ਡੇਢ ਕਿਲੋ ਅਫੀਮ ਸਣੇ ਮੋਟਰਸਾਈਕਲ ਚਾਲਕ ਕਾਬੂ

12/13/2017 5:05:31 AM

ਲੁਧਿਆਣਾ(ਰਾਮ)-ਥਾਣਾ ਜਮਾਲਪੁਰ ਦੀ ਪੁਲਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦੋਂ ਪੁਲਸ ਨੇ ਇਕ ਮੋਟਰਸਾਈਕਲ ਸਵਾਰ ਨੂੰ ਕਰੀਬ ਡੇਢ ਕਿਲੋ ਅਫੀਮ ਸਣੇ ਕਾਬੂ ਕਰ ਲਿਆ, ਜਿਸ ਖਿਲਾਫ ਪਹਿਲਾਂ ਵੀ ਨਸ਼ਾ ਸਮੱਗਲਿੰਗ ਦੇ ਤਿੰਨ ਮਾਮਲੇ ਲੁਧਿਆਣਾ ਦੇ ਵੱਖ-ਵੱਖ ਥਾਣਿਆਂ 'ਚ ਦਰਜ ਹਨ।  ਇਸ ਸਬੰਧ 'ਚ ਆਯੋਜਿਤ ਪ੍ਰੈੱਸ ਕਾਨਫਰੰਸ ਦੌਰਾਨ ਏ. ਡੀ. ਸੀ. ਪੀ.-4 ਰਾਜਵੀਰ ਸਿੰਘ, ਏ. ਸੀ. ਪੀ. ਸਾਹਨੇਵਾਲ ਹਰਕਮਲ ਕੌਰ ਨੇ ਦੱਸਿਆ ਕਿ ਜ਼ਿਲਾ ਪੁਲਸ ਵੱਲੋਂ ਥਾਣਾ ਮੁਖੀ ਅਵਤਾਰ ਸਿੰਘ ਦੀ ਅਗਵਾਈ ਹੇਠ ਭਾਮੀਆਂ ਰੋਡ 'ਤੇ ਤ੍ਰਿਕੋਣੀ ਪਾਰਕ ਨੇੜੇ ਨਾਕਾਬੰਦੀ ਕੀਤੀ ਹੋਈ ਸੀ ਕਿ ਇਸ ਦੌਰਾਨ ਥਾਣੇਦਾਰ ਸਤਨਾਮ ਸਿੰਘ ਨੇ ਇਕ ਮੋਟਰਸਾਈਕਲ ਹੀਰੋ ਹਾਂਡਾ ਪੈਸ਼ਨ-ਪ੍ਰੋ ਦੇ ਚਾਲਕ ਨੂੰ ਰੋਕ ਕੇ ਪੁੱਛਗਿੱਛ ਕੀਤੀ। ਜੋ ਅਚਾਨਕ ਪੁਲਸ ਦੀ ਪੁੱਛਗਿੱਛ ਦੌਰਾਨ ਘਬਰਾ ਗਿਆ। ਸ਼ੱਕ ਪੈਣ 'ਤੇ ਜਦੋਂ ਪੁਲਸ ਨੇ ਉਕਤ ਵਿਅਕਤੀ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਪੁਲਸ ਨੂੰ ਲਗਭਗ 1 ਕਿਲੋ 500 ਗ੍ਰਾਮ ਅਫੀਮ ਬਰਾਮਦ ਹੋਈ। ਉਕਤ ਵਿਅਕਤੀ ਮੌਕੇ 'ਤੇ ਅਫੀਮ ਦੇ ਸਬੰਧ 'ਚ ਕੋਈ ਪਰਮਿਟ ਜਾਂ ਲਾਇਸੈਂਸ ਪੇਸ਼ ਨਹੀਂ ਕਰ ਸਕਿਆ, ਜਿਸ ਨੇ ਪੁਲਸ ਵੱਲੋਂ ਥੋੜ੍ਹੀ ਸਖ਼ਤੀ ਨਾਲ ਪੁੱਛਗਿੱਛ ਕਰਨ 'ਤੇ ਮੰਨਿਆ ਕਿ ਉਹ ਸਾਲ 2013 ਤੋਂ ਅਫੀਮ ਦੀ ਸਮੱਗਲਿੰਗ ਦਾ ਧੰਦਾ ਕਰਦਾ ਆ ਰਿਹਾ ਹੈ, ਜੋ ਝਾਰਖੰਡ ਤੋਂ ਸਸਤੀ ਅਫੀਮ ਲਿਆ ਕੇ ਮਹਾਨਗਰ ਦੇ ਵੱਖ-ਵੱਖ ਇਲਾਕਿਆਂ 'ਚ ਮਹਿੰਗੇ ਰੇਟ 'ਤੇ ਗਾਹਕਾਂ ਨੂੰ ਸਪਲਾਈ ਕਰਦਾ ਸੀ।  ਏ. ਡੀ. ਸੀ. ਪੀ. ਰਾਜਵੀਰ ਸਿੰਘ ਅਤੇ ਏ. ਸੀ. ਪੀ. ਸਾਹਨੇਵਾਲ ਹਰਕਮਲ ਕੌਰ ਨੇ ਦੱਸਿਆ ਕਿ ਉਕਤ ਵਿਅਕਤੀ ਦੀ ਪਛਾਣ ਉਮਰਪਾਲ ਉਰਫ ਗੌਤਮ ਪੁੱਤਰ ਰਾਮ ਸਰੂਪ ਵਾਸੀ ਪਿੰਡ ਮੰਡੀਆਂ ਗੋਸ਼ਾਈ, ਸੁਜਾਨਪੁਰ, (ਯੂ. ਪੀ.) ਹਾਲ ਵਾਸੀ ਕਿਰਾਏਦਾਰ ਵਾਰਡ ਨੰ. 4, ਕੁਲਦੀਪ ਨਗਰ, ਬਸਤੀ ਜੋਧੇਵਾਲ, ਲੁਧਿਆਣਾ ਦੇ ਰੂਪ 'ਚ ਹੋਈ ਹੈ, ਜਿਸ ਖਿਲਾਫ ਥਾਣਾ ਜਮਾਲਪੁਰ 'ਚ ਐੱਨ. ਡੀ. ਪੀ. ਐੱਸ. ਐਕਟ ਤਹਿਤ ਮੁਕੱਦਮਾ ਦਰਜ ਕੀਤਾ ਹੈ। 
ਪਹਿਲਾਂ ਵੀ ਦਰਜ ਨੇ 3 ਕੇਸ
ਏ. ਡੀ. ਸੀ. ਪੀ. ਰਾਜਵੀਰ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਉਮਰਪਾਲ ਉਰਫ ਗੌਤਮ ਖਿਲਾਫ ਅਪ੍ਰੈਲ 2015 'ਚ ਥਾਣਾ ਫੋਕਲ ਪੁਆਇੰਟ 'ਚ ਇਕ ਕਿਲੋ ਅਫੀਮ, ਥਾਣਾ ਮੋਤੀ ਨਗਰ ਅੰਦਰ ਮਈ 2016 'ਚ ਅੱਧਾ ਕਿਲੋ ਅਫੀਮ ਅਤੇ ਥਾਣਾ ਮਾਡਲ ਟਾਊਨ ਅੰਦਰ ਜਨਵਰੀ 2017 'ਚ ਅੱਧਾ ਕਿਲੋ ਅਫੀਮ ਦੇ ਮੁਕੱਦਮੇ ਪਹਿਲਾਂ ਹੀ ਦਰਜ ਹਨ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਕਥਿਤ ਦੋਸ਼ੀ ਨੂੰ ਅਦਾਲਤ 'ਚ ਪੇਸ਼ ਕਰ ਕੇ ਰਿਮਾਂਡ 'ਤੇ ਲੈ ਕੇ ਇਸ ਦੇ ਹੋਰ ਸਾਥੀਆਂ ਅਤੇ ਗਾਹਕਾਂ ਬਾਰੇ ਪੁੱਛਗਿੱਛ ਕੀਤੀ ਜਾਵੇਗੀ।