ਸਾਲ ਪਹਿਲਾਂ ਜ਼ਮਾਨਤ 'ਤੇ ਬਾਹਰ ਆਇਆ ਹੋਇਆ ਹੈ। ਉਨ੍ਹਾਂ ਨੇ ਦੱਸਿਆ ਕਿ ਪਹਿਲਾਂ ਦੋਸ਼ੀ ਚੂਰਾ ਪੋਸਤ ਦੀ ਸਮੱਗਲਿੰਗ ਕਰਦਾ ਸੀ ਪਰ ਚੂਰਾ ਪੋਸਤ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਰਿਸਕ ਰਹਿੰਦਾ ਸੀ। ਜਿਸ ਵਜ੍ਹਾ ਨਾਲ ਦੋਸ਼ੀ ਨੇ ਜੇਲ ਤੋਂ ਬਾਹਰ ਆ ਕੇ ਹੈਰੋਇਨ ਵੇਚਣ ਦਾ ਕੰਮ ਸ਼ੁਰੂ ਕਰ ਦਿੱਤਾ।
ਜਲੰਧਰ ਜ਼ਿਲੇ ਤੋਂ ਖੇਪ ਲੈ ਕੇ ਆਇਆ: ਹਰਬੰਸ ਸਿੰਘ ਨੇ ਦੱਸਿਆ ਕਿ ਦੋਸ਼ੀ ਪਿਛਲੇ 2-3 ਸਾਲ ਤੋਂ ਹੈਰੋਇਨ ਦੀ ਸਮੱਗਲਿੰਗ ਦਾ ਕੰਮ ਕਰਦਾ ਆ ਰਿਹਾ ਹੈ, ਜਦਕਿ ਅੱਜ ਉਹ ਹੈਰੋਇਨ ਦੀ ਖੇਪ ਜਲੰਧਰ ਜ਼ਿਲੇ ਦੇ ਇਕ ਪਿੰਡ ਤੋਂ ਲੈ ਕੇ ਆਇਆ। ਇਸ ਨੂੰ ਮਹਿੰਗੇ ਭਾਅ ਪਰਚੂਨ 'ਚ ਗਾਹਕਾਂ ਨੂੰ ਵੇਚਣ ਦਾ ਜਾ ਰਿਹਾ ਸੀ। ਦੋਸ਼ੀ ਖੁਦ ਵੀ ਨਸ਼ੇ ਦਾ ਆਦੀ ਹੈ। ਜੋ ਕਿ ਪਹਿਲਾਂ ਖਰੀਦ ਕੇ ਨਸ਼ਾ ਕਰਦਾ ਸੀ ਤੇ ਬਾਅਦ 'ਚ ਨਸ਼ਾ ਵੇਚਣ ਲੱਗ ਗਿਆ।
ਤਲਾਸ਼ੀ ਦੇਣ ਤੋਂ ਕੀਤੀ ਨਾਂਹ : ਅਧਿਕਾਰੀ ਨੇ ਦੱਸਿਆ ਕਿ ਜਸਵਿੰਦਰ ਸਿੰਘ ਪਿਛਲੇ ਲੰਮੇ ਸਮੇਂ ਤੋਂ ਨਸ਼ਾ ਸਮੱਗਲਿੰਗ ਕਰਦਾ ਆ ਰਿਹਾ ਹੈ। ਜਿਸਨੂੰ ਕਾਨੂੰਨ ਦੇ ਬਾਰੇ 'ਚ ਕਾਫੀ ਜਾਣਕਾਰੀ ਹੈ। ਜਦ ਪੁਲਸ ਟੀਮ ਨੇ ਉਸ ਨੂੰ ਫੜਨਾ ਤਾਂ ਤਲਾਸ਼ੀ ਦੇਣ ਤੋਂ ਨਾਂਹ ਕਰ ਦਿੱਤੀ। ਇਸਦੇ ਬਾਅਦ ਮੌਕੇ 'ਤੇ ਐੱਸ. ਟੀ. ਐੱਫ. ਦੇ ਡੀ.ਐੱਸ.ਪੀ. ਖੰਨਾ ਰਾਜੇਸ਼ ਕੁਮਾਰ ਕਪਿਲਸ਼ ਨੂੰ ਬੁਲਾਇਆ ਗਿਆ, ਜਿਨਾਂ ਦੀ ਮੌਜੂਦਗੀ 'ਚ ਦੋਸ਼ੀ ਦੀ ਤਲਾਸ਼ੀ ਲਈ ਗਈ। ਰਿਮਾਂਡ ਦੇ ਦੌਰਾਨ ਹੋਣਗੇ ਅਹਿਮ ਖੁਲਾਸੇ: ਹਰਬੰਸ ਸਿੰਘ ਨੇ ਦੱਸਿਆ ਕਿ ਦੋਸ਼ੀ ਨੂੰ ਅਦਾਲਤ 'ਚ ਪੇਸ਼ ਕਰ ਕੇ ਰਿਮਾਂਡ 'ਤੇ ਲੈ ਕੇ ਮਾਲੂਮ ਕੀਤਾ ਜਾਵੇਗਾ ਕਿ ਦੋਸ਼ੀ ਕਿਥੋਂ ਹੈਰੋਇਨ ਲੈ ਕੇ ਆਉਂਦਾ ਸੀ ਤੇ ਕਿਸ ਨੂੰ ਸਪਲਾਈ ਕਰਦਾ ਸੀ। ਉਨ੍ਹਾਂ ਨੇ ਦੱਸਿਆ ਕਿ ਉਸ ਦੇ ਹੋਰ ਸਾਥੀਆਂ ਦਾ ਪਤਾ ਲੱਗਣ 'ਤੇ ਉਨ੍ਹਾਂ ਨੂੰ ਵੀ ਸ਼ਾਮਿਲ ਕੀਤਾ ਜਾਵੇਗਾ।