ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਕਾਬੂ

02/11/2018 6:12:37 AM

ਲੁਧਿਆਣਾ(ਤਰੁਣ)-ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 2 ਦੋਸ਼ੀਆਂ ਨੂੰ ਥਾਣਾ ਡਵੀਜ਼ਨ ਨੰ. 3 ਦੀ ਪੁਲਸ ਨੇ ਕਾਬੂ ਕੀਤਾ ਹੈ। ਦੋਸ਼ੀਆਂ ਦੀ ਪਛਾਣ ਰੋਹਿਤ ਵਰਮਾ ਤੇ ਸਾਗਰ ਸ਼ਰਮਾ ਨਿਵਾਸੀ ਤਾਜਪੁਰ ਰੋਡ ਦੇ ਤੌਰ 'ਤੇ ਹੋਈ ਹੈ। ਦੋਸ਼ੀਆਂ ਤੋਂ 14 ਮੋਬਾਇਲ ਤੇ ਇਕ ਮੋਟਰਸਾਈਕਲ ਬਰਾਮਦ ਹੋਇਆ ਹੈ। ਉਕਤ ਖੁਲਾਸਾ ਪ੍ਰੈੱਸ ਕਾਨਫਰੰਸ ਰਾਹੀਂ ਏ.ਸੀ.ਪੀ. ਮਨਦੀਪ ਸਿੰਘ ਤੇ ਥਾਣਾ ਮੁਖੀ ਹਰਜਿੰਦਰ ਸਿੰਘ ਨੇ ਕੀਤਾ ਹੈ। ਥਾਣਾ ਮੁਖੀ ਹਰਜਿੰਦਰ ਸਿੰਘ ਨੇ ਦੱਸਿਆ ਕਿ 8 ਫਰਵਰੀ ਨੂੰ ਰੂਬਲ ਗੁਪਤਾ ਨਿਵਾਸੀ ਰਵਿਦਾਸਪੁਰਾ ਕਿਸੇ ਕੰਮ ਕਾਰਨ ਸ਼ਿੰਗਾਰ ਸਿਨੇਮਾ ਰੋਡ ਤੋਂ ਤਾਜਪੁਰ ਰੋਡ ਵੱਲ ਜਾ ਰਿਹਾ ਸੀ। ਰਸਤੇ 'ਚ ਮੋਟਰਸਾਈਕਲ ਸਵਾਰ ਦੋਵਾਂ ਦੋਸ਼ੀਆਂ ਨੇ ਰੂਬਲ ਦੇ ਹੱਥੋਂ ਮੋਬਾਇਲ ਖੋਹ ਲਿਆ ਤੇ ਫਰਾਰ ਹੋ ਗਏ। ਪੀੜਤ ਨੇ ਪੁਲਸ ਨੂੰ ਸੂਚਨਾ ਦਿੱਤੀ। ਜਿਸ ਦੇ ਬਾਅਦ ਪੁਲਸ ਨੇ ਸੀ.ਸੀ.ਟੀ.ਵੀ. ਫੁਟੇਜ ਹਾਸਲ ਕਰ ਕੇ ਦੋਸ਼ੀਆਂ ਨੂੰ ਫੜ ਲਿਆ। ਜਾਂਚ ਅਧਿਕਾਰੀ ਸੁਰਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀ ਤਾਜਪੁਰ ਰੋਡ, ਚੰਡੀਗੜ੍ਹ ਰੋਡ, ਸਮਰਾਲਾ ਚੌਕ, ਹਰਚਰਨ ਨਗਰ, ਧਾਂਦਰਾ ਰੋਡ, ਕ੍ਰਿਪਾਲ ਨਗਰ, ਸੁੰਦਰ ਨਗਰ, 32 ਸੈਕਟਰ, ਮੋਹਿਨੀ ਰਿਸੋਰਟ ਚੰਡੀਗੜ੍ਹ ਰੋਡ, ਮਾਧੋਪੁਰੀ ਇਲਾਕੇ 'ਚ ਹੋਈਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ। ਦੋਸ਼ੀਆਂ ਨੇ ਮੋਬਾਇਲ ਖੋਹਣ ਦੇ ਇਲਾਵਾ ਦੋ ਲੜਕੀਆਂ ਤੋਂ ਪਰਸ ਵੀ ਖੋਹੇ ਹਨ। ਪੁਲਸ ਨੇ ਦੋਸ਼ੀਆਂ ਖਿਲਾਫ ਕੇਸ ਦਰਜ ਕਰ ਲਿਆ ਹੈ। ਦੋਵਾਂ ਨੂੰ ਅਦਾਲਤ ਸਾਹਮਣੇ ਪੇਸ਼ ਕਰ ਕੇ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ।
