ਜ਼ਮਾਨਤ ''ਤੇ ਆ ਕੇ ਫਿਰ ਕਰਨ ਲੱਗੇ ਲੁੱਟਾਂ-ਖੋਹਾਂ ਤੇ ਚੋਰੀਆਂ, ਦੋ ਕਾਬੂ

12/06/2017 3:54:36 AM

ਲੁਧਿਆਣਾ(ਰਾਮ)-ਥਾਣਾ ਡਵੀਜ਼ਨ ਨੰ. 7 ਦੀ ਪੁਲਸ ਨੇ ਦੋ ਨੌਜਵਾਨਾਂ ਨੂੰ ਨਾਕਾਬੰਦੀ ਦੌਰਾਨ ਚੋਰੀਸ਼ੁਦਾ ਮੋਟਰਸਾਈਕਲ ਅਤੇ ਮੋਬਾਇਲ ਫੋਨਾਂ ਸਣੇ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ, ਜਿਨ੍ਹਾਂ ਖਿਲਾਫ ਪੁਲਸ ਨੇ ਮੁਕੱਦਮਾ ਦਰਜ ਕਰ ਕੇ ਅੱਗੇ ਦੀ ਜਾਂਚ ਸ਼ੁਰੁ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣੇਦਾਰ ਅਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੀ ਪੁਲਸ ਪਾਰਟੀ ਸਮੇਤ ਤਾਜਪੁਰ ਰੋਡ 'ਤੇ ਨਾਕਾਬੰਦੀ 'ਤੇ ਮੌਜੂਦ ਸਨ। ਇਸ ਦੌਰਾਨ ਦੋ ਨੌਜਵਾਨ ਈ. ਡਬਲਯੂ. ਐੱਸ. ਕਾਲੋਨੀ ਵੱਲੋਂ ਆਉਂਦੇ ਵਿਖਾਈ ਦਿੱਤੇ। ਜਦੋਂ ਪੁਲਸ ਨੇ ਉਨ੍ਹਾਂ ਨੂੰ ਰੋਕ ਕੇ ਸ਼ੱਕ ਦੇ ਆਧਾਰ 'ਤੇ ਉਨ੍ਹਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਪਾਸੋਂ ਪੁਲਸ ਨੂੰ 10 ਮੋਬਾਇਲ ਫੋਨ ਬਰਾਮਦ ਹੋਏ। ਜਦੋਂ ਪੁਲਸ ਨੇ ਥੋੜ੍ਹਾ ਸਖ਼ਤੀ ਨਾਲ ਉਨ੍ਹਾਂ ਪਾਸੋਂ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਨੇ ਮੰਨਿਆ ਕਿ ਇਹ ਮੋਬਾਇਲ ਫੋਨ ਉਨ੍ਹਾਂ ਨੇ ਵੱਖ-ਵੱਖ ਥਾਵਾਂ ਤੋਂ ਚੋਰੀ ਕੀਤੇ ਹਨ, ਜੋ ਹੁਣ ਵੇਚਣ ਲਈ ਜਾ ਰਹੇ ਸਨ। ਜਦਕਿ ਉਨ੍ਹਾਂ ਪਾਸ ਮੌਜੂਦ ਮੋਟਰਸਾਈਕਲ ਵੀ ਕਥਿਤ ਚੋਰੀ ਦਾ ਨਿਕਲਿਆ। ਪੁਲਸ ਅਨੁਸਾਰ ਉਕਤ ਦੋਵਾਂ ਦੀ ਪਛਾਣ ਜਗਦੀਪ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਮੂੰਡੀਆਂ ਖੁਰਦ, ਲਛਮਣ ਨਗਰ ਅਤੇ ਚਿੰਟੂ ਉਰਫ ਤੇਜਰਾਮ ਪੁੱਤਰ ਚੰਦਰਪਾਲ ਵਾਸੀ ਮੂੰਡੀਆਂ ਖੁਰਦ ਦੇ ਰੂਪ 'ਚ ਹੋਈ ਪੁਲਸ ਵੱਲੋਂ ਮਾਮਲੇ ਸਬੰਧੀ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।  ਜਾਂਚ ਅਧਿਕਾਰੀ ਅਰਵਿੰਦਰ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਉਕਤ ਦੋਵਾਂ ਖਿਲਾਫ ਥਾਣਾ ਜਮਾਲਪੁਰ 'ਚ ਪਹਿਲਾਂ ਹੀ ਚੋਰੀਆਂ ਅਤੇ ਲੁੱਟਾਂ-ਖੋਹਾਂ ਦਾ ਇਕ ਮਾਮਲਾ ਦਰਜ ਹੈ, ਜਿਸ 'ਚ ਉਹ ਜ਼ਮਾਨਤ 'ਤੇ ਰਿਹਾਅ ਹੋ ਕੇ ਬਾਹਰ ਆਏ ਹਨ, ਜਿਨ੍ਹਾਂ ਨੇ ਬਾਹਰ ਆਉਂਦੇ ਹੀ ਫਿਰ ਤੋਂ ਚੋਰੀਆਂ ਅਤੇ ਲੁੱਟਾਂ-ਖੋਹਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਪਾਸੋਂ ਬਰਾਮਦ ਮੋਟਰਸਾਈਕਲ ਵੀ ਉਨ੍ਹਾਂ ਨੇ ਵਿਸ਼ਾਲ ਮੈਗਾ ਮਾਰਟ ਦੇ ਨਜ਼ਦੀਕ ਤੋਂ ਚੋਰੀ ਕੀਤਾ ਸੀ।