ਪੁਲਸ ਹੱਥ ਲੱਗੀ ਸਫਲਤਾ 50 ਲੱਖ ਦੀ ਹੈਰੋਇਨ ਸਣੇ ਨੌਜਵਾਨ ਗ੍ਰਿਫਤਾਰ

11/22/2017 5:07:35 AM

ਲੁਧਿਆਣਾ(ਅਨਿਲ)– ਐੱਸ. ਟੀ. ਐੱਫ. ਟੀਮ ਨੇ ਬੀਤੀ ਰਾਤ ਇਕ ਨੌਜਵਾਨ ਨੂੰ 50 ਲੱਖ ਦੀ ਹੈਰੋਇਨ ਸਣੇ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ।  ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਟੀ. ਐੱਫ. ਦੇ ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਸਬ-ਇੰਸਪੈਕਟਰ ਜਸਪਾਲ ਸਿੰਘ ਦੀ ਪੁਲਸ ਪਾਰਟੀ ਪਿੰਡ ਖਵਾਜਕੇ 'ਚ ਰਾਹੋਂ ਰੋਡ ਵੱਲ ਗਸ਼ਤ 'ਤੇ ਸੀ। ਇਸ ਦੌਰਾਨ ਸਾਹਮਣੇ ਤੋਂ ਪੈਦਲ ਆ ਰਹੇ ਇਕ ਨੌਜਵਾਨ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਜਦ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਪਲਾਸਟਿਕ ਦੇ ਲਿਫਾਫੇ 'ਚ 100 ਗ੍ਰਾਮ ਹੈਰੋਇਨ ਮਿਲੀ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ 50 ਲੱਖ ਰੁਪਏ ਦੀ ਕੀਮਤ ਬਣਦੀ ਦੱਸੀ ਜਾ ਰਹੀ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਫੜੇ ਗਏ ਨੌਜਵਾਨ ਦੀ ਪਛਾਣ ਸਾਰਜ ਸਿੰਘ ਪੁੱਤਰ ਬਲਵਿੰਦਰ ਸਿੰਘ ਨਿਵਾਸੀ ਪਿੰਡ ਰਾਜੋਕੇ ਪੱਟੀ ਤਰਨਤਾਰਨ ਦੇ ਰੂਪ ਵਿਚ ਹੋਈ ਹੈ। ਉਸ ਖਿਲਾਫ ਥਾਣਾ ਮੇਹਰਬਾਨ 'ਚ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। 
ਪਾਕਿਸਤਾਨ ਦੇ ਸਮੱਗਲਰਾਂ ਤੋਂ ਲਿਆਉਂਦਾ ਸੀ ਹੈਰੋਇਨ
ਹਰਬੰਸ ਸਿੰਘ ਨੇ ਦੱਸਿਆ ਕਿ ਹੈਰੋਇਨ ਸਣੇ ਫੜੇ ਗਏ ਸਾਰਜ ਸਿੰਘ ਦੀ ਉਮਰ ਕਰੀਬ 20-22 ਸਾਲ ਹੈ। ਸਾਰਜ ਬਾਰਡਰ ਤੋਂ ਪਾਕਿਸਤਾਨ ਦੇ ਸਮੱਗਲਰਾਂ ਤੋਂ ਹੈਰੋਇਨ ਖਰੀਦ ਕੇ ਇਥੇ ਸਪਲਾਈ ਕਰਦਾ ਸੀ। ਉਨ੍ਹਾਂ ਦੱਸਿਆ ਕਿ ਸਾਰਜ ਦੇ ਤਾਰ ਪਾਕਿਸਤਾਨੀ ਸਮੱਗਲਰਾਂ ਨਾਲ ਜੁੜੇ ਹੋਏ ਹਨ। ਅੱਜ ਉਸ ਨੂੰ ਅਦਾਲਤ 'ਚ ਪੇਸ਼ ਕਰ ਕੇ 3 ਦਿਨ ਦਾ ਰਿਮਾਂਡ ਲਿਆ ਗਿਆ ਹੈ।