ਮੋਬਾਇਲ ਖਰੀਦਣ ਵਾਲਾ ਹੋਇਆ ਫਰਾਰ
ਧਰਮਪੁਰਾ ਚੌਕੀ ਇੰਚਾਰਜ ਸੁਰਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀ ਰੋਹਿਤ ਤੇ ਸਾਗਰ ਮੋਬਾਇਲ ਖੋਹਣ ਦੇ ਬਾਅਦ ਸਲੇਮ ਟਾਬਰੀ ਇਲਾਕੇ ਦੇ ਰਹਿਣ ਵਾਲੇ ਸ਼ੈਂਕੀ ਛਾਬੜਾ ਨੂੰ ਮੋਬਾਇਲ ਵੇਚ ਦਿੰਦੇ ਸਨ। ਸ਼ੈਂਕੀ ਛਾਬੜਾ ਮੋਬਾਇਲਾਂ ਨੂੰ ਗੁੜ ਮੰਡੀ 'ਚ ਮਲਿਕ ਨਾਂ ਦੇ ਇਕ ਵਿਅਕਤੀ ਨੂੰ ਵੇਚ ਦਿੰਦਾ ਸੀ। ਜਿਸ ਦੇ ਬਾਅਦ ਮੋਬਾਇਲ ਦੇ ਈ.ਐੱਮ.ਆਈ. ਨੰਬਰ ਬਦਲ ਦਿੱਤੇ ਜਾਂਦੇ ਸਨ। ਇਸ ਸਿਲਸਿਲੇ 'ਚ ਬੀਤੇ ਦਿਨੀਂ ਥਾਣਾ ਡਵੀਜ਼ਨ ਨੰ. 3 ਦੀ ਪੁਲਸ ਨੇ ਗੁੜ ਮੰਡੀ 'ਚ ਰੇਡ ਕਰ ਕੇ 2 ਲੋਕਾਂ ਨੂੰ ਕਾਬੂ ਕੀਤਾ ਸੀ। ਫਿਲਹਾਲ ਦੋਸ਼ੀ ਸ਼ੈਂਕੀ ਫਰਾਰ ਹੈ।
14 ਵਾਰਦਾਤਾਂ ਹੋਈਆਂ ਹੱਲ
ਜਾਂਚ ਅਧਿਕਾਰੀ ਸੁਰਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਨੇ 50 ਤੋਂ ਵੱਧ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ। ਫਿਲਹਾਲ ਦੋਸ਼ੀਆਂ ਨੇ 14 ਵਾਰਦਾਤਾਂ ਕਬੂਲ ਕੀਤੀਆਂ ਹਨ। ਦੋਵੇਂ ਦੋਸ਼ੀ ਨਸ਼ਾ ਕਰਨ ਦੇ ਆਦੀ ਹਨ। ਨਸ਼ਾਪੂਰਤੀ ਲਈ ਹੀ ਦੋਵੇਂ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਰਹੇ। ਦੋਵਾਂ ਦੋਸ਼ੀਆਂ ਦੀ ਉਮਰ 24 ਸਾਲ ਦੇ ਕਰੀਬ ਹੈ। ਰੋਹਿਤ ਸ਼ਾਦੀਸ਼ੁਦਾ ਹੈ। ਜਿਸ 'ਤੇ ਪਹਿਲਾਂ ਵੀ ਲੁੱਟ-ਖੋਹ ਦੇ ਦੋਸ਼ 'ਚ ਕੇਸ ਦਰਜ ਹੈ।